ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ, ਫਸਲਾਂ ਡੁੱਬੀਆਂ, ਲੋਕ ਸੁਰੱਖਿਅਤ ਥਾਵਾਂ ’ਤੇ ਜਾਣ ਨੂੰ ਮਜ਼ਬੂਰ

Tuesday, Jul 11, 2023 - 06:34 PM (IST)

ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ, ਫਸਲਾਂ ਡੁੱਬੀਆਂ, ਲੋਕ ਸੁਰੱਖਿਅਤ ਥਾਵਾਂ ’ਤੇ ਜਾਣ ਨੂੰ ਮਜ਼ਬੂਰ

ਧਰਮਕੋਟ/ਫਤਿਹਗੜ੍ਹ ਪੰਜਤੂਰ (ਅਕਾਲੀਆਂ ਵਾਲਾ) : ਪਿਛਲੇ ਦਿਨਾਂ ਤੋਂ ਪੰਜਾਬ ਦੇ ਕਈ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਿਸ਼ ਹੋਣ ਕਾਰਨ ਡੈਮਾਂ ਤੋਂ ਕਾਫੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਹੈ। ਸੋਮਵਾਰ ਨੂੰ ਵੀ ਰੋਪੜ ਹੈੱਡਵਰਕਸ ਤੋਂ ਕਾਫੀ ਪਾਣੀ ਛੱਡਿਆ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਇਸ ਇਲਾਕੇ ’ਚੋਂ ਲੰਘਦੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਹੋਰ ਵੀ ਵਧਣ ਦੀ ਸੰਭਾਵਨਾ ਹੈ। ਪਿੰਡ ਮੰਦਰ ਦੇ ਆਮ ਆਦਮੀ ਪਾਰਟੀ ਦੇ ਆਗੂ ਸੁਖਬੀਰ ਸਿੰਘ ਮੰਦਰ ਨੇ ਦੱਸਿਆ ਕਿ ਰੋਪੜ ਹੈੱਡਵਰਕ ਤੋਂ ਛੱਡੇ ਗਏ ਪਾਣੀ ਕਾਰਨ ਮੰਦਰ ਕਲਾਂ, ਕੰਬੋ ਕਲਾਂ ਆਦਿ ਪਿੰਡਾਂ ’ਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਅਤੇ ਲੋਕ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਭਾਵਿਤ ਇਲਾਕਿਆਂ ’ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਬਲਾਕ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ ਨੇ ਦੱਸਿਆ ਕਿ ਜਿਨ੍ਹਾਂ ਥਾਵਾਂ ਤੋਂ ਸਤਲੁਜ ਦਰਿਆ ਦਾ ਧੁੱਸੀਂ ਬੰਨ੍ਹ ਕਮਜ਼ੋਰ ਹੈ, ਉਨ੍ਹਾਂ ਥਾਵਾਂ ’ਤੇ ਮਿੱਟੀ ਪਾਉਣ ਦਾ ਕੰਮ ਵਿਧਾਇਕ ਲਾਡੀ ਢੋਸ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਇਨ੍ਹਾਂ ਤਾਰੀਖਾਂ ਤੋਂ ਮੁੜ ਭਾਰੀ ਮੀਂਹ ਦਾ ਅਲਰਟ

ਉਨ੍ਹਾਂ ਕਿਹਾ ਕਿ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਪਿੰਡ ਖੰਬਾ ’ਚ ਮਿੱਟੀ ਦਾ ਟੱਕ ਲਗਾਇਆ ਗਿਆ ਹੈ, ਜਿੱਥੋਂ ਟਰਾਲੀਆਂ ਰਾਹੀਂ ਮਿੱਟੀ ਲਿਆ ਕੇ ਪਿੰਡ ਸੰਘੇੜਾ ਅਤੇ ਹੋਰ ਕਮਜ਼ੋਰ ਥਾਵਾਂ ’ਤੇ ਪਾਉਣੀ ਜਾਰੀ ਹੈ, ਜਿਸ ਨਾਲ ਪਾਣੀ ਦੇ ਪੱਧਰ ਵੱਧਣ ਤੋਂ ਪੈਦਾ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ। ਗੁਰਪ੍ਰੀਤ ਕੰਬੋਜ ਨੇ ਦੱਸਿਆ ਕਿ ਪੰਜਾਬ ਸਰਕਾਰ ਹੜ੍ਹਾਂ ਨਾਲ ਪੈਦਾ ਹੋਣ ਵਾਲੇ ਖਤਰਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਯਕੀਨੀ ਬਣਾਈ ਜਾਵੇ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਯਤਨ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਸਤਲੁਜ ਤੇ ਸੇਵਾਵਾਂ ਨਿਭਾਅ ਰਹੇ ਹਨ ਅਤੇ ਲੋਕਾਂ ਦੇ ਨਾਲ ਤਾਲਮੇਲ ਰੱਖ ਕੇ ਮੌਕੇ ਦੀਆਂ ਸਥਿਤੀਆਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਸਰਕਾਰ ਦੇ ਧਿਆਨ ਵਿਚ ਲਿਆ ਰਹੇ ਹਨ। ਇਸ ਮੌਕੇ ਗੁਰਚਰਨ ਸਿੰਘ ਤਖਤੂਵਾਲਾ, ਗੁਰਮੇਲ ਸਿੰਘ ਸੰਘੇੜਾ, ਰਣਜੀਤ ਸਿੰਘ ਪਟਵਾਰੀ, ਨਵਜੋਤ ਸਿੰਘ ਮਾਈਨਿੰਗ ਅਫਸਰ, ਪ੍ਰਤਾਪ ਸਿੰਘ ਸਰਬਜੀਤ ਸਿੰਘ ਆਦਿ ਜੋ ਕੇ ਬੰਨ੍ਹ ’ਤੇ ਸਖਤ ਨਜ਼ਰ ਰੱਖ ਰਹੇ ਹਨ। ਸਰਕਾਰ ਵੱਲੋਂ ਡਿਊਟੀ ਨਿਭਾਅ ਰਹੇ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲੋਕਾਂ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜੀ, ਫਰੀਦਕੋਟ ਹਸਪਤਾਲ ਕਰਵਾਇਆ ਗਿਆ ਦਾਖ਼ਲ

ਸਰਕਾਰ ਅਤੇ ਲਾਡੀ ਢੋਸ ਪੈਦਾ ਹੋਏ ਹਾਲਾਤਾਂ ਨੂੰ ਲੈ ਕੇ ਗੰਭੀਰ : ‘ਆਪ’ ਆਗੂ

ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਸਿੰਘ ਬਿੱਟੂ ਥਿੰਦ, ਅਜਾਇਬ ਸਿੰਘ ਲਲਿਹਾਂਦੀ ਸਾਬਕਾ ਸਰਪੰਚ, ਚੰਦਰ ਸ਼ੇਖਰ ਬਾਂਸਲ ਫਤਿਹਗੜ੍ਹ ਪੰਜਤੂਰ, ਵੀਰ ਸਿੰਘ ਲਲਿਹਾਂਦੀ ਸਾਬਕਾ ਸਰਪੰਚ, ਸੁਖਬੀਰ ਸਿੰਘ ਨਾਗਪਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ’ਚ ਪੈਦਾ ਹੋਏ ਹੜਾਂ ਵਰਗੇ ਹਾਲਾਤ ਦੇ ਨਾਲ ਨਜਿੱਠਣ ਲਈ ਪੂਰੀ ਸਖਤੀ ਵਰਤੀ ਜਾ ਰਹੀ ਹੈ। ਹਲਕੇ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਲਾਡੀ ਢੋਸ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਗਾਤਾਰ ਦੌਰਾ ਕਰ ਰਹੇ ਹਨ। ਮੌਕੇ ਦੇ ਹਾਲਾਤ ਦੀ ਸਥਿਤੀ ਨੂੰ ਜਾਣ ਕਿ ਉੱਥੇ ਜਿਹੜੀਆਂ ਵੀ ਸਮੱਸਿਆ ਹਨ, ਉਨ੍ਹਾਂ ਨੂੰ ਹੱਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਲਾਡੀ ਇਲਾਕੇ ਲਈ ਪੂਰੀ ਤਰ੍ਹਾਂ ਫਿਕਰਮੰਦ ਹਨ ਅਤੇ ਉਨ੍ਹਾਂ ਵੱਲੋਂ ਮੌਜੂਦਾ ਹਾਲਾਤਾਂ ’ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਟਿਆਲਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪ੍ਰਨੀਤ ਕੌਰ ਨੇ ਵੱਡੀ ਨਦੀ ’ਚ ਚੜ੍ਹਾਈ ਸੋਨੇ ਦੀ ਨੱਥ ਤੇ ਚੂੜਾ

ਕਾਂਗਰਸ ਸਰਕਾਰ ਨੇ ਪੰਜ ਸਾਲਾਂ ਦੌਰਾਨ ਬੰਨ੍ਹੇ ਅਤੇ ਟੱਪਾ ’ਤੇ ਮਿੱਟੀ ਨਹੀਂ ਪਾਈ : ਪੱਪੂ ਕਾਹਨੇਵਾਲਾ

ਜੋਗਿੰਦਰ ਸਿੰਘ ਸਿੱਧੂ ਕਾਹਨੇਵਾਲਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਇਸ ਬੰਨ੍ਹ ਅਤੇ ਟੱਪਾ ’ਤੇ ਵੀ ਮਿੱਟੀ ਨਹੀਂ ਪਾਈ ਗਈ, ਜਿਸ ਕਰ ਕੇ ਬੰਨ੍ਹ ਦੀ ਹਾਲਤ ਕਾਫੀ ਤਰਸਯੋਗ ਹੋ ਚੁੱਕੀ ਹੈ। ਅਕਾਲੀ ਦਲ ਦੀ ਸਰਕਾਰ ਵੇਲੇ ਇਸ ਨੂੰ ਮਜ਼ਬੂਤ ਕੀਤਾ ਗਿਆ ਸੀ, ਪਰ ਹੁਣ ਸੱਤ ਸਾਲ ਦੌਰਾਨ ਬੰਨ ਕਮਜ਼ੋਰ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਦਾਰਪੁਰ ਸੰਘੇੜਾ ਤੋਂ ਲੈ ਕੇ ਪਿੰਡ ਮੇਲਕ ਕੰਗਾ ਤੱਕ ਬੰਨ੍ਹ ਦੀ ਹਾਲਤ ਤਰਸਯੋਗ ਹੈ। ਜੇਕਰ ਪਾਣੀ ਦਾ ਪੱਧਰ 2019 ਦੇ ਮੁਕਾਬਲੇ ਵੱਧ ਜਾਂਦਾ ਹੈ, ਤਾਂ ਬੰਨ੍ਹ ਟੁੱਟਣ ਦਾ ਖਤਰਾ ਹੋਵੇਗਾ ਅਤੇ ਇਲਾਕੇ ’ਚ ਭਾਰੀ ਤਬਾਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਅਸੀਂ ਪ੍ਰਸ਼ਾਸਨ ਦਾ ਹਰ ਪੱਖ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਗਏ ਸਹਿਯੋਗ ਕਰਾਂਗੇ ਕਿਉਂਕਿ ਇਹ ਸਾਂਝਾ ਅਤੇ ਮਾਨਵਤਾ ਦੇ ਭਲੇ ਦਾ ਕੰਮ ਹੈ। ਉਨ੍ਹਾਂ ਦੱਸਿਆ ਆਪਣੇ ਲਿਹਾਜ਼ ਵਾਲੇ ਮਿੱਤਰਾਂ ਨੂੰ ਫੋਨ ਲਗਾ ਦਿੱਤੇ ਹਨ ਕਿ ਮਿੱਟੀ ਦੀਆਂ ਟਰਾਲੀਆਂ ਘਰਾਂ ਵਿਚ ਭਰ ਕੇ ਡੱਕ ਲਈਆਂ ਜਾਣ ਅਤੇ ਜਦੋਂ ਕਿਤੇ ਵੀ ਲੋੜ ਪਵੇਗੀ ਤਾਂ ਤੁਰੰਤ ਟਰਾਲੀਆਂ ਬੰਨ੍ਹ ’ਤੇ ਮੰਗਵਾ ਲਈਆਂ ਜਾਣਗੀਆਂ।

ਇਹ ਵੀ ਪੜ੍ਹੋ : ਸੂਬੇ ’ਚ ਹੜ੍ਹਾਂ ਕਾਰਨ ਬਣੇ ਹਾਲਾਤ ਦਰਮਿਆਨ ਪੰਜਾਬ ਸਰਕਾਰ ਦਾ ਵੱਡਾ ਐਲਾਨ

ਫ਼ਸਲਾਂ ਡੁੱਬੀਆਂ, ਕਿਸਾਨਾਂ ਦੇ ਅਰਮਾਨ ਰੁੜ੍ਹੇ

ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਝੋਨਾ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ। ਬਹੁਤਾਤ ਕਿਸਾਨਾਂ ਵੱਲੋਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਮੱਕੀ ਮੂੰਗੀ ਪੁਦੀਨੇ ਦੀ ਕਾਸ਼ਤ ਕੀਤੀ ਗਈ ਸੀ, ਜੋ ਕੁਝ ਦਿਨਾਂ ਤੱਕ ਕੱਟਣ ਵਾਲੀ ਸੀ, ਪਰ ਬਰਸਾਤ ਅਤੇ ਸਤਲੁਜ ਦਰਿਆ ’ਚ ਪਾਣੀ ਭਰਨ ਦੇ ਨਾਲ ਕਿਸਾਨਾਂ ਦੇ ਚਾਅ ਅਧੂਰੇ ਰਹਿ ਗਏ ਹਨ। ਇਲਾਕੇ ਦੇ ਵੱਖ-ਵੱਖ ਕਿਸਾਨਾਂ ਨੇ ਕਿਹਾ ਜਿਸ ਤਰੀਕੇ ਪਾਣੀ ਦਾ ਪੱਧਰ ਵਧ ਰਿਹਾ ਹੈ ਉਸ ਦੇ ਨਾਲ ਉਨ੍ਹਾਂ ਦੀ ਫ਼ਸਲ ਬਿਲਕੁਲ ਤਬਾਹ ਹੋ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ’ਚ ਲਗਾਤਾਰ ਖ਼ਰਾਬ ਹੋ ਰਹੇ ਮੌਸਮ ਨੂੰ ਦੇਖਦੇ ਹੋਏ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Gurminder Singh

Content Editor

Related News