ਸੁਰਿੰਦਰ ਹੱਤਿਆ ਕਾਂਡ : ਪਰਿਵਾਰ ਤੇ ਪਿੰਡ ਵਾਸੀ ਐੱਸ. ਪੀ. (ਡੀ.) ਨੂੰ ਮਿਲੇ
Tuesday, Feb 13, 2018 - 01:05 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ)-ਪਿੰਡ ਕਰਾਈਵਾਲਾ ਦਾ ਚਰਚਿਤ ਸੁਰਿੰਦਰ ਹੱਤਿਆ ਕਾਂਡ ਦੇ ਮਾਮਲੇ 'ਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ 'ਆਪ' ਪਾਰਟੀ ਦੇ ਪ੍ਰਧਾਨ ਜਗਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਬਠਿੰਡਾ ਰੋਡ ਸਥਿਤ ਐੱਸ. ਪੀ. ਦਫ਼ਤਰ ਵਿਚ ਐੱਸ. ਪੀ. (ਡੀ.) ਬਲਜੀਤ ਸਿੰਘ ਨਾਲ ਮੁਲਾਕਾਤ ਕੀਤੀ। ਫਿਲਹਾਲ ਐੱਸ. ਪੀ. ਡੀ. ਨੇ ਇਸ ਮਾਮਲੇ ਦੇ ਖੁਲਾਸੇ ਲਈ 10 ਦਿਨ ਦਿੱਤੇ ਜਾਣ ਦੀ ਮੰਗ ਕੀਤੀ। ਇਸ ਦੌਰਾਨ ਐੱਸ. ਪੀ. (ਡੀ.) ਸਿੱਧੂ ਨੇ ਕਿਹਾ ਕਿ ਇਸ ਮਾਮਲੇ 'ਚ ਪੁਲਸ ਕਾਤਲਾਂ ਦੇ ਕਾਫ਼ੀ ਨੇੜੇ ਪਹੁੰਚ ਚੁੱਕੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਬੇਕਸੂਰ ਨੂੰ ਸਜ਼ਾ ਮਿਲੇ। ਇਸ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਪ੍ਰਦਰਸ਼ਨ ਕਰਨ ਦੀ ਜਗ੍ਹਾ ਕੁਝ ਸਮੇਂ ਸ਼ਾਂਤੀ ਨਾਲ 10 ਦਿਨ ਇੰਤਜ਼ਾਰ ਕਰਦੇ ਹੋਏ ਪੁਲਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਧਰਨੇ-ਪ੍ਰਦਰਸ਼ਨ ਨਾਲ ਪੁਲਸ 'ਤੇ ਦਬਾਅ ਬਣ ਜਾਂਦਾ ਹੈ ਅਤੇ ਅਜਿਹੇ 'ਚ ਕਿਸੇ ਬੇਕਸੂਰ 'ਤੇ ਜ਼ੁਲਮ ਹੋ ਸਕਦਾ ਹੈ, ਜੇਕਰ ਪਰਿਵਾਰ ਨੂੰ ਕਿਸੇ 'ਤੇ ਸ਼ੱਕ ਹੈ ਤਾਂ ਇਸ ਦੀ ਜਾਣਕਾਰੀ ਪੁਲਸ ਨੂੰ ਦੇਵੇ ਤਾਂ ਕਿ ਪੁਲਸ ਆਪਣੇ ਆਧਾਰ 'ਤੇ ਇਸ ਸਬੰਧੀ ਪੜਤਾਲ ਕਰ ਸਕੇ।
ਇਸ ਸਮੇਂ ਪਰਿਵਾਰ ਨੇ ਆਪਣੀ ਰਾਜਸਥਾਨ ਵਿਖੇ ਖਰਾਬ ਹੋ ਰਹੀ ਫਸਲ ਬਾਰੇ ਜਾਣੂ ਕਰਵਾਇਆ ਤਾਂ ਐੱਸ. ਪੀ. (ਡੀ.) ਨੇ ਕਿਹਾ ਕਿ ਉਹ ਫਸਲ ਨੂੰ ਦੇਖਣ ਲਈ ਰਾਜਸਥਾਨ ਜਾ ਸਕਦੇ ਹਨ, ਜੇਕਰ ਜ਼ਰੂਰਤ ਪਵੇ ਤਾਂ ਉਹ ਖੁਦ ਰਾਜਸਥਾਨ ਆ ਜਾਣਗੇ।
ਸੰਘਰਸ਼ ਦੀ ਦਿੱਤੀ ਸੀ ਚਿਤਾਵਨੀ
ਜ਼ਿਕਰਯੋਗ ਹੈ ਕਿ ਇਸ ਹੱਤਿਆ ਕਾਂਡ 'ਚ ਪੁਲਸ ਵੱਲੋਂ ਕੁਝ ਖੁਲਾਸਾ ਨਾ ਕੀਤੇ ਜਾਣ 'ਤੇ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਦੁਬਾਰਾ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਸੀ। ਪਿਛਲੇ ਦਿਨਾਂ ਵਿਚ 'ਆਪ' ਨੇਤਾ ਜਗਦੀਪ ਸਿੰਘ ਸੰਧੂ ਦੀ ਅਗਵਾਈ 'ਚ ਮਿਲਣ 'ਤੇ ਪੁਲਸ ਨੇ ਪਰਿਵਾਰ ਨੂੰ ਸੋਮਵਾਰ ਐੱਸ. ਐੱਸ. ਪੀ. ਦਫ਼ਤਰ ਬੁਲਾਇਆ ਸੀ।