ਹਰਸਿਮਰਤ ਵੱਲੋਂ ਸਿੱਧੂ ਅਤੇ ਖਹਿਰਾ ਨੂੰ ਸੋਚ-ਸਮਝ ਕੇ ਬੋਲਣ ਦੀ ਸਲਾਹ (ਵੀਡੀਓ)
Monday, Feb 18, 2019 - 11:44 AM (IST)
ਤਲਵੰਡੀ ਸਾਬੋ(ਮਨੀਸ਼)— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਖਹਿਰਾ 'ਤੇ ਜ਼ੋਰਦਾਰ ਹਮਲਾ ਬੋਦਲਿਆਂ ਸੋਚ-ਸਮਝ ਕੇ ਬੋਲਣ ਦੀ ਸਲਾਹ ਦਿੱਤੀ ਹੈ। ਬੀਬਾ ਬਾਦਲ ਦਾ ਕਹਿਣਾ ਹੈ ਕਿ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਕਾਂਗਰਸ ਦਾ ਮੰਤਰੀ ਹੀ ਦੇਸ਼ ਦੀ ਗੱਲ ਘੱਟ ਅਤੇ ਦੁਸ਼ਮਣਾਂ ਦੀ ਗੱਲ ਜ਼ਿਆਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਦਾ ਸਿਰਫ ਰਾਹੁਲ ਗਾਂਧੀ ਹੀ ਦੇ ਸਕਦੇ ਹਨ ਕਿ ਉਨ੍ਹਾਂ ਦੀ ਕੀ ਮਜਬੂਰੀ ਹੈ ਕਿ ਉਹ ਅਜਿਹੇ ਮੰਤਰੀ ਦੀ ਟਿੱਪਣੀ ਦਾ ਖੰਡਨ ਕਿਉਂ ਨਹੀਂ ਕਰ ਸਕਦੇ। ਇੱਥੋਂ ਤੱਕ ਰਾਜਾ ਸਾਹਬ ਵੀ ਇਸ ਦਾ ਖੰਡਨ ਨਹੀਂ ਕਰ ਰਹੇ ਹਨ।
ਇਸ ਦੌਰਾਨ ਖਹਿਰਾ 'ਤੇ ਵਰ੍ਹਦੇ ਹੋਏ ਬੀਬਾ ਬਾਦਲ ਨੇ ਕਿਹਾ ਕਿ ਜਿਨ੍ਹਾਂ ਫੌਜੀ ਜਵਾਨਾਂ ਦੀ ਬਦੌਲਤ ਆਮ ਜਨਤਾ ਆਰਾਮ ਦੀ ਨੀਂਦ ਸੌਂ ਰਹੀ ਹੈ, ਅੱਜ ਉਸ ਫੌਜ ਦਾ ਮਨੋਬਲ ਘੱਟ ਕਰਨ ਲਈ ਅਜਿਹੇ ਦੋਸ਼ ਲਗਾਏ ਜਾ ਰਹੇ ਹਨ। ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਬੀਬਾ ਬਾਦਲ ਨੇ ਕਿਹਾ ਕਿ ਅਜਿਹੇ ਸਮੇਂ ਵਿਚ ਸਭ ਨੂੰ ਫੌਜ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਉਨ੍ਹਾਂ 'ਤੇ ਅਜਿਹੇ ਦੋਸ਼ ਲਗਾਉਣੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਇਤਰਾਜ਼ੋਗ ਬਿਆਨ ਦੇ ਕੇ ਸਿੱਧੂ ਤੇ ਖਹਿਰਾ ਦੋਵੇਂ ਹੀ ਜਨਤਾ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ। ਸਿੱਧੂ ਨੇ ਪਾਕਿਸਤਾਨ 'ਤੇ ਸਖਤ ਕਾਰਵਾਈ ਕਰਨ ਦੀ ਥਾਂ ਗੱਲਬਾਤ ਕਰਨ ਤੇ ਖਹਿਰਾ ਨੇ ਕਸ਼ਮੀਰ 'ਚ ਆਰਮੀ ਦੀ ਕਾਰਵਾਈ 'ਤੇ ਸਵਾਲ ਖੜੇ ਕੀਤੇ ਸਨ। ਬੇਝਿਜਕ ਕਹਿ ਸਕਦੇ ਹਾਂ ਕਿ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ।