ਛੱਜੂ ਮਾਜਰਾ ਕਲੋਨੀ ਦੇ ਫਲੈਟ ''ਚ ਦਾਖਲ ਹੋ ਕੇ ਵਿਆਕਤੀ ਦੀ ਕੁੱਟਮਾਰ ਕਰਕੇ ਕੀਤੀ ਲੁੱਟ

Thursday, Jun 18, 2026 - 08:49 PM (IST)

ਛੱਜੂ ਮਾਜਰਾ ਕਲੋਨੀ ਦੇ ਫਲੈਟ ''ਚ ਦਾਖਲ ਹੋ ਕੇ ਵਿਆਕਤੀ ਦੀ ਕੁੱਟਮਾਰ ਕਰਕੇ ਕੀਤੀ ਲੁੱਟ

ਖਰੜ, (ਅਮਰਦੀਪ ਸਿੰਘ ਸੈਣੀ)- ਖਰੜ ਦੀ ਛੱਜੂ ਮਾਜਰਾ ਕਲੋਨੀ ਦੇ ਫਲੈਟ ਵਿੱਚ ਕੁਝ ਵਿਅਕਤੀਆਂ ਵੱਲੋਂ ਜ਼ਬਰਦਸਤੀ ਦਾਖਲ ਹੋ ਕੇ ਇੱਕ ਨੌਜਵਾਨ ਨਾਲ ਕੁੱਟਮਾਰ ਕਰਨ, ਲੁੱਟਖੋਹ ਅਤੇ ਥਾਰ ਗੱਡੀ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਫਲੈਟ ਨੰਬਰ 18, ਡਰੀਮਜ਼ ਹੋਮ ਆਈਕੋਨ ਛੱਜੂ ਮਾਜਰਾ ਨੇ ਦੱਸਿਆ ਕਿ ਉਹ ਆਨਲਾਈਨ ਟਰੇਡਿੰਗ ਦੀ ਕੋਚਿੰਗ ਦਿੰਦਾ ਹੈ ਅਤੇ ਆਪਣੇ ਸਾਥੀਆਂ ਨਾਲ ਫਲੈਟ ਵਿੱਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਜਦੋਂ ਫਲੈਟ ਦੀ ਘੰਟੀ ਵੱਜੀ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਚਾਰ ਵਿਅਕਤੀ ਜ਼ਬਰਦਸਤੀ ਅੰਦਰ ਦਾਖਲ ਹੋ ਗਏ। ਉਨ੍ਹਾਂ ਦੇ ਹੱਥਾਂ ਵਿੱਚ ਡੰਡੇ ਅਤੇ ਤੇਜ਼ਧਾਰ ਹਥਿਆਰ ਸਨ। ਮਨਪ੍ਰੀਤ ਸਿੰਘ ਅਨੁਸਾਰ ਹਮਲਾਵਾਰਾ ਨੇ ਫਲੈਟ ਦਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਉਸ ਦੀ ਕੁੱਟਮਾਰ ਕੀਤੀ, ਮੋਬਾਈਲ ਫੋਨ ਖੋਹ ਲਿਆ ਅਤੇ ਹਥਿਆਰਾਂ ਦੀ ਨੋਕ 'ਤੇ ਪੈਸਿਆਂ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਉਸ ਨੂੰ ਡਰਾ ਧਮਕਾ ਕੇ ਉਸ ਦੀ ਵੀਡੀਓ ਵੀ ਬਣਾਈ। ਬਾਅਦ ਵਿੱਚ ਉਹ ਉਸ ਦੀ ਥਾਰ ਗੱਡੀ ਆਪਣੇ ਨਾਲ ਲੈ ਕੇ ਫਰਾਰ ਹੋ ਗਏ। ਜਾਂਦੇ ਸਮੇਂ ਉਨ੍ਹਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਪਤਾ ਲੱਗਾ ਹੈ ਹਮਲਾਵਾਰਾਂ ਵਿੱਚ ਇੱਕ ਰਾਹੁਲ ਮਚੰਦਾ ਨਾਮਕ ਸ਼ਿਵ ਸੈਨਾ ਦਾ ਆਗੂ ਹੈ। ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਖਰੜ ਦੇ ਐਸ.ਐਚ.ਓ. ਇੰਸਪੈਕਟਰ ਅਮਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਉਪਰੰਤ ਪੀੜਤ ਦੀ ਸ਼ਿਕਾਇਤ ਤੇ ਮੁਲਜ਼ਮ ਸਾਹਿਬਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਸੈਦਪੁਰ ਜ਼ਿਲ੍ਹਾ ਮੋਹਾਲੀ, ਧਰਮਵੀਰ ਸਿੰਘ ਵਾਸੀ ਖਰੜ, ਰਾਹੁਲ ਮਨੰਚਾ ਵਾਸੀ ਖਰੜ ਸਿਟੀ ਅਤੇ ਹਨੀ ਵਾਸੀ ਖਰੜ ਸਿਟੀ ਖ਼ਿਲਾਫ਼ ਧਾਰਾ 309(4), 333, 351(2), 190 ਅਤੇ 61(2) ਤਹਿਤ ਮਾਮਲਾ ਦਰਜ ਕਰ ਲਿਆ ਹੈ। ਐਸ.ਐਚ.ਓ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਏ.ਐਸ.ਆਈ. ਦੌਲਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਅਤੇ ਤਫ਼ਤੀਸ਼ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Rakesh

Content Editor

Related News