ਅੱਤ ਦੀ ਗਰਮੀ ਦੌਰਾਨ ਲੂ ਲੱਗਣ ਦਾ ਖ਼ਤਰਾ, ਪੱਲੇ ਬੰਨ੍ਹ ਲਓ ਸਿਹਤ ਮਹਿਕਮੇ ਦੀਆਂ ਹਿਦਾਇਤਾਂ

Tuesday, Jun 13, 2023 - 03:45 PM (IST)

ਅੱਤ ਦੀ ਗਰਮੀ ਦੌਰਾਨ ਲੂ ਲੱਗਣ ਦਾ ਖ਼ਤਰਾ, ਪੱਲੇ ਬੰਨ੍ਹ ਲਓ ਸਿਹਤ ਮਹਿਕਮੇ ਦੀਆਂ ਹਿਦਾਇਤਾਂ

ਸੁਲਤਾਨਪੁਰ ਲੋਧੀ (ਧੀਰ) : ਪੰਜਾਬ ’ਚ ਗਰਮੀ ਦਾ ਕਹਿਰ ਜਾਰੀ ਹੈ ਤੇ ਲੋਕ ਘਰਾਂ ’ਚ ਰਹਿਣ ਲਈ ਮਜਬੂਰ ਹਨ। ਉਧਰ ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਦੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਬਾਜ਼ਾਰਾਂ ’ਚ ਸੰਨਾਟਾ ਪਸਰਿਆ ਹੋਇਆ ਸੀ। ਸੜਕਾਂ ’ਤੇ ਵੀ ਗਰਮੀ ਕਾਰਨ ਆਵਾਜਾਈ ਘੱਟ ਨਜ਼ਰ ਆਈ। ਲੋਕ ਆਪਣੇ ਮੂੰਹ-ਸਿਰ ਕੱਪੜਿਆਂ ਨਾਲ ਢੱਕ ਕੇ ਜਾ ਰਹੇ ਸਨ ਅਤੇ ਕਈ ਛਾਂ ਲਈ ਛੱਤਰੀ ਦਾ ਸਹਾਰਾ ਲੈ ਕੇ ਜਾਂਦੇ ਨਜ਼ਰ ਆਏ।

ਇਹ ਵੀ ਪੜ੍ਹੋ :  ਪੰਜਾਬ 'ਚ ਗਰਮੀ ਦੀ ਤਪਸ਼ ਕਾਰਨ ਝੁਲਸਣ ਲੱਗੇ ਲੋਕ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

ਆਮ ਤੌਰ ’ਤੇ ਲੋਕ ਇਸ ਨੂੰ ਹਲਕੇ ’ਚ ਲੈਂਦੇ ਹਨ ਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਲੂ ਲੱਗ ਹੀ ਨਹੀਂ ਸਕਦੀ ਪਰ ਇਕ ਰਿਪੋਰਟ ਦੇ ਅਨੁਸਾਰ ਲੂ ਲੱਗਣਾ (ਹੀਟ ਸਟ੍ਰੋਕ) ਬਹੁਤ ਖ਼ਤਰਨਾਕ ਬੀਮਾਰੀ ਹੈ। ਬੱਚਿਆਂ ਤੇ ਬਜ਼ੁਰਗਾਂ, ਮੋਟਾਪੇ ਤੋਂ ਪੀੜਤ ਲੋਕ, ਦਿਲ ਦੇ ਮਰੀਜ਼, ਸਰੀਰਕ ਰੂਪ ਨਾਲ ਕਮਜ਼ੋਰ ਲੋਕ, ਕੁਝ ਵਿਸ਼ੇਸ਼ ਦਵਾਈਆਂ, ਜਿਨ੍ਹਾਂ ਦਾ ਸਰੀਰ ਦੇ ਰਸਾਇਣਾਂ ਜਾਂ ਖ਼ੂਨ ਦੀਆਂ ਨਾੜੀਆਂ ’ਤੇ ਅਸਰ ਪੈਂਦਾ ਹੈ, ਨੂੰ ਖਾਣ ਵਾਲੇ ਲੋਕਾਂ ਨੂੰ ਗਰਮੀ ਲੱਗਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਦੇ ਇਲਾਵਾ ਮਜ਼ਦੂਰ ਵਰਗ, ਦਿਹਾੜੀਦਾਰ ਤੇ ਬੇਘਰ ਹੋ ਕੇ ਸੜਕਾਂ ਤੇ ਰੇਲਵੇ ਸਟੇਸ਼ਨਾਂ ’ਤੇ ਰਹਿਣ ਵਾਲੇ ਲੋਕ ਵੀ ਇਸ ਦਾ ਜਲਦੀ ਸ਼ਿਕਾਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ :  IELTS ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਟੱਡੀ ਪਰਮਿਟ ਦੀਆਂ ਸ਼ਰਤਾਂ ’ਚ ਹੋਇਆ ਬਦਲਾਅ

ਸਿਹਤ ਵਿਭਾਗ ਲੋਕਾਂ ਨੂੰ ਲੂ ਤੋਂ ਬਚਣ ਲਈ ਕਰ ਰਿਹੈ ਜਾਗਰੂਕ 

ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾ. ਰਵਿੰਦਰ ਪਾਲ ਸ਼ੁਭ ਨੇ ਦੱਸਿਆ ਕਿ ਗਰਮ ਹਵਾਵਾਂ ਸਾਡੀ ਤ੍ਰੇਹ (ਪਿਆਸ) ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਖ਼ਾਸ ਕਰ ਕੇ ਅੱਖਾਂ ਤੇ ਚਮੜੀ ਨੂੰ ਪੂਰੀ ਤਰਾਂ ਝੁਲਸਾ ਦਿੰਦੀਆਂ ਹਨ। ਜ਼ਿਆਦਾ ਗਰਮੀ ਹੋਣ ’ਤੇ ਸਾਡਾ ਸਰੀਰ ਪਸੀਨੇ ਦੇ ਰੂਪ ’ਚ ਗਰਮੀ ਬਾਹਰ ਕੱਢਦਾ ਹੈ ਤੇ ਤਾਪਮਾਨ ਨੂੰ ਨਿਯੰਤ੍ਰਿਤ ਰੱਖਦਾ ਹੈ, ਜਿਸ ਨਾਲ ਸਰੀਰ ’ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਇਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਸਰੀਰ ਬਾਹਰ ਦੇ ਤਾਪਮਾਨ ਦੇ ਸਾਮਾਨ ਗਰਮ ਹੋ ਜਾਂਦਾ ਹੈ, ਜਿਸ ਨੂੰ ਲੂ ਲੱਗਣਾ ਕਹਿੰਦੇ ਹਾਂ ਜੋ ਹੀਟ ਸਟ੍ਰੋਕ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਲੂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ।

ਗਰਮੀ ਜਾਂ ਲੂ ਲੱਗਣ ਦੇ ਲੱਛਣ

1. ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ
2. ਚੱਕਰ ਖਾ ਕੇ ਡਿੱਗ ਪੈਣਾ
3. ਬੇਚੈਨੀ ਤੇ ਘਬਰਾਹਟ
4. ਹਲਕਾ ਜਾਂ ਤੇਜ਼ ਬੁਖਾਰ
5. ਜੀਅ ਖ਼ਰਾਬ ਹੋਣਾ
6. ਲੋੜ ਤੋਂ ਜ਼ਿਆਦਾ ਪਿਆਸ ਲੱਗਣਾ
7. ਸਿਰ ’ਚ ਤੇਜ਼ ਦਰਦ ਤੇ ਉਲਟੀਆਂ ਆਉਣਾ
8. ਕਮਜ਼ੋਰੀ ਮਹਿਸੂਸ ਹੋਣਾ
9. ਗਰਮੀ ਕਰਕੇ ਪਿੱਤ ਦਾ ਹੋਣਾ
10. ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ
11. ਮਾਸਪੇਸ਼ੀਆਂ ’ਚ ਦਰਦ
12. ਲਾਲ, ਗਰਮ ਤੇ ਖੁਸ਼ਕ ਚਮੜੀ

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਖੇਤੀਬਾੜੀ ਨੂੰ ਲੈ ਕੇ ਇੱਕ ਹੋਰ ਵੱਡਾ ਕਦਮ, ਕਿਸਾਨਾਂ 'ਚ ਖ਼ੁਸ਼ੀ ਦੀ ਲਹਿਰ

ਖ਼ਤਰਨਾਕ ਸਥਿਤੀ

1. ਤੇਜ਼ ਬੁਖਾਰ ਜੋ 40 ਡਿਗਰੀ ਸੈਲਸੀਅਸ ਜਾਂ 104-105 ਡਿਗਰੀ ਫਾਰਨਹਾਈਟਕ ਤੋਂ ਜ਼ਿਆਦਾ ਹੋਵੇ
2. ਸਰੀਰ ਦੇ ਗਰਮ ਹੋਣ ’ਤੇ ਪਸੀਨਾ ਆਉਣਾ ਬੰਦ ਹੋ ਜਾਵੇ ਤੇ ਚਮੜੀ ਰੁੱਖੀ ਹੋ ਜਾਵੇ
3. ਮਰੀਜ਼ ਦਾ ਬੇਹੋਸ਼ ਹੋ ਜਾਣਾ, ਘਬਰਾਹਟ ਹੋਣਾ

ਲੂ ਦੇ ਲੱਛਣ ਨਜ਼ਰ ਆਉਣ ’ਤੇ ਕੀ ਕੀਤਾ ਜਾਵੇ

-ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ
-ਵਿਅਕਤੀ ਦੇ ਕੱਪੜੇ ਢਿੱਲੇ ਕਰ ਦਿੱਤੇ ਜਾਣ
-ਵਿਅਕਤੀ ਨੂੰ ਪੀਣ ਲਈ ਤਰਲ ਪਦਾਰਥ ਦਿੱਤੇ ਜਾਣ
-ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਲਈ ਠੰਢੇ ਪਾਣੀ ਦੀਆਂ ਪੱਟੀਆਂ ਕੀਤੀਆਂ ਜਾਣ
-ਠੰਡੇ ਪਾਣੀ ਨਾਲ ਭਰੇ ਬਾਥਟੱਬ 'ਚ ਮਰੀਜ਼ ਨੂੰ ਗਲੇ ਤੱਕ ਲਿਟਾਇਆ ਜਾ ਸਕਦਾ ਹੈ
-ਬੁਖਾਰ ਨੂੰ ਘੱਟ ਕਰਨ ਲਈ ਡਾਕਟਰ ਦੀ ਸਲਾਹ ਤੋਂ ਬਿਨਾਂ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ
-ਮਰੀਜ਼ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਲੈ ਕੇ ਜਾਇਆ ਜਾਵੇ

ਇਹ ਵੀ ਪੜ੍ਹੋ : ਬੀਮਾਰੀਆਂ ਢੋਅ ਰਹੇ ਪੰਜਾਬੀ! ਗਰਭ ’ਚੋਂ ਬੀਮਾਰੀ ਲੈ ਕੇ ਜਨਮਿਆ ਬੱਚਾ ਅਗਲੇ ਵੰਸ਼ ਨੂੰ ਦੇ ਜਾਂਦੈ ਰੋਗ

ਇਸ ਤਰ੍ਹਾਂ ਕਰੋ ਬਚਾਅ

-ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਵੇ ਤਾਂ ਜ਼ਿਆਦਾ ਮਾਤਰਾ ਵਿਚ ਪਾਣੀ ਪੀਤਾ ਜਾਵੇ
-ਸੂਤੀ, ਹਲਕੇ ਤੇ ਆਰਾਮਦਾਇਕ ਕੱਪੜੇ ਪਾ ਕੇ ਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ
- ਤਰਲ ਪਦਾਰਥਾਂ ਜਿਵੇਂ ਪਾਣੀ, ਲੱਸੀ, ਓ. ਆਰ. ਐੱਸ. ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕਰਨਾ
-ਦੁਪਹਿਰ ਦੇ ਵੇਲੇ ਘਰ ਤੋਂ ਬਾਹਰ ਲੋੜ ਪੈਣ ’ਤੇ ਹੀ ਨਿਕਲਿਆ ਜਾਵੇ

ਕੀ ਨਾ ਕੀਤਾ ਜਾਵੇ

1. ਖ਼ਾਲੀ ਢਿੱਡ ਘਰੋਂ ਬਾਹਰ ਨਾ ਨਿਕਲਿਆ ਜਾਵੇ
2. ਜ਼ਿਆਦਾ ਮਿਰਚ ਤੇ ਮਸਾਲੇਦਾਰ ਭੋਜਨ ਤੋਂ ਪ੍ਰਹੇਜ ਕੀਤਾ ਜਾਵੇ
3. ਕੂਲਰ ਜਾਂ ਏ.ਸੀ. ਵਾਲੇ ਕਮਰੇ ’ਚ ਬੈਠਣ ਤੋਂ ਬਾਅਦ ਇਕ ਦਮ ਧੁੱਪ ’ਚ ਨਾ ਨਿਕਲਿਆ ਜਾਵੇ
4. ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News