ਬਿੰਦਰਖੀਆ ਤੋਂ ਬਾਅਦ 'ਮੂਸੇਵਾਲਾ' ਨੂੰ ਵੀ ਪਹਿਲਾਂ ਹੋ ਗਿਆ ਸੀ ਆਖ਼ਰੀ ਸਮੇਂ ਦਾ ਅੰਦਾਜ਼ਾ
Tuesday, May 31, 2022 - 11:31 AM (IST)
ਜਲੰਧਰ (ਵਿਸ਼ੇਸ਼) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕੀ ਸੁਰਜੀਤ ਬਿੰਦਰਖੀਆ ਵਾਂਗ ਹੀ ਆਪਣੇ ਅੰਤਿਮ ਸਮੇਂ ਦਾ ਅੰਦਾਜ਼ਾ ਹੋ ਗਿਆ ਸੀ? ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂਕਿ ਦੋਹਾਂ ਹੀ ਗਾਇਕਾਂ ਨੇ ਆਪਣੀ ਮੌਤ ਤੋਂ ਕੁੱਝ ਦਿਨ ਪਹਿਲਾਂ ਹੀ ਗੀਤਾਂ ਰਾਹੀਂ ਆਪਣੇ ਆਖ਼ਰੀ ਸਮੇਂ ਦੇ ਸੰਕੇਤ ਦੇ ਦਿੱਤੇ ਸਨ। ਸਿੱਧੂ ਮੂਸੇਵਾਲਾ ਨੇ 15 ਮਈ ਨੂੰ ਯੂ-ਟਿਊਬ ’ਤੇ ਇਕ ਗੀਤ ‘ਲਾਸਟ ਰਾਈਡ’ ਅਪਲੋਡ ਕੀਤਾ ਸੀ, ਇਸ ’ਚ ਸਿੱਧੂ ਮੂਸੇਵਾਲਾ ਕਹਿ ਰਹੇ ਹਨ ਕਿ ‘ਉਮਰ ਦੇ ਸਾਬ੍ਹ ਨਾਲ ਦੂਣਾ ਰੁਤਬਾ, ਥੋੜ੍ਹਾ ਨਹੀਓਂ ਬਾਹਲਾ ਹੀ ਇਖਲਾਕੀ ਚੱਲਦਾ, ਅੱਖਾਂ ’ਚ ਅੱਤ ਦੀ ਕੋਈ ਸ਼ੈਅ ਬੋਲਦੀ, ਐਵੇਂ ਨਹੀਂ ਕੋਈ ਦੁਨੀਆ ਤੋਂ ਆਕੀ ਚੱਲਦਾ, ਪਿਛਲੇ ਕੋਈ ਕਰਮਾਂ ਦਾ ਧਨੀ ਲੱਗਦੈ ਜਾਂ ਫਿਰ ਮਿਹਰਬਾਨ ਏ ਖਵਾਜਾ ਮਿੱਠੀਏ, ਚੌਬਰ ਦੇ ਚਿਹਰੇ ਉੱਤੇ ਨੂਰ ਦੱਸਦਾ, ਨੀ ਇਹਦਾ ਉੱਠੂਗਾ ਜਵਾਨੀ ’ਚ ਜਨਾਜ਼ਾ ਮਿੱਠੀਏ’।
ਇਹ ਵੀ ਪੜ੍ਹੋ : ਪਿੰਡ ਪੁੱਜੀ 'ਸਿੱਧੂ ਮੂਸੇਵਾਲਾ' ਦੀ ਮ੍ਰਿਤਕ ਦੇਹ, ਪਰਿਵਾਰ ਤੇ ਸਮਰਥਕਾਂ ਦਾ ਰੋ-ਰੋ ਬੁਰਾ ਹਾਲ
ਇਸ ਗੀਤ ਦਾ ਵੀਡੀਓ ਵੀ ਅੰਤਿਮ ਸੰਸਕਾਰ ਦੇ ਵਿਜ਼ੂਅਲ ਤੋਂ ਹੀ ਸ਼ੁਰੂ ਹੁੰਦਾ ਹੈ ਅਤੇ ਇਸ ਵੀਡੀਓ ’ਚ ਮ੍ਰਿਤਕ ਦੇਹ ਨੂੰ ਲਿਜਾਣ ਵਾਲੇ ਵਾਹਨ ਦੇ ਦ੍ਰਿਸ਼ ਵੀ ਫਿਲਮਾਏ ਗਏ ਸਨ। ਹੁਣ ਇਹ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਸਿੱਧੂ ਦੇ ਇਸ ਗੀਤ ਨੂੰ ਸਿਰਫ਼ 2 ਹਫ਼ਤਿਆਂ ’ਚ ਹੀ 1 ਕਰੋੜ ਤੋਂ ਜ਼ਿਆਦਾ ਵਿਊਜ਼ ਮਿਲੇ ਹਨ ਅਤੇ ਇਹ ਗੀਤ ਕਾਫ਼ੀ ਮਸ਼ਹੂਰ ਵੀ ਰਿਹਾ।
ਇਹ ਵੀ ਪੜ੍ਹੋ : 424 ਲੋਕਾਂ ਦੀ ਸੁਰੱਖਿਆ ਵਾਪਸੀ 'ਤੇ ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ, ਮੰਗਿਆ ਜਵਾਬ
ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ‘ਧਾਰਾ 295’ ਗੀਤ ਗਾਇਆ ਸੀ ਅਤੇ ਇੱਤਫਾਕ ਨਾਲ ਇਸ ਗੀਤ ਦੀ 295 ਦੀ ਗਿਣਤੀ ਨੂੰ ਵੀ ਉਨ੍ਹਾਂ ਦੀ ਮੌਤ ਦੇ ਦਿਨ ਨਾਲ ਜੋੜਿਆ ਗਿਆ, ਕਿਉਂਕਿ ਉਨ੍ਹਾਂ ਦੀ ਮੌਤ ਦੇ ਦਿਨ 29 ਤਾਰੀਖ਼ ਸੀ ਅਤੇ ਮਈ ਦਾ ਪੰਜਵਾਂ ਮਹੀਨਾ ਸੀ। ਬਿਲਕੁਲ ਇਸੇ ਤਰ੍ਹਾਂ ਸੁਰਜੀਤ ਬਿੰਦਰਖੀਆ ਨੇ 2003 ’ਚ ਆਪਣੀ ਮੌਤ ਤੋਂ ਪਹਿਲਾਂ ਗੀਤ ਗਾਇਆ ਸੀ ‘ਨੀ ਮੈਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ ਤੱਕ ਨਹੀਂ ਰਹਿਣਾ’, ਬਿੰਦਰਖੀਆ ਦੇ ਇਸ ਗੀਤ ਤੋਂ ਕੁੱਝ ਦਿਨ ਬਾਅਦ ਹੀ ਉਨ੍ਹਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ