ਪਸ਼ੂਆਂ ਤੋਂ ਬਿਨਾਂ ਤਿਆਰ ਹੋ ਰਿਹਾ ਮਿਲਾਵਟੀ ਦੁੱਧ ਲੋਕਾਂ ਲਈ ਮਿੱਠਾ ਜ਼ਹਿਰ

3/15/2020 8:46:16 PM

ਤਲਵੰਡੀ ਭਾਈ,(ਪਾਲ)– ਕਿਸੇ ਸਮੇਂ ਪੰਜਾਬ 'ਚ ਦੁੱਧ ਦੀਆਂ ਨਦੀਆਂ ਵਹਾਉਣ ਵਾਲੇ ਅਤੇ ਦੁੱਧ-ਮੱਖਣਾਂ ਨਾਲ ਪਾਲੀਆਂ ਜਵਾਨੀਆਂ ਦੇ ਸੋਹਲੇ ਗਾਉਣ ਵਾਲੇ ਪੰਜਾਬ ਦੇ ਲੋਕਾਂ ਲਈ ਹੁਣ ਰੋਜ਼ਾਨਾ ਵਰਤੋਂ 'ਚ ਆਉਣ ਵਾਲਾ ਦੁੱਧ ਵੀ ਅਸਲੀ ਸ਼ੁੱਧ ਨਹੀਂ ਮਿਲ ਰਿਹਾ, ਬਲਕਿ ਮਿੱਠਾ ਜ਼ਹਿਰ ਬਣ ਚੁੱਕਾ ਹੈ। 13ਵੇਂ ਰਤਨ ਦੇ ਨਾਂ ਨਾਲ ਜਾਣੇ ਜਾਂਦੇ ਦੁੱਧ ਨੂੰ ਜ਼ਹਿਰੀਲਾ ਬਣਾਉਣ 'ਚ ਅਹਿਮ ਭੂਮਿਕਾ ਨਿਭਾਅ ਰਿਹਾ ਖੁਦ ਮਨੁੱਖਤਾ ਦਾ ਰਾਖਾ ਸਾਡਾ ਪ੍ਰਸ਼ਾਸਨ, ਜਿਸ ਨੇ ਸ਼ਾਇਦ ਹੀ ਕਦੇ ਸ਼ਰੇਆਮ ਥੋਕ ਜਾਂ ਪਰਚੂਨ 'ਚ ਵਿਕਦੇ ਇਸ ਮਿਲਾਵਟੀ ਦੁੱਧ ਦੀ ਨਿਰਪੱਖ ਹੋ ਕੇ ਜਾਂਚ ਕੀਤੀ ਹੋਵੇ। ਮਹਿਕਮਾ ਖਾਨਾਪੂਰਤੀ ਲਈ ਸਿਰਫ ਦੀਵਾਲੀ ਦੇ ਦਿਨਾਂ ਦੇ ਨੇੜੇ ਮਿਲਾਵਟੀ ਖੋਇਆ ਬਰਾਮਦ ਕਰਨ ਦਾ ਢਿੰਡੋਰਾ ਪਿੱਟ ਕੇ ਸਾਲ ਭਰ ਦੇ ਤਿਉਹਾਰਾਂ ਦਾ ਸੀਜ਼ਨ ਲਾਉਣ ਦੀ ਉਮੀਦ 'ਚ ਵੱਡੇ ਪੱਧਰ 'ਤੇ ਮਠਿਆਈਆਂ ਤਿਆਰ ਕਰ ਕੇ ਸਟੋਰ ਕਰੀ ਬੈਠੇ ਹਲਵਾਈਆਂ ਤੋਂ ਅੰਦਰ ਖਾਤੇ ਮਿਲੀਭੁਗਤ ਕਰ ਕੇ ਸਭ ਨਾਜਾਇਜ਼ ਨੂੰ ਜਾਇਜ਼ ਕਰਨ ਦੇ ਬਦਲੇ ਆਪਣੀ ਮੁੱਠੀ ਗਰਮ ਕਰ ਕੇ ਬੈਠ ਜਾਂਦਾ ਹੈ, ਜਦਕਿ ਰੋਜ਼ਾਨਾ ਲੱਖਾਂ ਲਿਟਰ ਪੀਣ ਲਈ ਲੋਕਾਂ ਦੀ ਵਰਤੋਂ 'ਚ ਆਉਣ ਵਾਲੇ ਇਸ ਜ਼ਹਿਰੀਲੇ ਦੁੱਧ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਕਿਸੇ ਮਹਿਕਮੇ ਨੇ ਕਦੇ ਜ਼ਰੂਰਤ ਹੀ ਨਹੀਂ ਸਮਝੀ।

ਕਿਉਂ ਵਧ ਰਿਹਾ ਨਕਲੀ ਦੁੱਧ ਬਣਾਉਣ ਦਾ ਰੁਝਾਨ?
ਨਕਲੀ ਦੁੱਧ ਤਿਆਰ ਕਰਨ ਜਾਂ ਮਿਲਾਵਟੀ ਦੁੱਧ ਬਣਾਉਣ ਦੇ ਗੋਰਖਧੰਦੇ ਦੀ ਜਾਣਕਾਰੀ ਰੱਖਣ ਵਾਲੇ ਕੁਝ ਸੂਤਰਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਹੁਣ ਦੁੱਧ 'ਚ ਸਿਰਫ ਨਹਿਰਾਂ, ਨਲਕਿਆਂ ਦੇ ਗੰਦੇ-ਮੰਦੇ ਪਾਣੀ ਦੀ ਮਿਲਾਵਟ ਕਰਨ ਦੀ ਰਵਾਇਤ ਨਹੀਂ ਰਹੀ, ਬਲਕਿ ਹੁਣ ਤਾਂ ਸੁੱਕੇ ਦੁੱਧ ਤੋਂ ਲੈ ਕੇ ਈ. ਜੀ. ਡਿਟਰਜਨ (ਕੱਪੜੇ ਧੋਣ ਵਾਲਾ ਪਾਊਡਰ) ਪਾਉਣ, ਖੇਤਾਂ 'ਚ ਪਾਈ ਜਾਣ ਵਾਲੀ ਯੂਰੀਆ ਖਾਦ ਸਮੇਤ ਹੋਰ ਵੀ ਕਈ ਤਰ੍ਹਾਂ ਦੇ ਅਣਪਛਾਤੇ ਕੈਮੀਕਲਾਂ ਨਾਲ ਥੋੜ੍ਹੇ ਜਿਹੇ ਖਰਚੇ 'ਚ ਇਹ ਮਿਲਾਵਟੀ ਦੁੱਧ ਮਿੰਟਾਂ-ਸਕਿੰਟਾਂ 'ਚ ਤਿਆਰ ਕਰ ਕੇ ਖਪਤਕਾਰਾਂ ਨੂੰ ਮਹਿੰਗੇ ਭਾਅ 'ਚ ਵੇਚ ਕੇ ਇਸ ਮਿੱਠੇ ਜ਼ਹਿਰੀਲੇ ਦੇ ਬਦਲੇ ਮੋਟਾ ਮੁਨਾਫਾ ਬਟੋਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦੁੱਧ ਨੂੰ ਸੰਘਣਾ ਕਰਨ ਅਤੇ ਖਰਾਬ ਹੋਣ ਤੋਂ ਬਚਾਉਣ ਲਈ ਵਰਤੇ ਜਾਂਦੇ ਤੇਜ਼ ਕੈਮੀਕਲ ਕਾਰਣ ਇਨਸਾਨੀਅਤ ਬੀਮਾਰੀਆਂ ਨਾਲ ਜਕੜੀ ਜਾ ਰਹੀ ਹੈ।

ਦੁੱਧ ਦੇਣ ਵਾਲੇ ਪਸ਼ੂਆਂ ਦੀ ਗਿਣਤੀ ਘਟੀ
ਕੁਝ ਸਮਾਂ ਪਹਿਲਾਂ ਆਪਣੇ ਗੁਜ਼ਾਰੇ ਲਈ ਸਹਾਇਕ ਧੰਦੇ ਦੇ ਰੂਪ 'ਚ ਪਸ਼ੂ ਪਾਲਣ ਦਾ ਕਾਰੋਬਾਰ ਕਰਨ ਵਾਲੇ ਵੱਖ-ਵੱਖ ਪਸ਼ੂ ਪਾਲਕਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਆਬਾਦੀ ਵਧਣ ਦੇ ਨਾਲ-ਨਾਲ ਦੁੱਧ ਦੀ ਖਪਤ 'ਚ ਵੀ ਬੇਤਹਾਸ਼ਾ ਵਾਧਾ ਹੋਇਆ ਹੈ ਪਰ ਇਸ ਦੇ ਨਾਲ ਹੀ ਮਹਿੰਗਾਈ ਵਧਣ ਕਾਰਣ ਅੱਜ ਦੇ ਜ਼ਮਾਨੇ 'ਚ ਪਸ਼ੂਆਂ ਦੀ ਖੁਰਾਕ, ਇਲਾਜ ਅਤੇ ਸਾਂਭ-ਸੰਭਾਲ ਦਾ ਖਰਚਾ ਵੀ ਕਾਫੀ ਮਹਿੰਗਾ ਹੋ ਚੁੱਕਾ ਹੈ ਅਤੇ ਚੁਆਵਾਂ ਸ਼ੁੱਧ ਦੁੱਧ, ਜੋ ਕਿ ਤਕਰੀਬਨ ਸਾਰੇ ਖਰਚੇ ਕਵਰ ਕਰਨ ਤੋਂ ਬਾਅਦ ਸਾਨੂੰ ਆਪ ਨੂੰ ਹੀ 45-50 ਰੁਪਏ ਲਿਟਰ ਪੈਂਦਾ ਹੈ ਪਰ ਦੂਜੇ ਪਾਸੇ ਇਕ ਕਿਲੋ ਸੁੱਕਾ ਦੁੱਧ ਘੋਲ ਕੇ ਅਤੇ ਥੋੜ੍ਹਾ-ਬਹੁਤਾ ਕੈਮੀਕਲ ਮਿਲਾ ਕੇ 15-20 ਕਿਲੋ ਮਿਲਾਵਟੀ ਦੁੱਧ ਮਿੰਟਾਂ-ਸਕਿੰਟਾਂ 'ਚ ਤਿਆਰ ਕਰਨ ਵਾਲਿਆਂ ਲਈ ਇਹ ਮਿਲਾਵਟੀ ਦੁੱਧ ਸਿਰਫ 13-14 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਤਿਆਰ ਹੋ ਜਾਂਦਾ ਹੈ, ਜਿਸ ਨੂੰ ਉਹ ਅੱਗੇ 40 ਤੋਂ 50 ਰੁਪਏ ਲਿਟਰ ਦੇ ਹਿਸਾਬ ਘਰੋ-ਘਰ ਸਪਲਾਈ ਲਈ ਭੇਜ ਦਿੰਦੇ ਹਨ, ਜਿਸ ਕਾਰਣ ਗਰੀਬ ਅਤੇ ਆਮ ਖਪਤਕਾਰ ਸਸਤਾ ਦੁੱਧ ਹਾਸਲ ਕਰਨ ਵੱਲ ਖਿੱਚਿਆ ਜਾ ਰਿਹਾ ਹੈ ਅਤੇ ਪਸ਼ੂਆਂ ਦਾ ਚੁਆਵਾਂ ਦੁੱਧ ਵੇਚਣ ਵਾਲਿਆਂ ਦੇ ਖਰਚੇ ਵੀ ਪੂਰੇ ਨਾ ਹੋਣ ਕਾਰਣ ਉਨ੍ਹਾਂ ਦਾ ਪਸ਼ੂ ਰੱਖਣ ਤੋਂ ਮੋਹ ਭੰਗ ਹੋ ਜਾਣ ਕਰ ਕੇ ਪਸ਼ੂਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਪਰ ਮਿਲਾਵਟੀ ਅਤੇ ਜ਼ਹਿਰੀਲੇ ਦੁੱਧ ਦੀ ਲਾਗਤ ਦਿਨੋ-ਦਿਨ ਵਧਦੀ ਜਾ ਰਹੀ ਹੈ।

ਕੀ ਕਹਿਣੈ ਮਜਬੂਰੀ ਵੱਸ ਮਿਲਾਵਟੀ ਦੁੱਧ ਵਰਤਣ ਵਾਲੇ ਲੋਕਾਂ ਦਾ
ਰੋਜ਼ਾਨਾ ਦੁੱਧ ਦੀ ਵਰਤੋਂ ਕਰਨ ਵਾਲੇ ਕਈ ਘਰਾਂ ਦੀਆਂ ਔਰਤਾਂ ਨੇ ਦੱਸਿਆ ਕਿ ਦੁੱਧ ਨੂੰ ਉਬਾਲਣ ਤੋਂ ਬਾਅਦ ਵੀ ਇਸ ਨੂੰ ਪੀਣ ਸਮੇਂ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਦੁਰਗੰਦ ਆਉਂਦੀ ਹੈ ਪਰ ਜਦੋਂ ਇਸ ਸਬੰਧੀ ਦੁੱਧ ਵਿਕਰੇਤਾ ਨਾਲ ਗੱਲ ਕਰਦੇ ਹਾਂ ਤਾਂ ਉਸ ਦਾ ਕਹਿਣਾ ਹੁੰਦਾ ਹੈ ਕਿ ਸਾਨੂੰ ਅੱਗੋਂ ਹੀ ਅਜਿਹਾ ਦੁੱਧ ਮਿਲਦਾ ਹੈ, ਦੱਸੋਂ ਅਸੀਂ ਕੀ ਕਰੀਏ। ਆਖਿਰ ਸ਼ਹਿਰਦਾਰੀ 'ਚ ਆਪਣਾ-ਆਪਣਾ ਪਸ਼ੂ ਰੱਖਣ ਤੋਂ ਅਸਮਰੱਥ ਲੋਕਾਂ ਨੂੰ ਇਹ ਮਿਲਾਵਟੀ ਦੁੱਧ ਖਰੀਦ ਕੇ ਆਪਣੇ ਬੱਚਿਆਂ ਨੂੰ ਪਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਲੋਕਾਂ ਨੇ ਕੀਤੀ ਪ੍ਰਸ਼ਾਸਨ ਤੋਂ ਠੋਸ ਕਾਰਵਾਈ ਦੀ ਮੰਗ
ਇਲਾਕੇ ਦੀਆਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ, ਬੁੱਧੀਜੀਵੀਆਂ ਅਤੇ ਧਾਰਮਕ ਸੰਗਠਨਾਂ ਦੇ ਆਗੂਆਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਸ਼ਰੇਆਮ ਮਿਲਾਵਟਖੋਰੀ ਅਤੇ ਜ਼ਹਿਰੀਲਾ ਦੁੱਧ ਵੇਚ ਕੇ ਸਿਰਫ ਮੋਟੇ ਮੁਨਾਫੇ ਦੀ ਖਾਤਰ ਮਾਸੂਮ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਸ਼ਰੇਆਮ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਸਬਕ ਸਿਖਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ ਤਾਂ ਜੋ ਇਸ ਜ਼ਹਿਰੀਲੇ ਦੁੱਧ ਦੀ ਮਾਰ 'ਚ ਆ ਕੇ ਬੀਮਾਰੀਆਂ 'ਚ ਜਕੜੇ ਜਾ ਰਹੇ ਲੋਕਾਂ ਨੂੰ ਮੌਤ ਦੇ ਮੂੰਹ 'ਚ ਜਾਣ ਤੋਂ ਬਚਾਇਆ ਜਾ ਸਕੇ।


Bharat Thapa

Edited By Bharat Thapa