ਚੰਡੀਗੜ੍ਹ 'ਚ ਅੱਧੀ ਰਾਤੀਂ ਵੱਡੀ ਵਾਰਦਾਤ, ਬਾਊਂਸਰ ਨੂੰ ਗੋਲੀਆਂ ਨਾਲ ਭੁੰਨਿਆ
Tuesday, Mar 17, 2020 - 11:37 AM (IST)
ਚੰਡੀਗੜ੍ਹ (ਸੁਸ਼ੀਲ) : ਘਰ ਆ ਰਹੇ ਕਾਰ ਸਵਾਰ ਬਾਊਂਸਰ 'ਤੇ ਸੋਮਵਾਰ ਦੇਰ ਰਾਤ ਦੋ ਬਾਈਕ ਸਵਾਰ ਨੌਜਵਾਨ ਸੈਕਟਰ-38 ਵੈਸਟ ਦੇ ਸਮਾਲ ਚੌਕ 'ਤੇ ਅੱਠ ਰਾਊਂਡ ਫਾਇਰ ਕਰ ਕੇ ਫਰਾਰ ਹੋ ਗਏ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਬਾਊਂਸਰ ਨੂੰ ਪੀ. ਜੀ. ਆਈ. 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬਾਊਂਸਰ ਦੀ ਪਛਾਣ ਸੈਕਟਰ-38 ਵੈਸਟ ਵਾਸੀ ਸੁਰਜੀਤ ਦੇ ਰੂਪ 'ਚ ਹੋਈ। ਕਾਤਲ ਬਾਈਕ ਸਵਾਰ ਰਾਜਸਥਾਨ ਨੰਬਰ ਦੀ ਬਾਈਕ 'ਤੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਕਤਲ ਤੋਂ ਬਾਅਦ ਦੋਵੇਂ ਨੌਜਵਾਨ ਸੈਕਟਰ-43 ਦੇ ਰਿਹਾਇਸ਼ੀ ਇਲਾਕੇ 'ਚ ਜਾ ਕੇ ਗਾਇਬ ਹੋ ਗਏ। ਮਲੋਆ ਥਾਣਾ ਪੁਲਸ ਨੇ ਅਣਪਛਾਤੇ ਬਾਈਕ ਸਵਾਰ ਨੌਜਵਾਨਾਂ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ।
ਸੈਕਟਰ-38 ਵੈਸਟ ਨਿਵਾਸੀ ਬਾਊਂਸਰ ਸੁਰਜੀਤ ਆਪਣੀ ਸਿਆਜ ਕਾਰ 'ਚ ਘਰ ਜਾ ਰਿਹਾ ਸੀ, ਜਦੋਂ ਉਹ ਸੈਕਟਰ-38 ਵੈਸਟ ਚੌਕ 'ਤੇ ਪਹੁੰਚਿਆ ਤਾਂ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸ ਦੀ ਗੱਡੀ ਦੇ ਅੱਗੇ ਬਾਈਕ ਖੜ੍ਹੀ ਕਰ ਦਿੱਤੀ। ਸੁਰਜੀਤ ਨੇ ਜਿਵੇਂ ਹੀ ਗੱਡੀ ਰੋਕੀ ਤਾਂ ਬਾਈਕ ਸਵਾਰ ਦੋ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਬਾਊਂਸਰ ਸੁਰਜੀਤ 'ਤੇ ਇਕ ਤੋਂ ਬਾਅਦ ਇਕ ਅੱਠ ਫਾਇਰ ਕਰ ਦਿੱਤੇ। ਗੋਲੀ ਲੱਗਣ ਤੋਂ ਬਾਊਂਸਰ ਲਹੂ-ਲੁਹਾਨ ਹੋ ਗਿਆ ਅਤੇ ਬਾਈਕ ਸਵਾਰ ਚਾਰੇ ਨੌਜਵਾਨਾਂ ਨੇ ਸੈਕਟਰ-43 ਵੱਲ ਬਾਈਕ ਭਜਾ ਲਈ। ਇੰਨੇ 'ਚ ਇਕ ਨੌਜਵਾਨ ਨੇ ਗੋਲੀ ਚੱਲਣ ਦੀ ਸੂਚਨਾ ਪੁਲਸ ਨੂੰ ਦੇ ਕੇ ਹਤਿਆਰੇ ਬਾਈਕ ਸਵਾਰਾਂ ਦਾ ਪਿੱਛਾ ਕਰਨ ਲੱਗਾ।
ਸੈਕਟਰ-43 ਦੇ ਰਿਹਾਇਸ਼ੀ ਇਲਾਕੇ 'ਚ ਹਮਲਾਵਰ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਗਾਇਬ ਹੋ ਗਏ। ਉਥੇ ਹੀ ਘਟਨਾ 'ਤੇ ਪੀ. ਸੀ. ਆਰ. ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀ ਬਾਊਂਸਰ ਨੂੰ ਪੀ. ਜੀ. ਆਈ. ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਾਊਂਸਰ ਦੀ ਗੋਲੀ ਲੱਗਣ ਨਾਲ ਕਤਲ ਹੋਣ ਦੀ ਜਾਣਕਾਰੀ ਮਿਲਦੇ ਹੀ ਐੱਸ.ਪੀ. ਸਿਟੀ ਵਿਨੀਤ ਕੁਮਾਰ, ਏ. ਐੱਸ. ਪੀ. ਨੇਹਾ ਯਾਦਵ ਸਮੇਤ ਹੋਰ ਪੁਲਸ ਨੌਜਵਾਨ ਮੌਕੇ 'ਤੇ ਪੁੱਜੇ। ਉਹ ਘਟਨਾ ਸਥਲ ਦੀ ਜਾਂਚ ਕਰ ਕੇ ਪੀ. ਜੀ. ਆਈ. 'ਚ ਗਏ। ਜਿਥੇ ਡਾਕਟਰਾਂ ਨੇ ਪੁਲਸ ਨੂੰ ਦੱਸਿਆ ਕਿ ਬਾਊਂਸਰ ਨੂੰ ਅੱਠ ਗੋਲੀਆਂ ਲੱਗਣ ਨਾਲ ਉਸ ਦੀ ਮੌਤ ਹੋ ਚੁੱਕੀ ਹੈ।
ਪੁਲਸ ਨੂੰ ਮਿਲੇ ਹਨ ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ
ਮਲੋਆ ਥਾਨਾ ਪੁਲਸ ਨੂੰ ਸੈਕਟਰ-38 ਵੈਸਟ ਦੇ ਚੌਕ ਤੋਂ ਕਰੀਬ ਅੱਠ ਗੋਲੀਆਂ ਦੇ ਖੋਲ ਮਿਲੇ ਹਨ। ਉਥੇ ਹੀ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਰਹਿਣ ਵਾਲੇ ਲੋਕ ਘਰਾਂ ਤੋਂ ਬਾਹਰ ਆ ਗਏ ਸਨ। ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਬਾਈਕ ਸਵਾਰ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਹਨ। ਪੁਲਸ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਫੁਟੇਜ ਖੰਗਾਲਣ 'ਚ ਲੱਗੀ ਹੋਈ ਹੈ।
ਕਤਲ ਪਿੱਛੇ ਪੁਰਾਣੀ ਗੈਂਗਵਾਰ ਹੋ ਸਕਦੀ ਹੈ ਵਜ੍ਹਾ
ਸੁਰਜੀਤ ਬਾਊਂਸਰ ਦੀ ਹੱਤਿਆ ਪਿਛੇ ਬਾਊਂਸਰਾਂ ਵਿਚਕਾਰ ਆਪਸੀ ਰੰਜਿਸ਼ ਹੋ ਸਕਦੀ ਹੈ। 2017 'ਚ ਬਾਊਂਸਰ ਮਿੱਤਰ ਦੀ ਹੱਤਿਆ 'ਚ ਬਾਊਂਸਰ ਸੁਰਜੀਤ ਦਾ ਨਾਮ ਆਇਆ ਸੀ। ਪੁਲਸ ਨੇ ਬਾਊਂਸਰ ਸੁਰਜੀਤ ਤੋਂ ਮਾਮਲੇ 'ਚ ਪੁੱਛਗਿੱਛ ਵੀ ਕੀਤੀ ਸੀ ਪਰ ਬਾਅਦ 'ਚ ਪੁਲਸ ਨੇ ਸੁਰਜੀਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਸੂਤਰਾਂ ਦੀ ਮੰਨੀਏ ਤਾਂ ਬਾਊਂਸਰ ਸੁਰਜੀਤ ਦੀ ਹੱਤਿਆ ਪਿੱਛੇ ਵੀ ਗੈਂਗਵਾਰ ਜਾਂ ਫੇਰ ਆਪਸੀ ਰੰਜਿਸ਼ ਲੱਗ ਰਹੀ ਹੈ।
ਹਤਿਆਰਿਆਂ ਨੇ ਕੀਤੀ ਸੀ ਸੁਰਜੀਤ ਦੀ ਰੈਕੀ
ਪੁਲਸ ਦੀ ਮੁਢਲੀ ਜਾਂਚ 'ਚ ਸਾਹਮਣੇ ਆਇਆ ਕਿ ਬਾਊਂਸਰ ਸੁਰਜੀਤ ਦੀ ਹੱਤਿਆ ਪੂਰੀ ਯੋਜਨਾ ਦੇ ਤਹਿਤ ਕੀਤੀ ਗਈ ਹੈ। ਹਤਿਆਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੁਰਜੀਤ ਦੇ ਆਉਣ-ਜਾਣ ਦੇ ਸਮੇਂ ਦੀ ਰੈਕੀ ਕੀਤੀ ਸੀ। ਹਤਿਆਰਿਆਂ ਨੂੰ ਪਤਾ ਸੀ ਕਿ ਸੁਰਜੀਤ ਰਾਤ ਦੇ ਸਮੇਂ ਘਰ ਇਕੱਲਾ ਜਾਂਦਾ ਹੈ। ਇਸ ਤਹਿਤ ਹਤਿਆਰਿਆਂ ਨੇ ਬਾਊਂਸਰ ਸੁਰਜੀਤ ਦੀ ਹੱਤਿਆ ਸੈਕਟਰ-38 ਵੈਸਟ ਦੇ ਸਮਾਲ ਚੌਕ 'ਤੇ ਕੀਤੀ ਹੈ।
ਬਾਊਂਸਰ ਸੁਰਜੀਤ ਦੀ ਹੱਤਿਆ ਬਾਈਕ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕੀਤੀ ਹੈ। ਪੁਲਸ ਨੇ ਬਾਈਕ ਸਵਾਰ ਹਤਿਆਰਿਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਬਾਊਂਸਰ ਦੀ ਹੱਤਿਆ ਨੂੰ ਸੁਲਝਾਉਣ ਲਈ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ-ਐੱਸ. ਪੀ. ਸਿਟੀ, ਵਿਨੀਤ ਕੁਮਾਰ।