ਤਨਖਾਹ ਤੋਂ ਵਾਂਝੇ ਜੰਗਲਾਤ ਵਰਕਰਾਂ ਨੇ ਘੇਰਿਆ ਦਫਤਰ

Friday, Dec 22, 2017 - 01:13 AM (IST)

ਤਨਖਾਹ ਤੋਂ ਵਾਂਝੇ ਜੰਗਲਾਤ ਵਰਕਰਾਂ ਨੇ ਘੇਰਿਆ ਦਫਤਰ

ਸ੍ਰੀ ਆਨੰਦਪੁਰ ਸਾਹਿਬ, (ਦਲਜੀਤ)- ਵਣ ਵਿਭਾਗ ਵਿਚ ਕੰਮ ਕਰਦੇ ਸੈਂਕੜੇ ਦਿਹਾੜੀਦਾਰ ਵਰਕਰਾਂ ਨੇ ਪਿਛਲੇ 9 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੋਂ ਦੁਖੀ ਹੋ ਕੇ ਪ੍ਰਧਾਨ ਬਲਦੇਵ ਕੁਮਾਰ ਦੀ ਅਗਵਾਈ ਹੇਠ ਜਿਥੇ ਜੰਗਲਾਤ ਦਫਤਰ ਅੱਗੇ ਧਰਨਾ ਦਿੱਤਾ, ਉਥੇ ਹੀ ਸਰਕਾਰ ਖਿਲਾਫ ਬਾਜ਼ਾਰਾਂ ਵਿਚ ਰੋਸ ਮਾਰਚ ਕਰਨ ਉਪਰੰਤ ਐੱਸ.ਡੀ.ਐੱਮ. ਦਫਤਰ ਜਾ ਕੇ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਵਰਕਰਾਂ ਨੇ ਦੱਸਿਆ ਕਿ ਪਿਛਲੇ 9 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਸਾਡੇ ਘਰਾਂ ਵਿਚ ਰੋਟੀ ਪੱਕਣੀ ਵੀ ਮੁਸ਼ਕਿਲ ਹੋਈ ਪਈ ਹੈ, ਪਰ ਸਾਡੀ ਮਜਬੂਰੀ ਵੱਲ ਨਾ ਤਾਂ ਵਣ ਵਿਭਾਗ ਵਾਲੇ ਧਿਆਨ ਦੇ ਰਹੇ ਹਨ ਅਤੇ ਨਾ ਹੀ ਪੰਜਾਬ ਸਰਕਾਰ ਕੁਝ ਸੋਚ ਰਹੀ ਹੈ। ਉਨ੍ਹਾਂ ਦੱਸਿਆ ਕਿ ਨਾ ਹੀ ਸਾਡੇ ਕੀਤੇ ਹੋਏ ਕੰਮ ਦੀ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸਾਨੂੰ ਪੱਕਾ ਕੀਤਾ ਜਾ ਰਿਹਾ ਹੈ, ਜਿਸ ਲਈ ਸਾਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਪਣੀਆਂ ਮੰਗਾਂ ਸਬੰਧੀ ਅਸੀਂ ਪਹਿਲਾਂ ਵੀ ਵਣ ਰੇਂਜ ਅਫਸਰ ਅਤੇ ਐੱਸ. ਡੀ. ਐੱਮ. ਸ੍ਰੀ ਆਨੰਦਪੁਰ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ, ਇਸ ਲਈ ਅਸੀਂ 24 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਆਪਣੇ ਦੁੱਖ ਦੱਸਣ ਦਾ ਫੈਸਲਾ ਕੀਤਾ ਹੈ। 
ਇਸ ਮੌਕੇ ਮੀਤ ਪ੍ਰਧਾਨ ਚੇਤ ਰਾਮ, ਗੁਰਮੇਲ ਸਿੰਘ, ਦਲਬੀਰ ਸਿੰਘ, ਦਿਆ ਕ੍ਰਿਸ਼ਨ, ਆਸਾਰਾਮ, ਬਾਲ ਕ੍ਰਿਸ਼ਨ, ਰਘਬੀਰ ਸਿੰਘ, ਜ਼ੈਲ ਸਿੰਘ, ਮੰਗਤ ਰਾਮ, ਚੰਨਣ ਸਿੰਘ, ਲਛਮਣ ਦਾਸ, ਬੱਗੋਂ ਦੇਵੀ, ਸੋਮਾ ਦੇਵੀ, ਗੁਰਪ੍ਰਸ਼ਾਦ, ਜੈਮਲ ਸਿੰਘ ਭੜੀ, ਕਰਨੈਲ ਸਿੰਘ ਰੱਕੜ ਆਦਿ ਹਾਜ਼ਰ ਸਨ।


Related News