ਗੁ. ਸ੍ਰੀ ਬੇਰ ਸਾਹਿਬ ਦੇ ਦਰਬਾਰ ਹਾਲ 'ਚੋਂ ਸ਼ੱਕੀ ਵਿਅਕਤੀ ਗ੍ਰਿਫ਼ਤਾਰ, ਮਾਮਲਾ ਦਰਜ

09/30/2022 10:22:10 PM

ਸੁਲਤਾਨਪੁਰ ਲੋਧੀ (ਸੋਢੀ) : ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ 'ਚ ਦਾਖਲ ਹੋ ਕੇ ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਉਥੇ ਅੱਜ ਇਕ ਸ਼ੱਕੀ ਵਿਅਕਤੀ ਨੰਗੇ ਸਿਰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਦਰਬਾਰ ਸਾਹਿਬ ਅੰਦਰ ਦਾਖਲ ਹੋਇਆ ਤੇ ਉਥੇ ਲੱਗੇ ਗਲਿਆਰੇ ਦੇ ਅੰਦਰਵਾਰ ਗੋਲਕਾਂ ਦੇ ਅੱਗੇ ਉਸ ਜਗ੍ਹਾ ਪਹੁੰਚ ਗਿਆ, ਜਿੱਥੇ ਆਮ ਸੰਗਤਾਂ ਦੇ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਉਸ ਸਮੇਂ ਹਜ਼ੂਰੀ ਰਾਗੀ ਜਥਾ ਗੁਰਬਾਣੀ ਦਾ ਕੀਰਤਨ ਕਰ ਰਿਹਾ ਸੀ ਤੇ ਉਕਤ ਸ਼ੱਕੀ ਜ਼ੋਰ-ਜ਼ੋਰ ਨਾਲ ਤਾੜੀਆਂ ਮਾਰਦਿਆਂ ਰੌਲਾ ਪਾਉਣ ਲੱਗ ਪਿਆ, ਜਿਸ ਨੂੰ ਤੁਰੰਤ ਹੀ ਡਿਊਟੀ 'ਤੇ ਤਾਇਨਾਤ ਸਟਾਫ ਨੇ ਕਾਬੂ ਕਰ ਲਿਆ ਤੇ ਗੁਰਦੁਆਰਾ ਸਾਹਿਬ ਦੇ ਦਫ਼ਤਰ 'ਚ ਲਿਜਾ ਕੇ ਪੁੱਛਗਿੱਛ ਕੀਤੀ ਤੇ ਪੁਲਸ ਨੂੰ ਬੁਲਾਇਆ ਗਿਆ।

ਇਹ ਵੀ ਪੜ੍ਹੋ : CIA ਪੁਲਸ ਨੇ 4 ਨਸ਼ਾ ਤਸਕਰ ਕੀਤੇ ਕਾਬੂ, ਹੈਰੋਇਨ ਸਣੇ ਬਰਾਮਦ ਕੀਤੀ ਹਥਿਆਰਾਂ ਦੀ ਖੇਪ

ਸੂਚਨਾ ਮਿਲਦੇ ਹੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ.ਐੱਚ.ਓ. ਜਸਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਗੁਰਦੁਆਰਾ ਸਾਹਿਬ ਪੁੱਜ ਕੇ ਸ਼ੱਕੀ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ। ਘਟਨਾ ਦਾ ਪਤਾ ਲੱਗਦੇ ਹੀ ਸਿੱਖ ਸੰਗਤਾਂ ਵੀ ਵੱਡੀ ਗਿਣਤੀ 'ਚ ਇਕੱਤਰ ਹੋ ਗਈਆਂ ਤੇ ਉਨ੍ਹਾਂ ਪੁਲਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮੈਂ 2 ਦਿਨ ਤੋਂ ਛੁੱਟੀ 'ਤੇ ਹਾਂ। ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਨੇ ਦੱਸਿਆ ਕਿ ਇਕ ਨੌਜਵਾਨ ਜੋ ਆਪਣੇ-ਆਪ ਨੂੰ ਮਹੰਤ ਦੱਸ ਰਿਹਾ ਸੀ, ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਗਿਆ, ਜਿਸ ਦੀ ਗਲਤ ਹਰਕਤ ਨੂੰ ਦੇਖ ਕੇ ਤੁਰੰਤ ਗੁਰਦੁਆਰਾ ਸਾਹਿਬ ਦੇ ਸਟਾਫ ਨੇ ਕਾਬੂ ਕਰ ਲਿਆ ਤੇ ਪੁਲਸ ਦੇ ਹਵਾਲੇ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਸਮੁੰਦਰੀ ਰਸਤੇ ਨਸ਼ਾ ਤਸਕਰੀ ਰੋਕਣ ਲਈ ਪੰਜਾਬ ਆਉਣ ਵਾਲੇ ਕੰਟੇਨਰਾਂ 'ਤੇ ਪੁਲਸ ਰੱਖੇਗੀ ਪੈਨੀ ਨਜ਼ਰ

ਐੱਸ.ਐੱਸ.ਪੀ. ਤੇ ਐੱਸ.ਪੀ.ਡੀ. ਸੁਲਤਾਨਪੁਰ ਲੋਧੀ ਪੁੱਜੇ ਮੌਕੇ 'ਤੇ

ਇਸ ਸਬੰਧੀ ਗੁਰਦੁਆਰਾ ਬੇਰ ਸਾਹਿਬ ਦੇ ਪ੍ਰਬੰਧਕਾਂ ਦੀ ਸ਼ਿਕਾਇਤ ਮਿਲਦੇ ਹੀ ਜ਼ਿਲ੍ਹਾ ਕਪੂਰਥਲਾ ਦੇ ਐੱਸ.ਐੱਸ.ਪੀ. ਨਵਨੀਤ ਸਿੰਘ ਬੈਂਸ ਤੇ ਐੱਸ.ਪੀ. ਡੀ. ਹਰਵਿੰਦਰ ਸਿੰਘ ਸੁਲਤਾਨਪੁਰ ਲੋਧੀ ਪੁੱਜੇ ਤੇ ਥਾਣਾ ਮੁਖੀ ਜਸਪਾਲ ਸਿੰਘ ਸਬ-ਇੰਸਪੈਕਟਰ ਤੋਂ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ.ਐੱਸ.ਪੀ. ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਚੱਲ ਰਹੀ ਹੈ ਤੇ ਮੁਲਜ਼ਮ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।

ਧਾਰਾ 295-ਏ ਤਹਿਤ ਕੇਸ ਦਰਜ

ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਜਸਪਾਲ ਸਿੰਘ ਨੇ ਰਾਤ ਨੂੰ ਦੱਸਿਆ ਕਿ ਇਸ ਮਾਮਲੇ ਸਬੰਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਬੰਧਕਾਂ ਦੀ ਸ਼ਿਕਾਇਤ 'ਤੇ ਮੁਲਜ਼ਮ ਹਰਪ੍ਰੀਤ ਉਰਫ ਜਸਪ੍ਰੀਤ ਵਾਸੀ ਪਿੰਡ ਕਉਣੀ (ਮੁਕਤਸਰ ਸਾਹਿਬ) ਖਿਲਾਫ਼ ਧਾਰਾ 295-ਏ ਤਹਿਤ ਕੇਸ ਦਰਜ ਕਰ ਲਿਆ ਗਿਆ ਤੇ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪ੍ਰਾਪਤ ਹੋਰ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਮੁਲਜ਼ਮ ਆਪਣੇ-ਆਪ ਨੂੰ ਸਿਮਰਨ ਮਹੰਤ ਪਿੰਡ ਕਉਣੀ ਦਾ ਚੇਲਾ ਦੱਸਦਾ ਹੈ। ਇਸ ਬਾਰੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਹੰਤ ਨਹੀਂ, ਮਰਦ ਹੈ, ਜਿਸ ਬਾਰੇ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 10 IPS ਤੇ PPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News