ਸੇਵਾ ਕੇਂਦਰਾਂ ''ਚ ਜਨਤਾ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਹੋਣਗੀਆਂ ਜਲਦ ਦੂਰ: ਡੀ. ਸੀ

07/24/2017 6:34:04 PM

ਜਲੰਧਰ(ਅਮਿਤ)— ਸੇਵਾ ਕੇਂਦਰ ਜਿਨ੍ਹਾਂ ਦੀ ਸਥਾਪਨਾ ਜਨਤਾ ਨੂੰ ਹਰ ਤਰ੍ਹਾਂ ਦੀ ਸਹੂਲਤ ਉਨ੍ਹਾਂ ਦੇ ਘਰ ਨੇੜੇ ਦਿਵਾਉਣ ਦੇ ਮਕਸਦ ਨਾਲ ਹੋਈ ਸੀ ਪਰ ਇਥੇ ਆਉਣ ਵਾਲੇ ਲੋਕਾਂ ਨੂੰ ਫਿਰ ਪਰੇਸ਼ਾਨੀਆਂ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲੇ ਦੇ ਸੇਵਾ ਕੇਂਦਰਾਂ 'ਚ ਆਮ ਜਨਤਾ ਨੂੰ ਪੇਸ਼ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ ਅਤੇ ਜਲਦੀ ਹੀ ਜਨਤਾ ਦੀਆਂ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ। ਇਸ ਗੱਲ ਦੀ ਜਾਣਕਾਰੀ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ ਤੇ ਕਿਹਾ ਕਿ ਸਹਾਇਕ ਕਮਿਸ਼ਨਰ (ਜਨਰਲ) ਜੈ ਇੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਪ੍ਰਾਈਵੇਟ ਕੰਪਨੀ ਬੀ. ਐੱਲ. ਐੱਸ. ਸਲਿਊਸ਼ਨ ਪ੍ਰਾਈਵੇਟ ਲਿਮ. ਨਾਲ ਸਾਂਝੇ ਤੌਰ 'ਤੇ ਇਕ ਐਕਸ਼ਨ ਪਲਾਨ ਤਿਆਰ ਕਰਨ ਤਾਂ ਜੋ ਸੇਵਾ ਕੇਂਦਰਾਂ ਦੇ ਕੰਮਕਾਜ 'ਚ ਸੁਧਾਰ ਲਿਆਂਦਾ ਜਾ ਸਕੇ। 
ਕੀ ਹੈ ਵਿਸ਼ੇਸ਼ ਐਕਸ਼ਨ ਪਲਾਨ?
ਡੀ. ਸੀ. ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਜੈ ਇੰਦਰ ਸਿੰਘ ਦੀ ਪ੍ਰਾਈਵੇਟ ਕੰਪਨੀ ਦੇ ਜ਼ੋਨਲ ਹੈੱਡ ਅਮਰਪਾਲ ਸਿੰਘ ਨਾਲ ਇਕ ਮੁਲਾਕਾਤ ਹੋਈ ਹੈ। ਜਿਸ 'ਚ ਇਸ ਗੱਲ ਦਾ ਫੈਸਲਾ ਲਿਆ ਗਿਆ ਹੈ ਕਿ ਕੰਪਨੀ ਵਲੋਂ ਰਨਰਾਂ ਦੀ ਗਿਣਤੀ ਵਧਾਈ ਜਾਵੇਗੀ ਅਤੇ ਸੇਵਾ ਕੇਂਦਰਾਂ 'ਚ ਐਫੀਡੇਵਿਟ ਬਣਾਉਣ ਲਈ ਆਉਣ ਵਾਲੇ ਬਿਨੈਕਰਤਾਵਾਂ ਨੂੰ ਪ੍ਰਿੰਟ ਆਊਟ ਦੇ ਕੇ ਮੈਜਿਸਟ੍ਰੇਟ ਕੋਲ ਸਾਈਨ ਕਰਵਾਉਣ ਲਈ ਨਹੀਂ ਭੇਜਿਆ ਜਾਵੇਗਾ, ਸਗੋਂ ਕੰਪਨੀ ਦਾ ਰਨਰ ਐਫੀਡੇਵਿਟ ਲੈ ਕੇ ਮੈਜਿਸਟ੍ਰੇਟ ਕੋਲ ਜਾਵੇਗਾ ਤੇ ਬਾਅਦ 'ਚ ਹੋਲੋਗ੍ਰਾਮ ਲਗਾ ਕੇ ਬਿਨੈਕਰਤਾ ਨੂੰ ਸੇਵਾ ਕੇਂਦਰ ਤੋਂ ਹੀ ਡਲਿਵਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸੁਵਿਧਾ ਸੈਂਟਰ 'ਚ ਜਿਸ ਤਰ੍ਹਾਂ ਹਰ ਰੋਜ਼ ਤਹਿਸੀਲਦਾਰ ਦੀ ਡਿਊਟੀ ਬਤੌਰ ਮੈਜਿਸਟ੍ਰੇਟ ਲਗਾਈ ਜਾਂਦੀ ਸੀ, ਉਸੇ ਮਾਡਿਊਲ 'ਤੇ ਦੁਬਾਰਾ ਕੰਮ ਕਰਦੇ ਹੋਏ ਇਕ ਰੋਸਟਰ ਤਿਆਰ ਕੀਤਾ ਜਾਵੇਗਾ, ਜਿਸ 'ਚ ਵੱਖ-ਵੱਖ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਡਿਊਟੀ ਟਾਈਪ -1 ਸੇਵਾ ਕੇਂਦਰ 'ਚ ਲਗਾਈ ਜਾਵੇਗੀ ਤਾਂ ਕਿ ਹਰ ਸੇਵਾ ਕੇਂਦਰ ਤੋਂ ਆਉਣ ਵਾਲੇ ਐਫੀਡੇਵਿਟ ਇਕ ਹੀ ਜਗ੍ਹਾ 'ਤੇ ਸਾਈਨ ਹੋ ਸਕਣ। ਇਸ ਦੇ ਨਾਲ ਰੋਜ਼ਾਨਾ ਅੰਤਰਾਲ 'ਤੇ ਸੇਵਾ ਕੇਂਦਰਾਂ ਦੀ ਐਮਰਜੈਂਸੀ ਚੈਕਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੈਂਡਿੰਗ ਪਈਆਂ ਅਰਜ਼ੀਆਂ ਨੂੰ ਬਿਨਾਂ ਕਿਸੇ ਦੇਰੀ ਨਿਪਟਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦੀ ਪਾਲਣਾ ਨਾ ਕਰਨ 'ਤੇ ਨਿਯਮ ਮੁਤਾਬਕ ਸ਼ੋਅ-ਕਾਜ਼ ਨੋਟਿਸ ਜਾਰੀ ਕਰਦੇ ਹੋਏ ਬਣਦੇ ਜ਼ੁਰਮਾਨੇ ਦੀ ਸਿਫਾਰਿਸ਼ ਵੀ ਕੀਤੀ ਜਾਵੇਗੀ।


Related News