ਟੀ. ਬੀ. ਦੇ ਮਰੀਜ਼ਾਂ ਦਾ ਅੰਕੜਾ ਪ੍ਰਾਪਤ ਕਰਨ ''ਚ ਸਿਹਤ ਵਿਭਾਗ ਫੇਲ

02/18/2018 2:36:15 AM

ਮੋਗਾ,   (ਸੰਦੀਪ)-  ਪ੍ਰਾਈਵੇਟ ਹਸਪਤਾਲ ਪ੍ਰਬੰਧਕਾਂ ਵੱਲੋਂ ਟੀ. ਬੀ. ਮਰੀਜ਼ਾਂ ਦੇ ਕੀਤੇ ਜਾਂਦੇ ਇਲਾਜ ਦਾ ਅੰਕੜਾ ਸਿਹਤ ਵਿਭਾਗ ਨੂੰ ਮੁਹੱਈਆ ਨਾ ਕਰਵਾਉਣ ਕਾਰਨ ਸਿਹਤ ਵਿਭਾਗ ਲਈ ਵੱਡੀ ਸਮੱਸਿਆ ਬਣੀ ਹੋਈ ਹੈ।  ਸਿਹਤ ਵਿਭਾਗ ਵੱਲੋਂ ਪਿਛਲੇ ਦਿਨੀਂ ਕਿਸੇ ਵੀ ਟੀ. ਬੀ. ਦੇ ਸ਼ੱਕੀ ਮਰੀਜ਼ ਦੀ ਇਸ ਤੋਂ ਪੀੜਤ ਹੋਣ ਦੀ ਪੁਸ਼ਟੀ ਕਰਨ ਲਈ ਸੀ. ਬੀ. ਨਾਟ ਮਸ਼ੀਨ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਟੀ. ਬੀ. ਸੈਕਸ਼ਨ 'ਚ ਲਾਂਚ ਕੀਤੀ ਗਈ ਸੀ। ਵਿਭਾਗ ਵੱਲੋਂ ਪ੍ਰਾਈਵੇਟ ਹਸਪਤਾਲ ਸੰਚਾਲਕਾਂ ਨੂੰ ਵੀ ਉਨ੍ਹਾਂ ਕੋਲ ਪਹੁੰਚਣ ਵਾਲੇ ਟੀ. ਬੀ. ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਤੇ ਇਸ ਬੀਮਾਰੀ ਦੀ ਪੁਸ਼ਟੀ ਕਰਵਾਉਣ ਲਈ ਇਸ ਮਸ਼ੀਨ ਦਾ ਲਾਭ ਲੈ ਕੇ ਮੁਫਤ ਇਲਾਜ ਕਰਵਾਉਣ ਦੀ ਅਪੀਲ ਕੀਤੀ ਗਈ ਸੀ ਪਰ ਪ੍ਰਾਈਵੇਟ ਹਸਪਤਾਲ ਸੰਚਾਲਕਾਂ ਦਾ ਇਸ ਪ੍ਰਤੀ ਵੀ ਉਦਾਸੀਨ ਰਵੱਈਆ ਹੀ ਹੈ, ਇਥੇ ਇਹ ਵੀ ਦੱਸਣਾ ਬਣਦਾ ਹੈ ਜੇਕਰ ਕੋਈ ਵੀ ਮਰੀਜ਼ ਟੀ. ਬੀ. ਹੋਣ ਦੀ ਪੁਸ਼ਟੀ ਕਰਵਾਉਣ ਲਈ ਪ੍ਰਾਈਵੇਟ ਹਸਪਤਾਲ ਜਾਂ ਲੈਬਾਂ ਤੋਂ ਟੈਸਟ ਕਰਵਾਉਂਦਾ ਹੈ ਤਾਂ ਉਸ ਲਈ ਉਨ੍ਹਾਂ ਨੂੰ 3 ਹਜ਼ਾਰ ਰੁਪਏ ਤੱਕ ਅਦਾ ਕਰਨੇ ਪੈਂਦੇ ਹਨ, ਜੇਕਰ ਇਹ ਹੀ ਟੈਸਟ ਸਰਕਾਰੀ ਹਸਪਤਾਲ 'ਚ ਕਰਵਾਇਆ ਜਾਵੇ ਤਾਂ ਇਸ ਦੀ ਕੋਈ ਫੀਸ ਨਹੀਂ ਲੱਗਦੀ, ਇਹ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ।  ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਸਰਕਾਰੀ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਜ਼ਿਲੇ 'ਚ ਟੀ. ਬੀ. ਦੇ ਮਰੀਜ਼ਾਂ ਦੀ ਗਿਣਤੀ 700 ਤੋਂ ਜ਼ਿਆਦਾ ਹੈ। ਪ੍ਰਾਈਵੇਟ ਹਸਪਤਾਲਾਂ ਦਾ ਅੰਕੜਾ ਨਾ ਹੋਣ ਕਾਰਨ ਇਹ ਅੰਕੜਾ ਅਧੂਰਾ ਹੈ।


Related News