ਸਵਾਈਨ ਫਲੂ ਤੋਂ ਪੀੜਤ 2 ਹੋਰ ਮਰੀਜ਼ ਹਸਪਤਾਲ ''ਚ ਦਾਖਲ

02/18/2018 1:18:28 PM

ਫਿਰੋਜ਼ਪੁਰ (ਕੁਮਾਰ, ਮਨਦੀਪ) - ਜ਼ਿਲੇ 'ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ ਅਤੇ ਫਿਰੋਜ਼ਪੁਰ ਦੇ ਸ਼ਹੀਦ ਅਨਿਲ ਬਾਗੀ ਹਸਪਤਾਲ ਵੱਲੋਂ ਸਫਾਈਨ ਫਲੂ ਦੇ ਦਾਖਲ 2 ਮਰੀਜ਼ਾਂ ਦੀ ਸੂਚਨਾ ਭੇਜਣ ਤੋਂ ਬਾਅਦ ਫਿਰੋਜ਼ਪੁਰ ਦਾ ਸਿਹਤ ਵਿਭਾਗ ਹਰਕਤ ਵਿਚ ਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵਾਈਨ ਫਲੂ ਤੋਂ ਪੀੜਤ ਹਸਪਤਾਲ ਵਿਚ ਦਾਖਲ ਇਨ੍ਹਾਂ 2 ਮਰੀਜ਼ਾਂ ਵਿਚ ਇਕ ਔਰਤ ਹੈ। ਸੰਪਰਕ ਕਰਨ 'ਤੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਮਾਹਿਰ ਡਾ. ਗੁਰਮੇਜ ਗੋਰਾਇਆ ਨੇ ਦੱਸਿਆ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਨੂੰ ਅਨਿਲ ਬਾਗੀ ਹਸਪਤਾਲ ਵੱਲੋਂ ਲਿਖਤੀ ਸੂਚਨਾ ਭੇਜੇ ਜਾਣ ਤੋਂ ਬਾਅਦ ਇਨ੍ਹਾਂ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਸਵਾਈਨ ਫਲੂ ਨੈਗਟਿਵ ਹੈ ਜਾਂ ਪਾਜ਼ੀਟਿਵ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੇ ਲੱਛਣ ਸਵਾਈਨ ਫਲੂ ਜਿਹੇ ਹਨ। 

ਪਹਿਲਾਂ ਵੀ ਇਕ ਮਰੀਜ਼ ਦੀ ਹੋ ਚੁੱਕੀ ਹੈ ਮੌਤ 
ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਇਕ ਡਾਕਟਰ ਨੇ ਨਾਂ ਪ੍ਰਕਾਸ਼ਿਤ ਨਾ ਕਰਵਾਉਣ ਦੀ ਸ਼ਰਤ 'ਤੇ ਦੱਸਿਆ ਕਿ ਫਿਰੋਜ਼ਪੁਰ ਵਿਚ ਸਵਾਈਨ ਫਲੂ ਸ਼ੁਰੂ ਹੋ ਗਿਆ ਹੈ। ਕੁਝ ਦਿਨ ਪਹਿਲਾਂ ਦਿਲਬਾਗ ਸਿੰਘ ਨਾਂ ਦਾ ਸਵਾਈਨ ਫਲੂ ਤੋਂ ਪੀੜਤ ਮਰੀਜ਼ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਭੇਜਿਆ ਗਿਆ ਸੀ, ਜੋ ਅੱਜ ਵੀ ਵੈਂਟੀਲੇਟਰ 'ਤੇ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਇਕ ਸਵਾਈਨ ਫਲੂ ਤੋਂ ਪੀੜਤ ਮਰੀਜ਼ ਕਰੀਬ ਇਕ ਮਹੀਨਾ ਪਹਿਲਾਂ ਮੋਹਾਲੀ ਦੇ ਫੋਰਟੀਜ ਹਸਪਤਾਲ ਵਿਚ ਰੈਫਰ ਕੀਤਾ ਗਿਆ ਸੀ, ਜਿਸ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਸੀ। ਦੂਸਰੇ ਪਾਸੇ ਸਰਕਾਰੀ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ। 

ਲੋਕਾਂ 'ਚ ਬਣਿਆ ਡਰ ਦਾ ਮਾਹੌਲ
ਫਿਰੋਜ਼ਪੁਰ 'ਚ ਸਵਾਈਨ ਫਲੂ ਦੇ ਮਰੀਜ਼ਾਂ ਦਾ ਪਤਾ ਲਗਦੇ ਹੀ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ। ਲੋਕਾਂ ਦਾ ਮੰਨਣਾ ਹੈ ਕਿ ਸਿਵਲ ਹਸਪਤਾਲ ਵਿਚ ਸਵਾਈਨ ਫਲੂ ਦੇ ਮਰੀਜ਼ਾਂ ਨੂੰ ਲੈ ਕੇ ਕੋਈ ਚੰਗੇ ਇੰਤਜ਼ਾਮ ਨਹੀਂ ਹਨ। ਸਿਹਤ ਵਿਭਾਗ ਚਾਹੇ ਜਿੰਨੇ ਮਰਜ਼ੀ ਦਾਅਵੇ ਕਰੇ, ਸਵਾਈਨ ਫਲੂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਕਰਨ ਲਈ ਜਿੰਨਾ ਸਿਸਟਮ ਹਾਈਟੈਕ ਹੋਣਾ ਚਾਹੀਦਾ ਹੈ, ਉਨਾ ਨਹੀਂ ਹੈ।


Related News