ਦੁਖਦ ਘਟਨਾ, ਸਵੀਮਿੰਗ ਪੂਲ ਬਣਿਆ ਕਾਲ, ਡੁੱਬਣ ਕਾਰਣ ਗੁਰੂਘਰ ਦੇ ਨੌਜਵਾਨ ਗ੍ਰੰਥੀ ਦੀ ਮੌਤ
Monday, Jun 22, 2026 - 01:26 PM (IST)
ਰਾਏਪੁਰ ਰਾਣੀ (ਰਾਮੇਂਦਰ) : ਪਿੰਡ ਖੇੜੀ ਸਥਿਤ ਇਕ ਨਿੱਜੀ ਪੈਲੇਸ ਦੇ ਸਵੀਮਿੰਗ ਪੂਲ ’ਚ ਨਹਾਉਣ ਦੌਰਾਨ 28 ਸਾਲਾ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੁਗਰਾਜ ਸਿੰਘ ਵਜੋਂ ਹੋਈ ਹੈ, ਜੋ ਡਾਕਰਾ ਸਾਹਿਬ ਗੁਰੂਘਰ ’ਚ ਬਤੌਰ ਗ੍ਰੰਥੀ ਸੇਵਾ ਨਿਭਾ ਰਿਹਾ ਸੀ। ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਐਤਵਾਰ ਸਵੇਰੇ ਆਪਣੇ ਦੋਸਤਾਂ ਨਾਲ ਸਵੀਮਿੰਗ ਪੂਲ ’ਚ ਨਹਾਉਣ ਲਈ ਗਿਆ ਸੀ। ਇਸ ਦੌਰਾਨ ਉਹ ਅਚਾਨਕ ਡੂੰਘੇ ਪਾਣੀ ’ਚ ਚਲਾ ਗਿਆ ਅਤੇ ਡੁੱਬ ਗਿਆ। ਘਟਨਾ ਵੇਲੇ ਪੂਲ ’ਚ ਜੁਗਰਾਜ ਸਿੰਘ ਤੋਂ ਇਲਾਵਾ ਗੁਰਮੀਤ ਸਿੰਘ ਅਤੇ ਸਕੂਲ ਸੁਰੱਖਿਆ ਕਰਮੀ ਜੁਬੈਲ ਵੀ ਮੌਜੂਦ ਸਨ। ਘਟਨਾ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਮੌਜੂਦ ਲੋਕਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਨੂੰ ਸਮੇਂ ਸਿਰ ਬਾਹਰ ਨਹੀਂ ਕੱਢਿਆ ਜਾ ਸਕਿਆ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੰਚਕੂਲਾ ਭੇਜ ਦਿੱਤਾ।
ਇਹ ਵੀ ਪੜ੍ਹੋ : ਪੰਜਾਬ : 31 ਦਸੰਬਰ ਤੱਕ ਨਾ ਕਰੋ ਉਡੀਕ, 30 ਜੂਨ ਤੋਂ ਪਹਿਲਾਂ ਕਰੋ ਇਹ ਕੰਮ
ਹਾਦਸੇ ਮਗਰੋਂ ਸਵੀਮਿੰਗ ਪੂਲ ਦੇ ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ
ਹਾਦਸੇ ਤੋਂ ਬਾਅਦ ਸਵੀਮਿੰਗ ਪੂਲ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੂਲ ’ਚ ਦਾਖਲੇ ਲਈ ਪ੍ਰਤੀ ਵਿਅਕਤੀ 100 ਰੁਪਏ ਪ੍ਰਤੀ ਘੰਟਾ ਫੀਸ ਲਈ ਜਾਂਦੀ ਹੈ ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਜ਼ਰ ਨਹੀਂ ਆਉਂਦੇ। ਲੋਕਾਂ ਦਾ ਦੋਸ਼ ਹੈ ਕਿ ਪੂਲ ’ਤੇ ਕੋਈ ਸਿਖਲਾਈ ਪ੍ਰਾਪਤ ਲਾਈਫਗਾਰਡ ਤਾਇਨਾਤ ਨਹੀਂ ਸੀ ਅਤੇ ਨਾ ਹੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਲੋੜੀਂਦੇ ਬਚਾਅ ਉਪਕਰਨ ਮੌਜੂਦ ਸਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਧਿਆਪਕਾਂ ਨੂੰ ਝਟਕਾ, ਤਬਾਦਲਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
