ਹੁਣ ਬਾਦਲਾਂ ਦੀਆਂ ਅੱਖਾਂ ਦਾ ਤਾਰਾ ਨਹੀਂ ਰਿਹਾ ਬਰਨਾਲਾ ਪਰਿਵਾਰ

04/10/2019 6:32:05 PM

ਬਰਨਾਲਾ : ਕਿਸੇ ਸਮੇਂ ਪੰਜਾਬ ਦੀ ਸਿਆਸਤ ਦਾ ਧੁਰਾ ਰਹੇ ਸਾਬਕਾ ਮੁੱਖ ਮੰਤਰੀ ਮਰਹੂਮ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਸੂਬੇ ਦੀ ਸਿਆਸਤ 'ਚੋਂ ਹਾਸ਼ੀਏ 'ਤੇ ਪੁੱਜ ਗਿਆ ਹੈ। ਸੰਗਰੂਰ ਹਲਕੇ ਤੋਂ ਦੋ ਵਾਰ ਸੰਸਦ ਮੈਂਬਰ, ਕੇਂਦਰੀ ਵਜ਼ੀਰ ਅਤੇ ਰਾਜਪਾਲ ਰਹਿ ਚੁੱਕੇ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਤੋਂ ਹੁਣ ਅਕਾਲੀ ਆਗੂਆਂ ਨੇ ਵੀ ਜਾਪਦਾ ਹੈ ਟਾਲਾ ਵੱਟਣਾ ਸ਼ੁਰੂ ਕਰ ਦਿੱਤਾ ਹੈ। ਸੁਰਜੀਤ ਸਿੰਘ ਬਰਨਾਲਾ ਦੇ ਦਿਹਾਂਤ ਤੋਂ ਬਾਅਦ ਤਾਂ ਇਹ ਪਰਿਵਾਰ ਹੋਰ ਵੀ ਜ਼ਿਆਦਾ ਅਣਗੌਲਿਆ ਜਾਣ ਲੱਗਾ। ਪਰਿਵਾਰ ਦੇ ਹਾਸ਼ੀਏ 'ਤੇ ਜਾਣ ਦਾ ਵੱਡਾ ਕਾਰਨ ਸਮੇਂ ਸਮੇਂ 'ਤੇ ਵੱਖ-ਵੱਖ ਪਾਰਟੀਆਂ ਵਿਚ ਸ਼ਮੂਲੀਅਤ ਨੂੰ ਵੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਲੌਂਗੋਵਾਲ ਦਲ ਬਣਾਇਆ, ਮਗਰੋਂ ਕਾਂਗਰਸ 'ਚ ਚਲੇ ਗਏ ਅਤੇ 2017 ਦੀਆਂ ਚੋਣਾਂ ਸਮੇਂ ਮੁੜ ਅਕਾਲੀ ਦਲ ਬਾਦਲ 'ਚ ਸ਼ਾਮਲ ਹੋ ਗਏ। 
ਸੰਗਰੂਰ 'ਚ ਆਪਣੇ ਰਵਾਇਤੀ ਵਿਰੋਧੀ ਸੁਖਦੇਵ ਸਿੰਘ ਢੀਂਡਸਾ ਦੇ ਇਸ ਵਾਰ ਚੋਣ ਲੜਨ ਤੋਂ ਇਨਕਾਰ ਕਰਨ ਮਗਰੋਂ ਬਰਨਾਲਾ ਪਰਿਵਾਰ ਨੂੰ ਮੁੜ ਉਮੀਦ ਜਾਗੀ ਸੀ ਪਰ ਅਕਾਲੀ ਦਲ ਨੇ ਪਰਮਿੰਦਰ ਢੀਂਡਸਾ ਨੂੰ ਆਪਣਾ ਉਮੀਦਵਾਰ ਐਲਾਨ ਕੇ ਇਕ ਵਾਰ ਫਿਰ ਬਰਨਾਲਾ ਪਰਿਵਾਰ ਨੂੰ ਅਣਗੌਲਿਆ ਕਰ ਦਿੱਤਾ। ਇਸ ਵੇਲੇ ਮਰਹੂਮ ਬਰਨਾਲਾ ਦੀ ਪਤਨੀ ਸੁਰਜੀਤ ਕੌਰ, ਪੁੱਤਰ ਸਾਬਕਾ ਵਿਧਾਇਕ ਗਗਨਦੀਪ ਸਿੰਘ ਅਤੇ ਪੋਤਰਾ ਸਿਮਰ ਪ੍ਰਤਾਪ ਸਿੰਘ ਰਾਜਨੀਤੀ ਵਿਚ ਸਰਗਰਮ ਹਨ ਪਰ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਨਾਲ ਸੁਰ ਨਾ ਮਿਲਣ ਕਰਕੇ ਇਹ ਪਰਿਵਾਰ ਅਕਾਲੀ ਦਲ ਦੀਆਂ ਮੂਹਰਲੀਆਂ ਕਤਾਰਾਂ ਤੋਂ ਦੂਰ ਹੀ ਰਿਹਾ ਹੈ। 
ਇਸ ਵਾਰ ਸੰਗਰੂਰ ਹਲਕੇ ਲਈ ਉਮੀਦਵਾਰ ਦੀ ਭਾਲ ਵਿਚ ਬਰਨਾਲਾ ਫੇਰੀ ਦੌਰਾਨ ਸੁਖਬੀਰ ਅਤੇ ਮਜੀਠੀਆ ਨੇ ਵੀ ਇਸ ਪਰਿਵਾਰ ਨੂੰ ਕੋਈ ਤਵੱਜੋ ਨਾ ਦਿੱਤੀ। ਹਾਲਾਂਕਿ ਉਹ ਹਰ ਛੋਟੇ-ਵੱਡੇ ਵਰਕਰ ਤੋਂ ਸਲਾਹਾਂ ਲੈਂਦੇ ਰਹੇ। ਬਰਨਾਲਾ ਅਤੇ ਧੂਰੀ 'ਚ ਕਾਫ਼ੀ ਅਸਰ ਰਸੂਖ ਰੱਖਣ ਦੇ ਬਾਵਜੂਦ ਬਰਨਾਲਾ ਪਰਿਵਾਰ, ਬਾਦਲ ਪਰਿਵਾਰ ਦੀਆਂ ਅੱਖਾਂ ਦਾ ਤਾਰਾ ਨਹੀਂ ਬਣ ਸਕਿਆ।


Gurminder Singh

Content Editor

Related News