ਕਰਤਾਰਪੁਰ ਲਾਂਘਾ ਖੁਲ੍ਹਵਾਉਣ ਲਈ ਨਵਜੋਤ ਸਿੱਧੂ ਨੇ ਲਿਖੀ ਸੁਸ਼ਮਾ ਸਵਰਾਜ ਨੂੰ ਚਿੱਠੀ

Sunday, Sep 09, 2018 - 05:53 PM (IST)

ਜਲੰਧਰ : ਪਾਕਿਸਤਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਕਾਰੀਡੋਰ ਖੋਲ੍ਹਣ ਦੀ ਖਬਰ ਆਉਣ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਵੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਇਹ ਰਸਤਾ ਖੁੱਲ੍ਹਵਾਉਣ ਲਈ ਪਾਕਿ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਸਿੱਧੂ ਨੇ ਪੱਤਰ 'ਚ ਲਿਖਿਆ ਹੈ ਕਿ ਪਾਕਿਸਤਾਨ ਦਸਤਕ ਦੇ ਰਿਹਾ ਹੈ ਅਤੇ ਹੁਣ ਭਾਰਤ ਸਰਕਾਰ ਨੂੰ ਵੀ ਦਰਵਾਜ਼ੇ ਖੋਲ੍ਹ ਕੇ ਸਿੱਖਾਂ ਦਾ 70 ਸਾਲ ਪੁਰਾਣਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ।

PunjabKesari

ਸਿੱਧੂ ਨੇ ਲਿਖਿਆ ਕਿ ਭਾਰਤ-ਪਾਕਿਸਤਾਨ ਵੰਡ ਸਮੇਂ ਸਿੱਖਾਂ ਦੇ ਕਈ ਇਤਿਹਾਸਕ ਗੁਰਦੁਆਰੇ ਪਾਕਿਸਤਾਨ ਵਿਚ ਚਲੇ ਗਏ ਸਨ। ਇਨ੍ਹਾਂ ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੀ ਸ਼ਾਮਲ ਹੈ। ਇਥੇ ਗੁਰੁ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਬਸਰ ਕੀਤੇ ਸਨ। ਇਹ ਗੁਰਦੁਆਰਾ ਸਰਹੱਦ ਦੇ ਬਿਲਕੁਲ ਨੇੜੇ ਹੈ। ਸਿੱਧੂ ਨੇ ਕਿਹਾ ਕਿ ਜਦੋਂ ਉਹ ਪਾਕਿ ਦੌਰੇ 'ਤੇ ਗਏ ਸਨ ਤਾਂ ਉਨ੍ਹਾਂ ਨੂੰ ਇਹ ਰਸਤਾ ਖੁੱਲ੍ਹਵਾਉਣ ਦੀ ਗੱਲ ਆਖੀ ਸੀ ਅਤੇ ਹੁਣ ਪਾਕਿਸਤਾਨ ਸਰਕਾਰ ਨੇ ਗੁਰੂ ਸਾਹਿਬ ਦੇ ਜਨਮ ਦਿਹਾੜੇ 'ਤੇ ਸੰਗਤਾਂ ਲਈ ਇਸ ਗੁਰਦੁਆਰਾ ਸਾਹਿਬ ਦਾ ਰਸਤਾ ਬਿਨਾਂ ਵੀਜ਼ਾ ਖੋਲ੍ਹਣ ਲਈ ਸਹਿਮਤੀ ਦੇ ਦਿੱਤੀ ਹੈ। 

PunjabKesari

ਸਿੱਧੂ ਨੇ ਲਿਖਿਆ ਕਿ ਉਹ ਗੁਜ਼ਾਰਿਸ਼ ਕਰਦੇ ਹਨ ਕਿ ਭਾਰਤ ਸਰਕਾਰ ਵੀ ਇਸ ਸੰਬੰਧੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹਵਾ ਕੇ ਸਿੱਖਾਂ ਨੂੰ ਵੱਡਾ ਤੋਹਫਾ ਦਿੱਤਾ ਜਾਵੇ। ਇਹ ਰਸਤਾ ਖੁੱਲ੍ਹਵਾਉਣ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿਚ ਪਿਆਰ ਅਤੇ ਸਦਭਾਵਨਾ ਵੀ ਵਧੇਗੀ।


Related News