ਸੁਸ਼ਮਾ ਦੀ ਮੌਤ 'ਤੇ ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਛਲਕਿਆ ਦਰਦ (ਵੀਡੀਓ)
Wednesday, Aug 07, 2019 - 05:04 PM (IST)
ਜਲੰਧਰ (ਸੋਨੂੰ)— ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮੌਤ 'ਤੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਦੁਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸੁਸ਼ਮਾ ਸਵਰਾਜ ਦੀ ਅਚਾਨਕ ਹੋਈ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਸੁਸ਼ਮਾ ਇਸ ਦੁਨੀਆ 'ਚ ਨਹੀਂ ਰਹੀ ਹੈ। ਸੁਸ਼ਮਾ ਸਵਰਾਜ ਇਕ ਆਜ਼ਾਦ ਬਾਣੀ ਵਾਲੀ ਔਰਤ ਸੀ। ਮੈਂ ਸੁਸ਼ਮਾ ਨੂੰ ਨਿੱਜੀ ਤੌਰ 'ਤੇ ਕਈ ਵਾਰ ਮਿਲੀ ਹਾਂ, ਉਹ ਹਮੇਸ਼ਾ ਹੱਸਦੇ ਹੋਏ ਮਿਲਦੀ ਸੀ। ਸੁਸ਼ਮਾ ਬਿਲਕੁਲ ਉਨ੍ਹਾਂ ਦੀ ਭੈਣ ਵਾਂਗ ਸੀ।
ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਦੀ ਰਿਹਾਈ 'ਚ ਸੁਸ਼ਮਾ ਨੇ ਕਾਫੀ ਮਦਦ ਕੀਤੀ ਸੀ। ਇਸ ਦੇ ਇਲਾਵਾ ਪਾਕਿਸਤਾਨ 'ਚ ਬੰਦ ਕੁਲਭੂਸ਼ਣ ਯਾਦਵ ਦੀ ਰਿਹਾਈ ਲਈ ਵੀ ਸੁਸ਼ਮਾ ਬਹੁਤ ਹੀ ਜੱਦੋ-ਜਹਿਦ ਕਰ ਰਹੀ ਸੀ। ਕੌਮਾਂਤਰੀ ਅਦਾਲਤ 'ਚ ਯਾਦਵ ਦੇ ਕੇਸ ਨੂੰ ਪਹੁੰਚਾਉਣ 'ਚ ਸੁਸ਼ਮਾ ਦਾ ਬਹੁਤ ਵੱਡਾ ਹੱਥ ਹੈ। ਉਨ੍ਹਾਂ ਦੀ ਬਦੌਲਤ ਹੀ ਅੱਜ ਯਾਦਵ ਆਪਣੇ ਪਰਿਵਾਰ ਵਾਲਿਆਂ ਨੂੰ ਮਿਲ ਸਕਦਾ ਹੈ ਅਤੇ ਭਵਿੱਖ 'ਚ ਉਨ੍ਹਾਂ ਦੀ ਰਿਹਾਈ ਵੀ ਸੰਭਵ ਹੈ ਪਰ ਇਹ ਸਭ ਕਰਵਾਉਣ ਵਾਲੀ ਕਦਵਾਰ ਨੇਤਾ ਸੁਸ਼ਮਾ ਅੱਜ ਸਾਡੇ ਵਿਚਾਲੇ ਨਹੀਂ ਰਹੀ। ਸੁਸ਼ਮਾ ਦੀ ਮੌਤ ਦੇ ਨਾਲ ਸਿਆਸਤ 'ਚ ਤਾਂ ਨੁਕਸਾਨ ਹੋਇਆ ਹੀ ਹੈ, ਉਥੇ ਹੀ ਜੋ ਨੁਕਸਾਨ ਦੇਸ਼ ਨੂੰ ਹੋਇਆ ਹੈ, ਉਸ ਨੂੰ ਵੀ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।