ਤਲਵੰਡੀ ਸਾਬੋ ਨਗਰ ਪੰਚਾਇਤ ਚੋਣ, 17 ਕਵਰਿੰਗ ਸਣੇ ਕੁੱਲ 25 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਲਏ ਵਾਪਸ

12/09/2017 1:20:39 PM

ਤਲਵੰਡੀ ਸਾਬੋ (ਮੁਨੀਸ਼)-17 ਦਸੰਬਰ ਨੂੰ ਹੋਣ ਜਾ ਰਹੀ ਨਗਰ ਪੰਚਾਇਤ ਤਲਵੰਡੀ ਸਾਬੋ ਦੀ ਚੋਣ ਲਈ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਵੱਖ-ਵੱਖ ਪਾਰਟੀਆਂ ਦੇ 17 ਕਵਰਿੰਗ ਉਮੀਦਵਾਰਾਂ ਸਣੇ ਕੁੱਲ 25 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਅਤੇ ਚੋਣ ਮੈਦਾਨ 'ਚ ਹੁਣ ਕੁੱਲ 37 ਉਮੀਦਵਾਰ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ। ਨਾਮਜ਼ਦਗੀਆਂ ਵਾਪਸ ਲੈਣ ਵਾਲਿਆਂ 'ਚ ਸ਼੍ਰੋਮਣੀ ਅਕਾਲੀ ਦਲ ਦੇ 2 ਅਤੇ ਆਮ ਆਦਮੀ ਪਾਰਟੀ ਦੇ 1 ਉਮੀਦਵਾਰ ਦਾ ਵੀ ਨਾਂ ਹੈ। 
ਇਥੇ ਦੱਸਣਾ ਬਣਦਾ ਹੈ ਕਿ ਬੀਤੇ ਕੱਲ ਕਾਗਜ਼ਾਂ ਦੀ ਪੜਤਾਲ ਦੌਰਾਨ ਤਿੰਨ ਉਮੀਦਵਾਰਾਂ ਦੇ ਕਾਗਜ਼ ਲੋੜੀਂਦੇ ਦਸਤਾਵੇਜ਼ ਨਾ ਹੋਣ ਕਾਰਨ ਰੱਦ ਕਰ ਦਿੱਤੇ ਗਏ ਸਨ ਤੇ ਚੋਣ ਮੈਦਾਨ 'ਚ ਕੁੱਲ 62 ਉਮੀਦਵਾਰ ਰਹਿ ਗਏ ਸਨ ਪਰ ਅੱਜ ਕਾਂਗਰਸ ਦੇ 13 ਅਤੇ ਅਕਾਲੀ-ਭਾਜਪਾ ਗਠਜੋੜ ਦੇ 4 ਕਵਰਿੰਗ ਉਮੀਦਵਾਰਾਂ ਸਣੇ ਕੁੱਲ 25 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲੈਣ ਕਾਰਨ ਚੋਣ ਮੈਦਾਨ 'ਚ 37 ਉਮੀਦਵਾਰ ਆਪਣੀ ਕਿਸਮਤ ਅਜ਼ਮਾਈ ਕਰਨਗੇ। 
ਉਕਤ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ-ਕਮ-ਐੱਸ. ਡੀ. ਐੱਮ. ਤਲਵੰਡੀ ਸਾਬੋ ਨੇ ਦੱਸਿਆ ਕਿ ਅੱਜ ਨਾਮਜ਼ਦਗੀਆਂ ਵਾਪਸ ਲੈਣ ਵਾਲਿਆਂ 'ਚ ਦੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਇਕ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਸ਼ਾਮਲ ਹੈ। ਕਾਂਗਰਸ ਦੇ ਬਾਕੀ 14, ਸ਼੍ਰੋਮਣੀ ਅਕਾਲੀ ਦਲ ਦੇ 11, ਭਾਜਪਾ ਦੇ 2, ਆਮ ਆਦਮੀ ਪਾਰਟੀ ਦੇ 4, ਸੀ. ਪੀ. ਆਈ. (ਐੱਮ) ਦਾ ਇਕ ਅਤੇ 5 ਆਜ਼ਾਦ ਉਮੀਦਵਾਰ ਮੈਦਾਨ 'ਚ ਰਹਿ ਗਏ ਹਨ।


Related News