ਜਿੱਤੀ ਹੋਈ ਬਾਜ਼ੀ ਹਾਰ ਗਏ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ
Saturday, Jul 13, 2024 - 11:55 PM (IST)
ਲੁਧਿਆਣਾ, (ਹਿਤੇਸ਼)- ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਲੰਧਰ ਪੱਛਮੀ ਦੀ ਸੀਟ ਦਾ ਜ਼ਿਕਰ ਦੇਸ਼ ਦੇ ਸਿਆਸੀ ਨਕਸ਼ੇ ’ਤੇ ਹੋ ਰਿਹਾ ਹੈ, ਕਿਉਂਕਿ ਪੰਜਾਬ ਦੀ ਇਕੋ-ਇਕ ਸੀਟ ’ਤੇ ਹੀ ਉਪ-ਚੋਣ ਹੋਈ ਹੈ। ਇਸ ਤੋਂ ਪਹਿਲਾਂ ਜਲੰਧਰ ਪੱਛਮੀ ਦੀ ਸੀਟ ਦਲ-ਬਦਲੂਆਂ ਦੀ ਵਜ੍ਹਾ ਨਾਲ ਚਰਚਾ ’ਚ ਰਹੀ ਹੈ। ਇਨ੍ਹਾਂ ’ਚ ਮੁੱਖ ਤੌਰ ’ਤੇ ਸੁਸ਼ੀਲ ਰਿੰਕੂ ਦਾ ਨਾਂ ਸ਼ਾਮਲ ਹੈ, ਜੋ ਜਲੰਧਰ ਪੱਛਮੀ ਦੀ ਸੀਟ ਤੋਂ ਕਾਂਗਰਸ ਦੇ ਵਿਧਾਇਕ ਰਹੇ ਸਨ ਪਰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਹੋਈ ਹਾਰ ਤੋਂ ਬਾਅਦ 2023 ’ਚ ਹੋਈ ਜਲੰਧਰ ਲੋਕ ਸਭਾ ਉਪ-ਚੋਣ ਦੌਰਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ
ਹਾਲਾਂਕਿ ਸੁਸ਼ੀਲ ਰਿੰਕੂ ਨੂੰ ਐੱਮ. ਪੀ. ਦੇ ਤੌਰ ’ਤੇ ਜਿੱਤ ਹਾਸਲ ਹੋਈ ਪਰ ਇਕ ਸਾਲ ਦੇ ਅੰਦਰ ਹੀ ਹੋਈਆਂ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਮਿਲੀ ਹੋਈ ਟਿਕਟ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ, ਫਿਰ ਵੀ ਸਫਲਤਾ ਨਹੀਂ ਮਿਲੀ। ਇਸੇ ਤਰ੍ਹਾਂ ਦਾ ਮਾਮਲਾ ਸ਼ੀਤਲ ਅੰਗੁਰਾਲ ਦਾ ਹੈ, ਜੋ ਪਹਿਲਾਂ ਭਾਜਪਾ ’ਚ ਸਨ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਅਤੇ ਸੁਸ਼ੀਲ ਰਿੰਕੂ ਨੂੰ ਹਰਾ ਕੇ ਵਿਧਾਇਕ ਬਣ ਗਏ।
ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੋਵੇਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਅਤੇ ਇਕ ਤੋਂ ਬਾਅਦ ਇਕ ਕਰ ਕੇ ਦੋਵੇਂ ਹੀ ਚੋਣ ਹਾਰ ਗਏ ਹਨ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ ਕਿ ਉਹ ਜਿੱਤੀ ਹੋਈ ਬਾਜ਼ੀ ਹਾਰ ਗਏ ਹਨ।
ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ
ਦਲ-ਬਦਲੂਆਂ ਦੀ ਵਜ੍ਹਾ ਨਾਲ ਚਰਚਾ ’ਚ ਰਿਹਾ ਜਲੰਧਰ ਪੱਛਮੀ
ਜਲੰਧਰ ਪੱਛਮੀ ਦੀ ਸੀਟ ਦੇ ਦਲ-ਬਦਲੂ ਨੇਤਾਵਾਂ ਦੀ ਸੂਚੀ ’ਚ ਆਮ ਆਦਮੀ ਪਾਰਟੀ ਵੱਲੋਂ ਉਪ ਚੋਣ ਜਿੱਤਣ ਵਾਲੇ ਮੋਹਿੰਦਰ ਭਗਤ ਦਾ ਨਾਂ ਵੀ ਸ਼ਾਮਲ ਹੈ। ਜਿਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ 2 ਵਾਰ ਜਲੰਧਰ ਪੱਛਮੀ ਸੀਟ ਤੋਂ ਵਿਧਾਇਕ ਰਹੇ ਹਨ ਅਤੇ ਮੋਹਿੰਦਰ ਭਗਤ ਨੂੰ 2 ਵਾਰ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਉਹ ਵਿਧਾਨ ਸਭਾ ਪੁੱਜਣ ’ਚ ਕਾਮਯਾਬ ਹੋ ਗਏ ਹਨ।
ਇਸ ਤੋਂ ਪਹਿਲਾਂ 2 ਵਾਰ ਜਲੰਧਰ ਪੱਛਮੀ ਦੀ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਵਾਲੇ ਮਹਿੰਦਰ ਕੇ. ਪੀ. ਵੀ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੇ ਲੋਕ ਸਭਾ ਚੋਣ ਵੀ ਲੜੀ ਹੈ।
ਇਹ ਵੀ ਪੜ੍ਹੋ- ਅੱਧੀ ਰਾਤੀਂ ਹੋ ਗਿਆ ਵੱਡਾ ਐਨਕਾਊਂਟਰ, 'ਬਰਗਰ ਕਿੰਗ' 'ਚ ਗੋਲੀਆਂ ਚਲਾਉਣ ਵਾਲੇ 3 ਸ਼ੂਟਰ ਪੁਲਸ ਨੇ ਕੀਤੇ ਢੇਰ