ਉਨਾਓ ਅਤੇ ਚਿਨਮਯਾਨੰਦ ਮਾਮਲਿਆਂ ''ਚ ਆਈਫੋਨਾਂ ''ਚ ਲੁਕੇ ਹੋਏ ਹਨ ਰਾਜ਼

Wednesday, Oct 02, 2019 - 03:09 PM (IST)

ਉਨਾਓ ਅਤੇ ਚਿਨਮਯਾਨੰਦ ਮਾਮਲਿਆਂ ''ਚ ਆਈਫੋਨਾਂ ''ਚ ਲੁਕੇ ਹੋਏ ਹਨ ਰਾਜ਼

ਜਲੰਧਰ (ਧਵਨ) : ਉਨਾਓ ਜਬਰ-ਜ਼ਨਾਹ ਅਤੇ ਭਾਜਪਾ ਆਗੂ ਸਵਾਮੀ ਚਿਨਮਯਨੰਦ 'ਤੇ ਇਕ ਲੜਕੀ ਵੱਲੋਂ ਲਾਏ ਗਏ ਸੈਕਸ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਦੇ ਮਾਮਲਿਆਂ 'ਚ ਰਾਜ਼ ਆਈਫੋਨਾਂ 'ਚ ਲੁਕੇ ਹੋਏ ਹਨ। ਅਮਰੀਕਾ ਦੀ ਆਈਫੋਨ ਨਿਰਮਾਤਾ ਕੰਪਨੀ ਫਿਲਹਾਲ ਆਈਫੋਨਾਂ ਦੀਆਂ ਸੂਚਨਾਵਾਂ ਨੂੰ ਭਾਰਤ ਨਾਲ ਸ਼ੇਅਰ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਉਹ ਡਾਟਾ ਪ੍ਰਾਈਵੇਸੀ ਦੇ ਨਿਯਮਾਂ ਨੂੰ ਭੰਗ ਕਰਨਾ ਨਹੀਂ ਚਾਹੁੰਦੀ। ਉਨਾਓ ਮਾਮਲੇ ਦੇ ਮੁਜਰਮਾਂ ਕੁਲਦੀਪ ਸੇਂਗਰ ਅਤੇ ਚਿਨਮਯਾਨੰਦ ਵਲੋਂ ਆਈਫੋਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪੜਤਾਲੀਆਂ ਏਜੰਸੀ ਇਸ ਸਬੰਧੀ ਆਈਫੋਨ ਕੰਪਨੀ ਨਾਲ ਸੰਪਰਕ ਕਰ ਰਹੀ ਹੈ ਪਰ ਅਜੇ ਤੱਕ ਅਮਰੀਕੀ ਮੋਬਾਇਲ ਕੰਪਨੀ ਸੂਚਨਾਵਾਂ ਨੂੰ ਸਾਂਝਾ ਕਰਨ ਲਈ ਤਿਆਰ ਨਹੀਂ ਹੈ। ਆਈਫੋਨ ਦੀਆਂ ਸੂਚਨਾਵਾਂ ਇਸ ਲਈ ਅਹਿਮ ਸਾਬਿਤ ਹੋ ਸਕਦੀਆਂ ਹਨ ਕਿਉਂਕਿ ਸੇਂਗਰ ਦੀ ਲੋਕੇਸ਼ਨ ਹਿਸਟਰੀ ਬਾਰੇ ਪਤਾ ਲੱਗਣ ਨਾਲ ਇਹ ਸਾਬਿਤ ਹੋ ਜਾਵੇਗਾ ਕਿ ਉਹ ਜੁਰਮ ਕਰਨ ਸਮੇਂ ਉਨਾਓ ਦੇ ਮੱਖੀ ਪਿੰਡ 'ਚ ਮੌਜੂਦ ਸੀ।

ਦੋਵੇਂ ਆਈਫੋਨ ਲਾਕਡ ਹਨ ਅਤੇ ਉਨ੍ਹਾਂ ਦੇ ਲਾਕ ਖੋਲ੍ਹਣ 'ਚ ਅਮਰੀਕੀ ਕੰਪਨੀ ਹੀ ਸਹਾਇਤਾ ਕਰ ਸਕਦੀ ਹੈ। ਇਨ੍ਹਾਂ ਦੋਵਾਂ ਦੇ ਅਸਲ ਵਟਸਐਪ ਸੁਨੇਹਿਆਂ ਨੂੰ ਵੀ ਪੜਤਾਲੀਆਂ ਪੁਲਸ ਹਾਸਲ ਕਰਨਾ ਚਾਹੁੰਦੀ ਹੈ। ਆਈਫੋਨ ਕੰਪਨੀ ਕਿਸੇ ਵੀ ਤੀਜੀ ਧਿਰ ਨੂੰ ਭਾਵੇਂ ਉਹ ਪੜਤਾਲੀਆਂ ਏਜੰਸੀ ਹੋਵੇ ਜਾਂ ਫਿਰ ਸਰਕਾਰ, ਸੂਚਨਾਵਾਂ ਉਪਲਬਧ ਨਹੀਂ ਕਰਵਾਉਂਦੀ। ਇਹੋ ਰੁਕਾਵਟਾਂ ਅੱਗੋਂ ਜਾਂਚ 'ਚ ਰੋੜੇ ਪੈਦਾ ਕਰ ਰਹੀਆਂ ਹਨ। ਵਿਰੋਧੀ ਪਾਰਟੀਆਂ ਖ਼ਾਸ ਤੌਰ 'ਤੇ ਕਾਂਗਰਸ ਪਹਿਲਾਂ ਹੀ ਪੜਤਾਲੀਆਂ ਏਜੰਸੀਆਂ ਅਤੇ ਸਰਕਾਰ 'ਤੇ ਮੁਜਰਮਾਂ ਨੂੰ ਬਚਾਉਣ ਦਾ ਦੋਸ਼ ਲਾ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਬੀਤੇ ਸਮਿਆਂ 'ਚ ਵੀ ਕਈ ਵਾਰ ਆਈਫੋਨ ਕੰਪਨੀਆਂ ਨੇ ਦਹਿਸ਼ਤਗਰਦਾਂ ਦੇ ਮਾਮਲਿਆਂ 'ਚ ਵੀ ਸੂਚਨਾਵਾਂ ਸਾਂਝੀਆਂ ਨਹੀਂ ਕੀਤੀਆਂ ਸਨ ਪਰ ਬਾਅਦ ਵਿਚ ਇਹ ਮਸਲਾ ਹੋ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਭਾਰਤ ਸਰਕਾਰ ਇਨ੍ਹਾਂ ਮਾਮਲਿਆਂ 'ਚ ਬੇਨਤੀ ਕਰੇਗੀ ਤਾਂ ਸੰਭਵ ਤੌਰ 'ਤੇ ਆਈਫੋਨ ਏਜੰਸੀ ਸੂਚਨਾਵਾਂ ਉਪਲਬਧ ਕਰਵਾਉਣ ਲਈ ਤਿਆਰ ਹੋ ਸਕਦੀ ਹੈ।

ਚਿਨਮਯਾਨੰਦ ਬਾਰੇ ਕਿਹਾ ਜਾਂਦਾ ਸੀ ਕਿ ਉਹ ਸਭ ਵਟਸਐਪ ਗੱਲਬਾਤ ਨੂੰ ਰੋਜ਼ਾਨਾ ਆਪਣੇ ਆਈਫੋਨ 'ਚੋਂ ਡਿਲੀਟ ਕਰ ਦਿੰਦਾ ਸੀ। ਉੱਤਰ ਪ੍ਰਦੇਸ਼ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ ਅਜੇ ਤੱਕ ਇਨ੍ਹਾਂ ਆਈਫੋਨਾਂ ਨਾਲ ਸਬੰਧਤ ਡਾਟਾ ਨੂੰ ਬਰਾਮਦ ਕਰਨ 'ਚ ਸਫਲ ਨਹੀਂ ਹੋਈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਅਹਿਮ ਡਾਟਾ ਭਾਰਤੀ ਪੜਤਾਲੀਆਂ ਏਜੰਸੀਆਂ ਆਈਫੋਨ 'ਚੋਂ ਬਰਾਮਦ ਨਾ ਕਰ ਸਕੀਆਂ ਤਾਂ ਇਕੋ-ਇਕ ਬਦਲ ਰਹਿ ਜਾਵੇਗਾ ਕਿ ਭਾਰਤ ਸਰਕਾਰ ਅਧਿਕਾਰਤ ਤੌਰ 'ਤੇ ਆਈਫੋਨ ਨਾਲ ਸਬੰਧਤ ਸੂਚਨਾਵਾਂ ਹਾਸਲ ਕਰਨ ਲਈ ਬਾਕਾਇਦਾ ਬੇਨਤੀ ਕਰੇ।


author

Anuradha

Content Editor

Related News