ਪੰਜਾਬ 'ਚ ਹੜ੍ਹ ਦੇ ਹਾਲਾਤ, ਫਿਲੌਰ ਦੀ ਪੁਲਸ ਅਕੈਡਮੀ 'ਚ ਵੜਿਆ ਪਾਣੀ, ਡੁੱਬੀਆਂ ਗੱਡੀਆਂ

Monday, Jul 10, 2023 - 01:18 PM (IST)

ਪੰਜਾਬ 'ਚ ਹੜ੍ਹ ਦੇ ਹਾਲਾਤ, ਫਿਲੌਰ ਦੀ ਪੁਲਸ ਅਕੈਡਮੀ 'ਚ ਵੜਿਆ ਪਾਣੀ, ਡੁੱਬੀਆਂ ਗੱਡੀਆਂ

ਜਲੰਧਰ/ਫਿਲੌਰ–ਪੰਜਾਬ, ਹਿਮਾਚਲ ’ਚ ਲਗਾਤਾਰ ਪੈ ਰਹੇ ਮੀਂਹ ਨਾਲ ਦਰਿਆ ਅਤੇ ਨਾਲੇ ਪੂਰੇ ਉਫਾਨ ’ਤੇ ਹਨ। ਪੰਜਾਬ ’ਚ ਵੀ ਦਰਿਆਵਾਂ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤਕ ਪਹੁੰਚ ਚੁੱਕਾ ਹੈ, ਜਿਸ ਕਾਰਨ ਹੜ੍ਹ ਦੇ ਹਾਲਾਤ ਬਣ ਗਏ ਹਨ। ਜਲੰਧਰ ਵਿੱਚ ਪੈਂਦੇ ਫਿਲੌਰ ਖੇਤਰ ਵਿਚ ਸਥਿਤ ਪੰਜਾਬ ਪੁਲਸ ਅਕੈਡਮੀ ਵਿਚ ਸਤਲੁਜ ਦਰਿਆ ਦਾ ਪਾਣੀ ਵੜ ਗਿਆ ਹੈ। ਪੁਲਸ ਦੇ ਜਵਾਨ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਪੰਜਾਬ ਪੁਲਸ ਦੇ ਕਈ ਅਧਿਕਾਰੀਆਂ ਦੀਆਂ ਗੱਡੀਆਂ ਪਾਣੀ ਦੀ ਲਪੇਟ ਵਿੱਚ ਆ ਗਈਆਂ ਹਨ। 

PunjabKesari

ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਦੇਰ ਰਾਤ ਅਕੈਡਮੀ ਦੇ ਨਾਲ ਲੱਗੇ ਸਤਲੁਜ ਦਰਿਆ ਵਿਚ ਦਰਾਰ ਆ ਗਈ, ਜਿਸ ਦੇ ਬਾਅਦ ਸਤਲੁਜ ਦਾ ਪਾਣੀ ਰਣਜੀਤ ਸਿੰਘ ਗੋਲਫ਼ ਕਲੱਬ ਰੇਂਜ ਦੇ ਕੋਲ ਇਕੱਠਾ ਹੋ ਗਿਆ। ਇਸ ਦੌਰਾਨ ਉਥੇ ਪਾਰਕਿੰਗ ਵਿਚ ਖੜ੍ਹੀਆਂ ਕਈ ਗੱਡੀਆਂ ਪਾਣੀ ਦੀ ਲਪੇਟ ਵਿਚ ਆ ਗਈਆਂ। ਪੰਜਾਬ ਪੁਲਸ ਦੇ ਕਰਮਚਾਰੀ ਗੱਡੀਆਂ ਨੂੰ ਬਾਹਰ ਕੱਢਣ ਅਤੇ ਬੰਨ੍ਹ ਦੀ ਮੁਰੰਮਤ ਵਿਚ ਜੁਟੇ ਹੋਏ ਸਨ।  ਜ਼ਿਕਰਯੋਗ ਹੈ ਕਿ ਜਲੰਧਰ ਸ਼ਹਿਰ ਦੇ ਡੀ. ਸੀ. ਵਿਸ਼ੇਸ਼ ਸਾਰੰਗਲ ਨੇ ਹੜ੍ਹ ਵਰਗੀ ਸਥਿਤੀ ਨੂੰ ਵੇਖਦੇ ਹੋਏ ਕੱਲ੍ਹ ਫਿਲੌਰ ਅਤੇ ਸ਼ਾਹਕੋਟ ਦੇ ਸਾਰੇ ਸਰਕਾਰੀ ਸੰਸਥਾਵਾਂ ਅਤੇ ਸਕੂਲ ਕਾਲਜਾਂ ਵਿਚ 10 ਤਾਰੀਖ਼ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਸੀ। 
ਇਹ ਵੀ ਪੜ੍ਹੋ- ਹੜ੍ਹ ਦਾ ਅਲਰਟ:  ਡੀ. ਸੀ. ਵਿਸ਼ੇਸ਼ ਸਾਰੰਗਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ, ਦਿੱਤੇ ਸਖ਼ਤ ਨਿਰਦੇਸ਼

PunjabKesari

ਪ੍ਰਸ਼ਾਸਨ ਨੇ ਪਿੰਡ ਪੁਵਾਰੀ, ਲਸਾੜਾ, ਮਿਓਵਾਲ ਅਤੇ ਮੌ ਸਾਹਿਬ ਵਿਚ ਨਾਜੁਕ ਬੰਨ੍ਹਾਂ ਦੇ ਟੁੱਟਣ ਦੇ ਖ਼ਤਰੇ ਨੂੰ ਵੇਖਦੇ ਹੋਏ ਮਜ਼ਬੂਤੀ ਦਾ ਕੰਮ ਸ਼ੁਰੂ ਕਰਵਾਇਆ ਹੈ। ਲੋਕਾਂ ਦੀ ਸੁਰੱਖਿਆ ਲਈ ਮਿਲਟਰੀ ਨੂੰ ਵੀ ਬੁਲਾ ਲਿਆ ਗਿਆ। ਦਰਿਆ ਨੇੜੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਘਰ ਖ਼ਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੂਚਨਾ ਮੁਤਾਬਕ ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਹੁਣ ਉਸ ਦਾ ਖ਼ਤਰਾ ਪੰਜਾਬ ’ਤੇ ਵੀ ਮੰਡਰਾਉਣਾ ਸ਼ੁਰੂ ਹੋ ਚੁੱਕਾ ਹੈ। ਫਿਲੌਰ ਦਾ ਸਤਲੁਜ ਦਰਿਆ, ਜਿਸ ਵਿਚ 2 ਦਿਨ ਪਹਿਲਾਂ ਨਾ-ਮਾਤਰ ਪਾਣੀ ਸੀ। ਬੀਤੇ ਦਿਨ ਇਕਦਮ ਪੱਧਰ ਵਧਣ ਦੇ ਮੱਦੇਨਜ਼ਰ ਏ. ਡੀ. ਸੀ. ਜਲੰਧਰ ਆਪਣੇ ਪੂਰੇ ਦਲ ਬਲ ਨਾਲ ਦਰਿਆ ਦੀ ਸਥਿਤੀ ਦਾ ਜਾਇਜ਼ਾ ਲੈਣ ਪੁੱਜੇ।

ਇਹ ਵੀ ਪੜ੍ਹੋ- ਮੀਂਹ ਕਾਰਨ ਸ੍ਰੀ ਅਨੰਦਪੁਰ ਸਾਹਿਬ 'ਚ ਵਿਗੜੇ ਹਾਲਾਤ, ਮੰਤਰੀ ਹਰਜੋਤ ਬੈਂਸ ਨੇ ਕੀਤੀ ਇਹ ਅਪੀਲ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਦਰਿਆ ’ਚ 50 ਹਜ਼ਾਰ ਕਿਊਸਿਕ ਪਾਣੀ ਹੈ ਅਤੇ ਪਿੱਛੇ ਭਾਖੜਾ ਅਤੇ ਰੋਪੜ ਤੋਂ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਦੇ ਰਾਤ 11 ਵਜੇ ਤੱਕ ਪੁੱਜਣ ਦੀ ਉਮੀਦ ਹੈ, ਜਿਸ ਨਾਲ ਦਰਿਆ ’ਚ 2 ਲੱਖ 35 ਹਜ਼ਾਰ ਕਿਊਸਿਕ ਪਾਣੀ ਹੋ ਜਾਵੇਗਾ। ਹੜ੍ਹ ਵਰਗੇ ਹਾਲਾਤ ਨਾਲ ਨਜਿੱਠਣ ਲਈ ਜ਼ਿਲੇ ਦੇ ਸਾਰੇ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਮਿਲਟਰੀ ਨੂੰ ਵੀ ਬੁਲਾ ਲਿਆ ਗਿਆ ਹੈ।
PunjabKesari

ਅਧਿਕਾਰੀਆਂ ਨੇ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰ ਕੇ ਸੁਰੱਖਿਅਤ ਥਾਵਾਂ ’ਤੇ ਪੁੱਜਣ ਦੇ ਨਿਰਦੇਸ਼ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸ਼ਹਿਰ ’ਚ ਕਿਸ਼ਤੀਆਂ ਵੀ ਮੰਗਵਾ ਲਈਆਂ ਗਈਆਂ ਹਨ। ਫਿਲੌਰ ’ਚ ਪੈਂਦੇ 4 ਪਿੰਡਾਂ ਮੌ ਸਾਹਿਬ, ਮਿਓਵਾਲ, ਪੁਵਾਰੀ ਅਤੇ ਲਸਾੜਾ ਜਿੱਥੇ ਬੰਨ੍ਹ ਕਮਜ਼ੋਰ ਲੱਗ ਰਹੇ ਹਨ, ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮਿੱਟੀ ਦੇ ਬੋਰੇ ਭਰ ਕੇ ਬੰਨ੍ਹ ਲਗਾਉਣ ਲਈ ਅਧਿਕਾਰੀਆਂ ਨਾਲ ਪਿੰਡ ਵਾਸੀਆਂ ਨੇ ਵੀ ਮਿਲ ਕੇ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਿੱਛੋਂ ਜੇਕਰ ਇਸੇ ਹੀ ਤਰ੍ਹਾਂ ਪਾਣੀ ਛੱਡਦੇ ਗਏ ਤਾਂ ਸਾਲ 2019 ਵਾਂਗ ਹਾਲਾਤ ਬਣ ਸਕਦੇ ਹਨ। ਸਾਲ 2019 ’ਚ ਵੀ ਫਿਲੌਰ ਦੇ ਨਾਲ ਲਗਦੇ ਸੈਂਕੜੇ ਪਿੰਡ ਹੜ੍ਹ ਦੀ ਲਪੇਟ ’ਚ ਆ ਕੇ ਬਰਬਾਦ ਹੋ ਗਏ ਸਨ।

ਇਹ ਵੀ ਪੜ੍ਹੋ- ਭਾਰੀ ਬਾਰਿਸ਼ ਨਾਲ ਰੋਪੜ 'ਚ ਬਣੇ ਹੜ੍ਹ ਵਰਗੇ ਹਾਲਾਤ, ਹਾਈ ਅਲਰਟ ਜਾਰੀ, ਰੇਲ ਸੇਵਾਵਾਂ ਰੱਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

shivani attri

Content Editor

Related News