ਸੁਸ਼ੀਲ ਵਿੱਕੀ ਕਾਲੀਆ ਖ਼ੁਦਕੁਸ਼ੀ ਮਾਮਲਾ, ਦੂਜੇ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ, ਪਰਿਵਾਰ ਕੇਸ ਦਰਜ ਕਰਨ ’ਤੇ ਅੜਿਆ

01/30/2023 11:33:18 AM

ਜਲੰਧਰ (ਸੁਰਿੰਦਰ)-ਕਾਲੀਆ ਕਾਲੋਨੀ ਸਥਿਤ ਮ੍ਰਿਤਕ ਕੌਂਸਲਰ ਸੁਸ਼ੀਲ ਵਿੱਕੀ ਕਾਲੀਆ ਦੇ ਨਿਵਾਸ ਸਥਾਨ ਵਿਖੇ ਸਾਰਾ ਦਿਨ ਸਿਆਸੀ ਲੋਕਾਂ ਦਾ ਆਉਣ-ਜਾਣ ਲੱਗਾ ਰਿਹਾ। ਪਰਿਵਾਰ ਨੂੰ ਦਿਲਾਸਾ ਦੇਣ ਲਈ ਵਿਧਾਇਕ ਬਾਵਾ ਹੈਨਰੀ ਵੀ ਸਾਰਾ ਦਿਨ ਮੌਕੇ ’ਤੇ ਮੌਜੂਦ ਰਹੇ ਪਰ ਦੂਜੇ ਦਿਨ ਵੀ ਵਿੱਕੀ ਕਾਲੀਆ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਕਿਉਂਕਿ ਪਰਿਵਾਰਕ ਮੈਂਬਰ ਖ਼ੁਦਕੁਸ਼ੀ ਨੋਟ ’ਚ ਨਾਂ ਲਿਖੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਨ ’ਤੇ ਅੜੇ ਹੋਏ ਹਨ। ਇਸ ਸਬੰਧੀ ਐਤਵਾਰ ਦੁਪਹਿਰੇ ਮ੍ਰਿਤਕ ਸੁਸ਼ੀਲ ਵਿੱਕੀ ਕਾਲੀਆ ਦੇ ਸਮਰਥਕਾਂ ਵੱਲੋਂ ਹਾਈਵੇ ਜਾਮ ਕਰਨ ਦੀ ਤਿਆਰੀ ਕੀਤੀ ਗਈ ਤਾਂ ਮੌਕੇ ’ਤੇ ਪਹੁੰਚੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਹਰ ਹਾਲਤ ’ਚ ਐੱਫ਼. ਆਈ. ਆਰ. ਦਰਜ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਸਾਰੇ ਸ਼ਾਂਤ ਹੋਏ। ਇਸ ਦੇ ਨਾਲ ਹੀ ਪਰਿਵਾਰ ਨੇ ਸ਼ਨੀਵਾਰ ਦੇਰ ਰਾਤ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾ ਦਿੱਤੇ ਸਨ। ਇਸ ਦੇ ਬਾਵਜੂਦ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾ ਸਕਿਆ ਕਿਉਂਕਿ ਪੁਲਸ ਕੇਸ ਦਰਜ ਨਹੀਂ ਕਰ ਰਹੀ ਸੀ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਵਿਰੋਧੀਆਂ ਨੂੰ ਸਵਾਲ, ਪੰਜਾਬ ’ਤੇ ਕਿਵੇਂ ਚੜ੍ਹਿਆ 3 ਲੱਖ ਕਰੋੜ ਦਾ ਕਰਜ਼ਾ

ਖ਼ੁਦਕੁਸ਼ੀ ਨੋਟ ’ਚ ਨਾਂ ਲਿਖੇ 7 ਵਿਅਕਤੀਆਂ ’ਚੋਂ 3 ’ਤੇ ਡਿਗ ਸਕਦੀ ਹੈ ਗਾਜ
ਸੂਤਰਾਂ ਮੁਤਾਬਕ ਪੁਲਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਦੇਰ ਰਾਤ ਮਾਮਲਾ ਦਰਜ ਕਰ ਲਿਆ ਸੀ, ਜਿਸ ’ਚ 7 ’ਚੋਂ 3 ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਪਰ ਪੁਲਸ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੀ। ਐੱਸ. ਐੱਚ. ਓ. ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ। ਸੋਮਵਾਰ ਹੀ ਪਤਾ ਲੱਗੇਗਾ, ਜਦਕਿ ਡੀ. ਸੀ. ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਨੇ ਵੀ ਕਿਹਾ ਕਿ ਫਿਲਹਾਲ ਅਜੇ ਗੱਲਬਾਤ ਚੱਲ ਰਹੀ ਹੈ। ਐੱਫ. ਆਈ. ਆਰ. ਬਾਰੇ ਬਾਅਦ ਵਿਚ ਦੱਸਿਆ ਜਾਵੇਗਾ।

ਫੋਰੈਂਸਿਕ ਲੈਬ ’ਚ ਟੈਸਟ ਹੋਵੇਗੀ ਖੁਦਕੁਸ਼ੀ ਨੋਟ ’ਤੇ ਲਿਖੀ ਹੱਥ-ਲਿਖਤ
ਉਥੇ ਹੀ, ਪ੍ਰਾਪਤ ਜਾਣਕਾਰੀ ਮੁਤਾਬਕ ਸੁਸ਼ੀਲ ਵਿੱਕੀ ਕਾਲੀਆ ਦੇ ਡੇਢ ਸਫੇ ਦੇ ਖੁਦਕੁਸ਼ੀ ਨੋਟ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ, ਜਿੱਥੇ ਮਾਹਿਰ ਖੁਦਕੁਸ਼ੀ ਨੋਟ ’ਤੇ ਲਿਖੀ ਹੱਥ-ਲਿਖਤ ਦੀ ਜਾਂਚ ਕਰਨਗੇ। ਇਸ ਤੋਂ ਬਾਅਦ ਹੀ ਬਾਕੀ ਲੋਕਾਂ ’ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਵੱਲੋਂ ਪਰਿਵਾਰ ਦੇ ਬਾਕੀ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸੇ ਦੇ ਆਧਾਰ ’ਤੇ ਅਗਲੀ ਕਾਰਵਾਈ ਵੀ ਹੋਵੇਗੀ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦੁਪਹਿਰ ਸਮੇਂ ਕੌਂਸਲਰ ਸੁਸ਼ੀਲ ਵਿੱਕੀ ਕਾਲੀਆ ਨੇ ਆਪਣੀ ਫੈਕਟਰੀ ’ਚ ਜ਼ਹਿਰ ਨਿਗਲ ਲਿਆ ਸੀ ਅਤੇ ਹਸਪਤਾਲ ’ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕੋਲੋਂ ਡੇਢ ਸਫ਼ੇ ਦਾ ਖ਼ੁਦਕੁਸ਼ੀ ਨੋਟ ਵੀ ਮਿਲਿਆ ਸੀ, ਜਿਸ ’ਤੇ 14 ਲੋਕਾਂ ਦੇ ਨਾਂ ਲਿਖੇ ਹਨ ਅਤੇ 7 ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ।

ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ: ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


shivani attri

Content Editor

Related News