ਅੰਮ੍ਰਿਤਸਰ 'ਚ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੂੰ ਕੀਤਾ ਆਈਸੋਲੇਟ
Monday, Apr 06, 2020 - 11:47 AM (IST)
 
            
            ਅੰਮ੍ਰਿਤਸਰ (ਦਲਜੀਤ, ਰਮਨ) : ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਮ੍ਰਿਤਕ ਵਿਅਕਤੀ ਦਾ ਕੋਰੋਨਾ ਸਬੰਧੀ ਗੁੜਗਾਓਂ ਦੀ ਲੈਬਾਰਟਰੀ 'ਚੋਂ ਟੈਸਟ ਕਰਾਇਆ ਗਿਆ ਸੀ, ਜੋ ਕਿ ਪਾਜ਼ੇਟਿਵ ਆਇਆ ਸੀ ਪਰ ਇਸ ਤੋਂ ਬਾਅਦ 27 ਮਾਰਚ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਉਕਤ ਮਰੀਜ਼ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਫਿਲਹਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਦੁਬਾਰਾ ਉਕਤ ਮਰੀਜ਼ ਦੇ ਟੈਸਟ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮ੍ਰਿਤਕ ਕੋਰੋਨਾ ਪਾਜ਼ੇਟਿਵ ਸੀ ਜਾਂ ਨਹੀਂ। ਫਿਲਹਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਿਹਤ ਵਿਭਾਗ ਦੀ ਟੀਮ ਵਲੋਂ ਆਈਸੋਲੇਟ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਹੁਣ ਤੱਕ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪੰਜਾਬ ਨੂੰ ਵੀ ਇਸ ਵਾਇਰਸ ਨੇ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਲਿਆ ਹੈ ਅਤੇ ਸੂਬੇ 'ਚ ਇਸ ਵਾਇਰਸ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ 'ਚ ਮੌਤ
ਜਾਣੋ ਪੰਜਾਬ 'ਚ ਹੋਈਆਂ ਮੌਤਾਂ ਦਾ ਵੇਰਵਾ
ਸਭ ਤੋਂ ਪਹਿਲਾਂ 18 ਮਾਰਚ ਨੂੰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਦੀ ਮੌਤ ਹੋਈ, ਜੋ ਬੀਤੇ ਦਿਨੀਂ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ ਪਰਤਿਆ ਸੀ। ਦੂਜੀ ਮੌਤ 29 ਮਾਰਚ ਨੂੰ ਨਵਾਂਸ਼ਹਿਰ ਦੇ ਪਾਠੀ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਹੁਸ਼ਿਆਰਪੁਰ ਦੇ ਹਰਭਜਨ ਸਿੰਘ ਦੀ ਹੋਈ, ਜੋ ਅੰਮ੍ਰਿਤਸਰ 'ਚ ਦਾਖਲ ਸੀ। ਤੀਜੇ ਮਾਮਲੇ 'ਚ 30 ਮਾਰਚ ਨੂੰ ਲੁਧਿਆਣਾ ਦੀ 42 ਸਾਲਾ ਔਰਤ ਪੂਜਾ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਮ ਤੋੜ ਦਿੱਤਾ। 31 ਮਾਰਚ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਭਰਤੀ ਮੋਹਾਲੀ ਦੇ 65 ਸਾਲਾ ਬਜ਼ੁਰਗ ਦੀ ਚੌਥੀ ਮੌਤ ਹੋਈ, ਜਦਕਿ 3 ਅਪ੍ਰੈਲ ਨੂੰ 5ਵੀਂ ਮੌਤ ਅੰਮ੍ਰਿਤਸਰ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਹੋਈ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ ਜਦਕਿ ਕੋਰੋਨਾ ਨਾਲ ਛੇਵੀਂ ਮੌਤ 5 ਅਪ੍ਰੈਲ ਨੂੰ ਲੁਧਿਆਣਾ ਵਿਖੇ 70 ਸਾਲ ਦੇ ਕਰੀਬ ਮਹਿਲਾ ਦੀ ਹੋਈ। 7ਵੀਂ ਮੌਤ ਪਠਾਨਕੋਟ ਦੀ ਕੋਰੋਨਾ ਪੀੜਤ ਔਰਤ ਦੀ ਅੰਮ੍ਰਿਤਸਰ ਵਿਖੇ 5 ਅਪ੍ਰੈਲ ਨੂੰ ਹੋਈ ਸੀ। ਪੰਜਾਬ 'ਚ ਕੋਰੋਨਾ ਵਾਇਰਸ ਦੀ ਪੀੜਤ ਮਰੀਜ਼ਾਂ ਦੀ ਗਿਣਤੀ 74 ਹੋ ਗਈ ਹੈ। 
ਇਹ ਵੀ ਪੜ੍ਹੋ : ਭੁਲੱਥ ਦੇ ਵਿਅਕਤੀ ਦੀ ਇਟਲੀ 'ਚ ਕੋਰੋਨਾ ਵਾਇਰਸ ਨਾਲ ਮੌਤ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            