10 ਘੰਟੇ ਦੀ ਦੇਰੀ ਨਾਲ ਜਲੰਧਰ ਪਹੁੰਚੀ ਸ਼ਤਾਬਦੀ ਟਰੇਨ, ਯਾਤਰੀ ਹੋਏ ਪਰੇਸ਼ਾਨ

Tuesday, Oct 10, 2017 - 11:27 AM (IST)

ਜਲੰਧਰ(ਗੁਲਸ਼ਨ)— ਕਰਨਾਲ ਅਤੇ ਪਾਣੀਪਤ ਰੇਲ ਸੈਕਸ਼ਨ ਵਿਖੇ ਬਣ ਰਹੇ ਅੰਡਰਪਾਥ ਦੇ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਕੰਮ ਲਈ ਸਬੰਧਤ ਵਿਭਾਗ ਵੱਲੋਂ ਟ੍ਰੈਫਿਕ ਬਲਾਕ ਲਿਆ ਗਿਆ ਸੀ, ਜਿਸ ਕਾਰਨ ਜ਼ਿਆਦਾਤਰ ਟਰੇਨਾਂ ਨੂੰ ਰੂਟ ਬਦਲ ਕੇ ਚਲਾਇਆ ਗਿਆ। 
ਇਸ ਦੌਰਾਨ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਪਰ ਸ਼ਤਾਬਦੀ ਐਕਸਪ੍ਰੈੱਸ ਦਾ ਹਾਲ ਸਭ ਤੋਂ ਬੁਰਾ ਹੋਇਆ। ਇਨ੍ਹੀਂ ਦਿਨੀਂ ਸ਼ਤਾਬਦੀ ਇਕ ਪੈਸੰਜਰ ਟਰੇਨ ਬਣ ਕੇ ਰਹਿ ਗਈ ਹੈ। ਜਲੰਧਰ ਤੋਂ ਨਵੀਂ ਦਿੱਲੀ ਤੱਕ ਦਾ ਸਫਰ 5.30 ਘੰਟੇ ਵਿਚ ਤੈਅ ਕਰਨ ਵਾਲੀ ਸ਼ਤਾਬਦੀ ਹੁਣ 10 ਘੰਟੇ ਲਗਾ ਰਹੀ ਹੈ। 

PunjabKesariਐਤਵਾਰ ਸ਼ਾਮ ਨੂੰ ਨਵੀਂ ਦਿੱਲੀ ਤੋਂ ਚੱਲ ਕੇ ਰਾਤ 9.30 ਵਜੇ ਜਲੰਧਰ ਆਉਣ ਵਾਲੀ ਸਵਰਨ ਸ਼ਤਾਬਦੀ ਐਕਸਪ੍ਰੈੱਸ ਸੋਮਵਾਰ ਸਵੇਰੇ 6.30 ਵਜੇ ਜਲੰਧਰ ਪਹੁੰਚੀ। ਇਸੇ ਤਰ੍ਹਾਂ ਜਲੰਧਰ ਸਿਟੀ ਤੋਂ ਸਵੇਰੇ 6 ਵਜੇ ਨਵੀਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ 5 ਘੰਟੇ ਦੇਰੀ ਨਾਲ ਮਤਲਬ 11 ਵਜੇ ਰਵਾਨਾ ਹੋਈ। ਉਥੇ ਹੀ ਸੋਮਵਾਰ ਦੁਪਹਿਰ 12.15 ਵਜੇ ਨਵੀਂ ਦਿੱਲੀ ਤੋਂ ਜਲੰਧਰ ਆਉਣ ਵਾਲੀ ਸ਼ਤਾਬਦੀ ਸ਼ਾਮ 6.15 ਵਜੇ ਪਹੁੰਚੀ। ਰਾਤ ਨੂੰ ਆਉਣ ਵਾਲੀ ਸ਼ਤਾਬਦੀ ਵੀ ਕਈ ਘੰਟੇ ਦੇਰੀ ਨਾਲ ਚੱਲ ਰਹੀ ਸੀ। 
ਇਸ ਤੋਂ ਇਲਾਵਾ ਟਾਟਾ ਮੂਰੀ ਐਕਸਪ੍ਰੈੱਸ 6 ਘੰਟੇ, ਅਮਰਪਾਲੀ ਐਕਸਪ੍ਰੈੱਸ 3 ਘੰਟੇ, ਸ਼ਾਨ-ਏ-ਪੰਜਾਬ ਡੇਢ ਘੰਟਾ, ਸੱਚਖੰਡ ਐਕਸਪ੍ਰੈੱਸ 2 ਘੰਟੇ, ਜਨ ਸੇਵਾ ਐਕਸਪ੍ਰੈੱਸ 15 ਘੰਟੇ, ਜਨ ਨਾਇਕ ਐਕਸਪ੍ਰੈੱਸ 3:30 ਘੰਟੇ ਤੇ ਸਰਯੂ-ਯਮੁਨਾ ਐਕਸਪ੍ਰੈੱਸ 2 ਘੰਟੇ ਦੇਰੀ ਨਾਲ ਚੱਲ ਰਹੀਆਂ ਸਨ। 
ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਨਾਲ ਅਤੇ ਪਾਣੀਪਤ ਵਿਚ ਅੰਡਰਪਾਥ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਐਤਵਾਰ ਸਵੇਰੇ 11 ਤੋਂ ਸ਼ਾਮ 7 ਵਜੇ ਤੱਕ ਦਾ ਬਲਾਕ ਲਿਆ ਗਿਆ ਸੀ ਪਰ ਕਰਨਾਲ ਵਿਚ ਚੱਲ ਰਿਹਾ ਕੰਮ ਰਾਤ 12 ਵਜੇ ਖਤਮ ਹੋਇਆ, ਜਿਸ ਕਾਰਨ ਸ਼ਤਾਬਦੀ ਐਕਸਪ੍ਰੈੱਸ ਸਮੇਤ ਕਈ ਹੋਰ ਟਰੇਨਾਂ ਵੀ ਪ੍ਰਭਾਵਿਤ ਹੋਈਆਂ। 


Related News