ਵਾਹ ਬੀਬਾ ਜੀ! ਅਸੀਂ ਪਾਉਂਦੇ ਰਹੇ ਦੁਸ਼ਮਣੀ! ਤੁਸੀਂ ਸੱਦ ਲਏ ਕੈਪਟਨ, ਸੁਖਬੀਰ ਤੇ ਮਜੀਠੀਆ ਵਿਆਹ 'ਚ!

Friday, May 10, 2019 - 11:11 AM (IST)

ਤਲਵੰਡੀ ਸਾਬੋ (ਮੁਨੀਸ਼) : 'ਆਪ' ਦੇ ਉਮੀਦਵਾਰਾਂ ਨੂੰ ਵੀ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਹਾਲਾਤ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਨੂੰ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੇਖਣੇ ਪਏ ਜਿੱਥੇ ਉਨ੍ਹਾਂ ਨੂੰ ਵਰਕਰਾਂ ਦੇ ਸਵਾਲਾਂ ਦੇ ਜਵਾਬ ਦੇਣੇ ਵੀ ਔਖੇ ਹੋ ਗਏ।

ਜਾਣਕਾਰੀ ਅਨੁਸਾਰ ਪ੍ਰੋ. ਬਲਜਿੰਦਰ ਕੌਰ ਚੋਣ ਪ੍ਰਚਾਰ ਲਈ ਪਿੰਡ ਜੀਵਨ ਸਿੰਘ ਵਾਲਾ ਵਿਖੇ ਪਹੁੰਚੇ ਹੋਏ ਸਨ ਅਤੇ ਤਕਰੀਰ ਦੇ ਰਹੇ ਸਨ ਕਿ ਪਿੰਡ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਪਿਛਲੇ ਢਾਈ ਸਾਲ ਉਨ੍ਹਾਂ ਦੀ ਸਾਰ ਨਾ ਲੈਣ ਦਾ ਰੋਸ ਜਾਹਰ ਕਰਦਿਆਂ ਇੱਥੋਂ ਤੱਕ ਮਿਹਣਾ ਮਾਰ ਦਿੱਤਾ ਕਿ ਉਹ ਤਾਂ 'ਆਪ' ਲਈ ਪਿੰਡਾਂ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨਾਲ ਦੁਸ਼ਮਣੀਆਂ ਪਾਉਂਦੇ ਰਹੇ ਗਏ ਤੇ ਤੁਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਖੁਦ ਸ਼ਗਨ ਲੈਣ ਲਈ ਪਹੁੰਚ ਗਏ ਅਤੇ ਇੱਥੋਂ ਤੱਕ ਕਿ ਜਿਹੜੇ ਬਾਦਲ ਪਰਿਵਾਰ ਨੂੰ ਪਾਣੀ ਪੀ-ਪੀ ਕੋਸਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਵਿਆਹ 'ਚ ਵੀ ਸੱਦਿਆ ਗਿਆ ਜਦੋਂ ਕਿ ਹਲਕੇ ਦੇ ਵੋਟਰਾਂ ਨੂੰ ਤਾਂ ਸੱਦਾ ਵੀ ਨਹੀਂ ਦਿੱਤਾ। ਇਨ੍ਹਾਂ ਮਿਹਣਿਆਂ ਦਾ ਬੀਬਾ ਵਲੋਂ ਕੋਈ ਜਵਾਬ ਨਾ ਦਿੱਤਾ ਗਿਆ। ਵਰਕਰਾਂ ਦਾ ਕਹਿਣਾ ਸੀ ਕਿ ਜਿਸ ਪਾਰਟੀ ਲਈ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰ ਕੇ ਜਿੱਤ ਦਿਵਾਈ ਤੇ ਹੁਣ ਐੱਮ. ਐੱਲ. ਏ. ਵਰਕਰਾਂ ਦੀ ਹੀ ਪੁੱਛ ਪੜਤਾਲ ਨਹੀਂ ਕਰ ਰਹੇ। ਪ੍ਰੋ. ਬਲਜਿੰਦਰ ਕੌਰ ਨਾਲ ਵਰਕਰਾਂ ਦੀ ਹੋਈ ਤਲਖੀ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ ਮਾਮਲੇ ਸਬੰਧੀ ਜਦੋਂ ਵਿਧਾਇਕਾ ਨਾਲ ਸੰਪਰਕ ਕਰਨਾ ਚਾਹਿਆ ਤਾਂ ਫੋਨ ਰਿਸੀਵ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਸਪੀਚ ਕਰ ਰਹੇ ਹਨ।


author

cherry

Content Editor

Related News