ਖੰਡਰ ਬਣੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਸੁਵਿਧਾ ਕੇਂਦਰ, ਤੁਰੰਤ ਖੋਲ੍ਹਣ ਦੀ ਮੰਗ

05/12/2022 4:03:25 PM

ਸ਼ੇਰਪੁਰ (ਅਨੀਸ਼) : ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਾਲ 2016 ਵਿਚ ਸੂਬੇ ਭਰ ਦੇ ਪਿੰਡਾਂ ’ਚ ਲੋਕਾਂ ਨੂੰ ਸਹੂਲਤਾਂ ਦੇਣ ਦੇ ਮਕਸਦ ਵਜੋਂ ਕਰੀਬ 2100 ਸੁਵਿਧਾ ਕੇਂਦਰ ਖੋਲ੍ਹੇ ਗਏ ਸਨ, ਜਿਨ੍ਹਾਂ ’ਤੇ ਪੰਜਾਬ ਸਰਕਾਰ ਦਾ ਕਰੋੜਾਂ ਰੁਪਏ ਖ਼ਰਚ ਆਇਆ ਸੀ ਪਰ 2017 ’ਚ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਕਰੀਬ 1600 ਸੁਵਿਧਾ ਕੇਂਦਰ ਬੰਦ ਕਰ ਦਿੱਤੇ ਸਨ। ਹੁਣ ਪੰਜਾਬ ’ਚ ਕਰੀਬ 515 ਸੁਵਿਧਾ ਕੇਂਦਰ ਕੰਮ ਕਰ ਰਹੇ ਹਨ। ਦਫ਼ਤਰੀ ਕੰਮਕਾਜ ਲਈ ਜਨਤਾ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ।

ਬਲਾਕ ਸ਼ੇਰਪੁਰ ਵਿਖੇ ਫਰਵਾਹੀ, ਘਨੌਰੀ ਕਲਾਂ ਤੇ ਅਲਾਲ ਸਮੇਤ ਕਈ ਹੋਰ ਪਿੰਡਾਂ ਦੇ ਸੁਵਿਧਾ ਕੇਂਦਰ ਬੰਦ ਪਏ ਹਨ। ਸੁਵਿਧਾ ਕੇਂਦਰ ਨੇੜੇ ਨਾ ਹੋਣ ਕਰ ਕੇ ਲੋਕਾਂ ਨੂੰ ਆਪਣੇ ਕੰਮਾਂ ਲਈ ਦੂਰ-ਦੂਰਾਡੇ ਜਾਣਾ ਪੈਂਦਾ ਹੈ ਅਤੇ ਕਈ-ਕਈ ਦਿਨ ਖੱਜਲ-ਖੁਆਰ ਹੋਣਾ ਪੈਂਦਾ ਹੈ। ਬਜ਼ੁਰਗਾਂ ਅਤੇ ਮਜ਼ਦੂਰਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਸ ਪਿੰਡਾਂ ਦੇ ਲੋਕਾਂ ਦੀ ਮੁੱਖ ਮੰਗ ਹੈ ਕਿ ਸਾਡੇ ਪਿੰਡਾਂ ’ਚ ਬੰਦ ਪਏ ਸੁਵਿਧਾ ਕੇਂਦਰ ਖੋਲ੍ਹੇ ਜਾਣ ਤਾਂ ਜੋ ਸਾਨੂੰ ਦਫ਼ਤਰੀ ਕੰਮਾਂ ਲਈ ਦੂਰ-ਦੂਰਾਡੇ ਨਾ ਜਾਣਾ ਪਵੇ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਈਸਾਪੁਰ ਅਤੇ ਸਵਰਨਕਾਰ ਸੰਘ ਦੇ ਆਗੂ ਕੁਲਵਿੰਦਰ ਕੁਮਾਰ ਕਾਲਾ ਵਰਮਾ ਨੇ ਕਿਹਾ ਕਿ ਜੇਕਰ ਸਰਕਾਰ ਬੰਦ ਪਏ ਸੁਵਿਧਾ ਕੇਂਦਰ ਦੀ ਥੋੜੀ ਬਹੁਤੀ ਮੁਰੰਮਤ ਕਰਵਾ ਕੇ ਮੁੜ ਚਾਲੂ ਕਰਵਾ ਦੇਵੇ ਤਾਂ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਖੱਜਲ-ਖੁਆਰੀ ਦੂਰ ਹੋ ਜਾਵੇਗੀ, ਜਿਨ੍ਹਾਂ ’ਚ ਕੁੱਝ ਬਜ਼ੁਰਗ ਲੋਕ ਵੀ ਹੁੰਦੇ ਹਨ, ਜਿਹੜੇ ਕਈ ਕਿਲੋਮੀਟਰ ਦਾ ਫ਼ਾਸਲਾ ਤੈਅ ਕਰ ਕੇ ਸੁਵਿਧਾ ਕੇਂਦਰ ਵਿਚ ਪਹੁੰਚਦੇ ਹਨ। ਉਹ ਲੰਬੀਆਂ-ਲੰਬੀਆਂ ਕਤਾਰਾਂ ’ਚ ਖੜ੍ਹੇ ਹੁੰਦੇ ਹਨ ਤੇ ਕਈ ਵਾਰ ਵਾਰੀ ਨਹੀਂ ਆਉਂਦੀ ਤਾਂ ਅਗਲੇ ਦਿਨ ਫਿਰ ਜਾਣਾ ਪੈਂਦਾ ਹੈ। ਇਸ ਤਰ੍ਹਾਂ ਦੋ-ਤਿੰਨ ਦਿਨ ਛੋਟਾ-ਮੋਟਾ ਕੰਮ ਕਰਵਾਉਣ ਲਈ ਲੰਘ ਜਾਂਦੇ ਹਨ। ਇਨ੍ਹਾਂ ’ਚ ਕਈ ਮਜ਼ਦੂਰ ਵੀ ਹੁੰਦੇ, ਜੇਕਰ ਕਿਸੇ ਮਜ਼ਦੂਰ ਦੀਆਂ ਦੋ-ਤਿੰਨ ਦਿਹਾੜੀਆਂ ਟੁੱਟ ਜਾਣ ਤਾਂ ਉਹ ਆਪਣਾ ਗੁਜ਼ਾਰਾ ਕਿਵੇਂ ਕਰ ਸਕੇਗਾ। ਇਸ ਮੌਕੇ ਇਲਾਕੇ ਦੇ ਸਮੂਹ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੰਦ ਪਏ ਸੁਵਿਧਾ ਕੇਂਦਰਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।
 


Babita

Content Editor

Related News