'ਸਵੱਛ ਭਾਰਤ ਮੁਹਿੰਮ' ਦਾ ਨਿਕਲਿਆ ਦੀਵਾਲਾ, ਛੱਪੜਾਂ ਦੀ ਸਫ਼ਾਈ ਲਈ ਜਾਰੀ ਪੈਸਾ ਗੁਆਚਿਆ ਕਾਗਜ਼ਾਂ 'ਚ

Wednesday, Jun 10, 2020 - 04:15 PM (IST)

'ਸਵੱਛ ਭਾਰਤ ਮੁਹਿੰਮ' ਦਾ ਨਿਕਲਿਆ ਦੀਵਾਲਾ, ਛੱਪੜਾਂ ਦੀ ਸਫ਼ਾਈ ਲਈ ਜਾਰੀ ਪੈਸਾ ਗੁਆਚਿਆ ਕਾਗਜ਼ਾਂ 'ਚ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ) - ਭਾਵੇਂ ਸਰਕਾਰ ਨੇ ਸਾਫ਼-ਸੁਥਰਾ ਵਾਤਾਵਰਨ ਰੱਖਣ ਲਈ 'ਸਵੱਛ ਭਾਰਤ ਮੁਹਿੰਮ' ਪਿਛਲੇ ਸਮੇਂ ਦੌਰਾਨ ਸ਼ਹਿਰੀ ਖੇਤਰਾਂ ਅਤੇ ਪਿੰਡਾਂ ਵਿਚ ਬੜੇ ਜੋਰ-ਸ਼ੋਰ ਨਾਲ ਚਲਾਈ ਸੀ। ਪਰ ਜੇਕਰ ਵੇਖਿਆ ਜਾਵੇ ਤਾਂ ਇਸ ਸਮੇਂ ਪੇਂਡੂ ਖੇਤਰਾਂ ਵਿਚ ਸਵੱਛ ਭਾਰਤ ਮੁਹਿੰਮ ਦਾ ਦੀਵਾਲਾ ਨਿਕਲਿਆ ਪਿਆ ਹੈ। ਇਸ ਦੀ ਮਿਸਾਲ ਪੇਂਡੂ ਖੇਤਰਾਂ ਦੇ ਛੱਪੜਾਂ 'ਚੋਂ ਮਿਲਦੀ ਹੈ। ਕਿਉਂਕਿ ਕਈ ਪਿੰਡਾਂ ਦੇ ਛੱਪੜਾਂ ਵਿਚ ਬੇਹੱਦ ਗੰਦਾ ਪਾਣੀ ਖੜ੍ਹਾ ਹੈ ਅਤੇ ਪਾਣੀ ਵਿਚੋਂ ਬਦਬੂ ਆ ਰਹੀ ਹੈ। ਛੱਪੜਾਂ ਦੇ ਕੰਢਿਅਾਂ 'ਤੇ ਗੰਦ ਦਾ ਢੇਰ ਖਿਲਰਿਆ ਪਿਆ ਹੈ। ਸਿਰਫ ਇੰਨਾ ਹੀ ਨਹੀਂ ਪਾਣੀ ਦੇ ਅੰਦਰ ਵੀ ਘਾਹ-ਬੂਟੀ ਉੱਘੀ ਪਈ ਹੈ। ਕਈ ਪਿੰਡਾਂ ਦੇ ਛੱਪੜਾਂ ਵਿਚ ਪਾਣੀ ਖਰਾਬ ਹੋ ਕੇ ਕਾਲਾ ਹੋ ਚੁੱਕਾ ਹੈ ਅਤੇ ਕਈ ਛੱਪੜਾਂ ਵਿਚ ਪਾਣੀ ਦਾ ਰੰਗ ਹਰਾ ਹੋਇਆ ਪਿਆ ਹੈ। ਜਿਸ ਨੂੰ ਵੇਖ ਕੇ ਤਾਂ ਇੰਝ ਲੱਗ ਰਿਹਾ ਹੈ ਕਿ ਜਿਵੇਂ ਸਵੱਛ ਭਾਰਤ ਮੁਹਿੰਮ ਨੂੰ ਗ੍ਰਹਿਣ ਲੱਗ ਗਿਆ ਹੋਵੇ।

ਜੇਕਰ ਵੇਖਿਆ ਜਾਵੇ ਤਾਂ ਛੱਪੜਾਂ ਵਿਚ ਖੜ੍ਹਾ ਗੰਦਾ ਹੋਇਆ ਪਾਣੀ ਬੇਹੱਦ ਖ਼ਤਰਨਾਕ ਬਿਮਾਰੀਆਂ ਵਿਚ ਜ਼ੋਰਦਾਰ ਵਾਧਾ ਕਰ ਰਿਹਾ ਹੈ ਅਤੇ ਮਨੁੱਖੀ ਸਿਹਤ ਲਈ ਇਹ ਗੰਦਾ ਪਾਣੀ ਬੇਹੱਦ ਖਤਰਨਾਕ ਸਾਬਤ ਹੋ ਰਿਹਾ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਵਿਧਾਨ ਸਭਾ ਹਲਕਿਆਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਅਧੀਨ 241 ਪਿੰਡ ਆਉਦੇ ਹਨ। ਹਰੇਕ ਪਿੰਡ ਵਿਚ ਇਕ-ਇਕ ਛੱਪੜ ਤਾਂ ਹੈ ਹੀ ਪਰ ਵੱਡੇ ਪਿੰਡਾਂ ਵਿਚ ਦੋ-ਦੋ ਛੱਪੜ ਵੀ ਹਨ। ਬਹੁਤ ਹੀ ਘੱਟ ਅਜਿਹੇ ਪਿੰਡ ਹਨ ਜਿਥੇ ਛੱਪੜਾਂ ਵਿਚ ਪਾਣੀ ਸਾਫ਼-ਸੁਥਰਾ ਹੋਵੇ ਜਾਂ ਛੱਪੜਾਂ ਦਾ ਆਲਾ-ਦੁਆਲਾ ਵੀ ਸਾਫ-ਸੁਥਰਾ ਹੋਵੇ।। ਬਹੁਤੇ ਪਿੰਡਾਂ ਵਿਚ ਤਾਂ ਛੱਪੜਾਂ ਵਿਚ ਗੰਦਾ ਪਾਣੀ ਹੀ ਖੜ੍ਹਾ ਹੈ। ਘਰਾਂ ਦਾ ਗੰਦਾ ਪਾਣੀ ਨਾਲੀਆਂ ਰਾਹੀਂ ਹੋ ਕੇ ਕਈ ਥਾਵਾਂ 'ਤੇ ਛੱਪੜਾਂ ਵਿਚ ਹੀ ਪਾਇਆ ਜਾਂਦਾ ਹੈ। ਜਿੰਨਾਂ ਲੋਕਾਂ ਦੇ ਘਰ ਛੱਪੜਾਂ ਦੇ ਨੇੜੇ ਹਨ, ਉਹਨਾਂ ਲੋਕਾਂ ਦੇ ਨੱਕ ਵਿਚ ਦਮ ਆਇਆ ਪਿਆ ਹੈ। ਲੋਕਾਂ ਨੇ ਪ੍ਰਸ਼ਾਸ਼ਨ ਤੱਕ ਇਸ ਮਸਲੇ ਨੂੰ ਲੈ ਕੇ ਕਈ ਵਾਰ ਫਰਿਆਦ ਵੀ ਕੀਤੀ ਹੈ। ਪਰ ਕਿਸੇ ਨੇ ਉਹਨਾਂ ਦੀ ਬਾਂਹ ਨਹੀ ਫੜੀ।

ਇਕ ਗੱਲ ਹੋਰ ਦੱਸਣਯੋਗ ਹੈ ਕਿ ਇਸੇ ਸਾਲ ਦੇ ਸ਼ੁਰੂ ਵਿਚ ਪੰਜਾਬ ਸਰਕਾਰ ਨੇ ਪੇਂਡੂ ਛੱਪੜਾਂ ਦੀ ਸਾਫ਼-ਸਫਾਈ ਲਈ ਲੱਖਾਂ ਰੁਪਏ ਸਰਕਾਰੀ ਖਜਾਨੇ ਵਿਚ ਰੱਖੇ ਸਨ ਤੇ ਇਹਨਾਂ ਪੈਸਿਆਂ ਨਾਲ ਛੱਪੜਾਂ ਦੀ ਸਾਫ਼-ਸਫ਼ਾਈ ਕਰਵਾਈ ਜਾਣੀ ਸੀ ਅਤੇ ਗੰਦਾ ਪਾਣੀ ਕੱਢਿਆ ਜਾਣਾ ਸੀ। ਪਰ ਜ਼ਿਆਦਾ ਥਾਵਾਂ 'ਤੇ ਇਹ ਕੰਮ
ਕਾਗਜਾਂ-ਪੱਤਰਾਂ ਵਿਚ ਹੀ ਪੂਰਾ ਹੋ ਗਿਆ। ਜਦੋਂਕਿ ਪੇਂਡੂ ਛੱਪੜਾਂ ਵਿਚ ਗੰਦੇ ਪਾਣੀ ਦਾ ਮਸਲਾ ਜਿਉਂ ਦਾ ਤਿਉਂ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਪਿਛਲੇ ਦੋ ਦਹਾਕਿਆਂ ਤੋਂ ਪ੍ਰਦੂਸ਼ਿਤ ਅਤੇ ਗੰਦਲੇ ਹੋਏ ਵਾਤਾਵਰਨ ਦੇ ਕਾਰਨ ਸੈਕੜੇ ਲੋਕਾਂ ਨੂੰ ਪਹਿਲਾਂ ਹੀ ਨਾਮੁਰਾਦ ਬਿਮਾਰੀਆਂ ਕੈਂਸਰ, ਕਾਲਾ ਪੀਲੀਆ, ਦਿਲ ਦੀਆਂ ਬਿਮਾਰੀਆਂ, ਗੁਰਦਿਆਂ ਦੀਆਂ ਬਿਮਾਰੀਆਂ, ਹੱਡੀਆਂ ਦੀਆਂ ਬਿਮਾਰੀਆਂ ਤੇ ਸ਼ੂਗਰ ਆਦਿ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਹੈ ਅਤੇ ਇਹਨਾਂ ਬਿਮਾਰੀਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਲਸਿਲਾ ਅਜੇ ਵੀ ਖ਼ਤਮ ਨਹੀਂ ਹੋਇਆ ਅਨੇਕਾਂ ਲੋਕ ਵੱਖ-ਵੱਖ ਬਿਮਾਰੀਆਂ ਤੋਂ ਅਜੇ ਵੀ ਪੀੜਤ ਹਨ।

ਸਕੂਲਾਂ ਦੇ ਨਾਲ ਲੱਗਦੇ ਹਨ ਛੱਪ

ਇਕ ਗੱਲ ਹੋਰ ਕਈ ਅਜਿਹੇ ਪਿੰਡ ਹਨ ਜਿਥੇ ਛੱਪੜ ਜਾਂ ਛੱਪੜੀਆਂ ਸਰਕਾਰੀ ਸਕੂਲਾਂ ਦੇ ਬਿਲਕੁਲ ਨਾਲ ਹਨ। ਅਜਿਹੇ ਪਿੰਡਾਂ ਵਿਚ ਲੱਖੇਵਾਲੀ, ਮਹਾਂਬੱਧਰ, ਭੰਗਚੜੀ, ਰਹੂੜਿਆਂਵਾਲੀ, ਭਾਗਸਰ ਤੇ ਹੋਰ ਕਈ ਪਿੰਡਾਂ ਦੇ ਨਾਮ ਸ਼ਾਮਲ ਹਨ। ਗੰਦੇ ਪਾਣੀ ਤੋਂ ਮੱਛਰ ਅਤੇ ਮੱਖੀਆਂ ਆਦਿ ਪੈਦਾ ਹੁੰਦੀਆਂ ਹਨ ਤੇ ਕਈ ਤਰ੍ਹਾਂ ਦੇ ਜ਼ਹਿਰੀਲੇ ਮੱਛਰ ਲੋਕਾਂ ਦੇ ਲੜ ਕੇ ਬਿਮਾਰੀਆਂ ਵਿਚ ਵਾਧਾ ਕਰਦੇ ਹਨ। ਇਹਨਾਂ ਪੇਂਡੂ ਛੱਪੜਾਂ ਦੀ ਦਿਖ ਨੂੰ ਸੰਵਾਰਨ ਲਈ ਨਾ ਤਾਂ ਕਈ ਪਿੰਡਾਂ ਦੀਆਂ ਪੰਚਾਇਤਾਂ ਕੰਮ ਕਰ ਰਹੀਆਂ ਹਨ ਤੇ ਨਾ ਹੀ ਪ੍ਰਸ਼ਾਸ਼ਨ ਦੇ ਅਧਿਕਾਰੀ ਅਤੇ ਸਰਕਾਰ ਇਸ ਪਾਸੇ ਧਿਆਨ ਦੇ ਰਹੀ ਹੈ। ਕੁੱਲ ਮਿਲਾ ਕੇ ਪੇਂਡੂ ਛੱਪੜਾਂ ਦੀ ਕਿਸੇ ਨੇ ਸਾਰ ਨਹੀ ਲਈ। ਜਦੋਂਕਿ ਕਿਸੇ ਸਮੇਂ ਵਿਚ ਇਹ ਛੱਪੜ ਅਤੇ ਛੱਪੜੀਆਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਵਿਚ ਇਕ ਖਾਸ ਸਥਾਨ ਰੱਖਦੇ ਸਨ ਤੇ ਇਹਨਾਂ ਛੱਪੜਾਂ 'ਤੇ ਖੂਬ ਰੌਣਕਾਂ ਹੁੰਦੀਆਂ ਸਨ। ਸਾਫ਼ ਪਾਣੀ ਹੁੰਦਾ ਸੀ ਤੇ ਜਿਥੇ ਲੋਕ ਪਸ਼ੂਆਂ ਨੂੰ ਇਹਨਾਂ ਛੱਪੜਾਂ ਵਿਚ ਨਹਾਉਂਦੇ ਸਨ, ਉਥੇ ਲੋਕ ਆਪ ਵੀ ਇਹਨਾਂ ਛੱਪੜਾਂ ਵਿਚ ਨਹਾ ਲੈਦੇ ਸਨ। ਕਿਉਕਿ ਛੱਪੜ ਵੀ ਸਾਫ਼ ਹੁੰਦੇ ਸਨ ਤੇ ਛੱਪੜਾਂ ਦਾ ਆਲਾ-ਦੁਆਲਾ ਵੀ ਸਾਫ਼-ਸੁਥਰਾ ਹੁੰਦਾ ਸੀ। ਛੱਪੜਾਂ ਦੇ ਕੰਢਿਆਂ 'ਤੇ ਲੱਗੇ ਬੋਹੜਾਂ ਅਤੇ ਪਿੱਪਲਾਂ ਦੇ ਹੇਠਾਂ ਲੋਕ ਸਾਰਾ-ਸਾਰਾ ਦਿਨ ਬੈਠੇ ਰਹਿੰਦੇ ਸਨ। ਪਰ ਹੁਣ ਇਹਨਾਂ ਛੱਪੜਾਂ ਦੀ ਕੋਈ ਸਾਰ ਨਹੀ ਲੈ ਰਿਹਾ। ਅਨੇਕਾਂ ਥਾਵਾਂ 'ਤੇ ਤਾਂ ਲੋਕ ਛੱਪੜ-ਛੱਪੜੀਆਂ ਦੇ ਥਾਵਾਂ 'ਤੇ ਨਜਾਇਜ ਕਬਜੇ ਕਰਕੇ ਘਰ ਬਣਾ ਲਏ ਹਨ। ਅਜੇ ਵੀ ਵੇਲਾ ਸੰਭਾਲਣ ਦੀ ਲੋੜ ਹੈ। ਪੰਜਾਬ ਸਰਕਾਰ, ਪ੍ਰਸ਼ਾਸ਼ਨ, ਪਿੰਡਾਂ ਦੀਆਂ ਪੰਚਾਇਤਾਂ ਅਤੇ ਸਿਆਸੀ ਨੇਤਾਵਾਂ ਨੂੰ ਪੇਂਡੂ ਛੱਪੜਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਛੱਪੜਾਂ ਵਿਚ ਖੜ੍ਹਾ ਗੰਦਾ ਪਾਣੀ ਬਾਹਰ ਕਢਵਾਇਆ ਜਾਵੇ ਅਤੇ ਆਲਾ-ਦੁਆਲਾ ਸਾਫ਼ ਕਰਵਾਇਆ ਜਾਵੇ ਤਾਂ ਜੋ ਲੋਕ ਬਿਮਾਰੀਆਂ ਤੋਂ ਬਚ ਸਕਣ।


author

Harinder Kaur

Content Editor

Related News