ਗ੍ਰਿਫਤਾਰੀ ਤੋਂ ਬਾਅਦ ਦਾਦੂਵਾਲ ਦਾ ਪਹਿਲਾ ਬਿਆਨ (ਵੀਡੀਓ)

10/19/2019 12:33:44 PM

ਤਲਵੰਡੀ ਸਾਬੋ (ਮੁਨੀਸ਼) : ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਬੀਤੇ ਦਿਨ ਹੋਈ ਗ੍ਰਿਫਤਾਰੀ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪੰਜਾਬ ਦੇ ਵਿੱਤ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਦੀ ਗ੍ਰਿਫਤਾਰੀ ਮਨਪ੍ਰੀਤ ਸਿੰਘ ਬਾਦਲ ਦੇ ਇਸ਼ਾਰੇ 'ਤੇ ਹੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦਾਦੂਵਾਲ ਸ਼ੁੱਕਰਵਾਰ ਨੂੰ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨਾਂ ਲਈ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜੇ ਸਨ ਅਤੇ ਵਾਪਸੀ ਦੌਰਾਨ ਪੁਲਸ ਨੇ ਐੱਸ. ਪੀ. ਸੁਰਿੰਦਰਪਾਲ ਸਿੰਘ ਦੀ ਅਗਵਾਈ 'ਚ ਜਥੇ. ਦਾਦੂਵਾਲ ਅਤੇ ਉਨ੍ਹਾਂ ਦੇ ਤਿੰਨ ਸਾਥੀ ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ ਤੇ ਕੁਲਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਦੇਰ ਸ਼ਾਮ ਉਨ੍ਹਾਂ ਨੂੰ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਅੱਗੇ ਪੇਸ਼ ਕੀਤਾ ਗਿਆ ਗਿਆ, ਜਿੱਥੇ ਜ਼ਮਾਨਤ ਹੋ ਗਈ ਸੀ ਪਰ ਸ਼ਾਂਤੀ ਭੰਗ ਹੋਣ ਨੂੰ ਲੈ ਕੇ ਉਨ੍ਹਾਂ ਨੂੰ 23 ਅਕਤੂਬਰ ਤੱਕ ਜੇਲ ਭੇਜ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਸਿਵਲ ਲਾਈਨ ਕਲੱਬ ਅਤੇ ਗੁਰੂ ਨਾਨਕ ਲਾਇਬ੍ਰੇਰੀ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ 'ਚ ਰੱਫੜ ਚੱਲ ਰਿਹਾ ਹੈ। ਦੋਵੇਂ ਧਿਰਾਂ ਕਲੱਬ 'ਤੇ ਆਪਣਾ-ਆਪਣਾ ਹੱਕ ਜਤਾ ਰਹੀਆਂ ਹਨ। ਇਕ ਧਿਰ ਨੇ ਮੁਤਵਾਜੀ ਜਥੇ. ਬਲਜੀਤ ਸਿੰਘ ਦਾਦੂਵਾਲ ਨੂੰ ਗੁਰੂ ਨਾਨਕ ਲਾਇਬ੍ਰੇਰੀ ਅਤੇ ਕਲੱਬ ਦਾ ਸਰਪ੍ਰਸਤ ਥਾਪ ਦਿੱਤਾ ਸੀ, ਜਿਸ ਤੋਂ ਬਾਅਦ ਦਾਦੂਵਾਲ ਉਕਤ ਧੜੇ ਦੀ ਅਗਵਾਈ ਕਰ ਰਹੇ ਹਨ, ਜਦੋਂ ਕਿ ਦੂਜੇ ਪਾਸੇ ਕਲੱਬ ਉੱਪਰ ਇਕ ਹੋਰ ਗਰੁੱਪ ਆਪਣਾ ਹੱਕ ਜਤਾ ਰਿਹਾ ਹੈ। ਜਥੇ. ਦਾਦੂਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰ ਕੇ 20 ਅਕਤੂਬਰ ਨੂੰ ਕਲੱਬ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਮਾਗਮ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਿਵਲ ਲਾਈਨ ਕਲੱਬ 'ਤੇ ਧਾਰਾ 145 ਲਾ ਕੇ ਇਸ ਨੂੰ ਆਪਣੇ ਅਧੀਨ ਕਰ ਲਿਆ ਹੈ। ਕਲੱਬ ਦੇ ਦੋਵੇਂ ਪਾਸੇ ਪੁਲਸ ਨੇ ਬੈਰੀਕੇਡ ਲਾ ਕੇ ਸਖਤ ਨਾਕਾਬੰਦੀ ਕੀਤੀ ਹੋਈ ਹੈ।


cherry

Content Editor

Related News