ਸੁਨੀਲ ਜਾਖੜ ਦਾ ਵੱਡਾ ਬਿਆਨ, ਥੋੜੇ ਦਿਨਾਂ ਤੱਕ ਅਕਾਲੀ-ਭਾਜਪਾ ਗੱਠਜੋੜ ਦੀ ਸਥਿਤੀ ਹੋਵੇਗੀ ਸਾਫ਼

03/21/2024 6:40:47 PM

ਜਲੰਧਰ (ਰਮਨਦੀਪ ਸਿੰਘ ਸੋਢੀ)-ਲੋਕ ਸਭਾ ਚੋਣਾਂ ਦਾ ਬਿਗੁਲ ਬੇਸ਼ੱਕ ਵੱਜ ਚੁੱਕਾ ਹੈ ਪਰ ਅਕਾਲੀ ਦਲ ਅਤੇ ਭਾਜਪਾ ਹਾਲੇ ਤੱਕ ਇਹ ਤੈਅ ਨਹੀਂ ਕਰ ਪਾ ਰਹੇ ਕਿ ਗੱਠਜੋੜ ਕਰਨਾ ਹੈ ਜਾਂ ਨਹੀਂ। ਅਜਿਹੇ ’ਚ ਜਦੋਂ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਪੱਖ ਜਾਣਿਆ ਗਿਆ ਤਾਂ ਜਵਾਬ ਸੀ ਕਿ ਥੋੜੇ ਦਿਨ ਹਨ, ਸਥਿਤੀ ਸਾਫ਼ ਹੋ ਜਾਵੇਗੀ। ਨਾਲ ਹੀ ਉਨ੍ਹਾਂ ਗੱਠਜੋੜ ਦੇ ਹੱਕ ਵਿਚ ਵੀ ਹਾਮੀ ਭਰੀ। ਜਾਖੜ ਵੱਲੋਂ ਇਸ ਗੱਲਬਾਤ ਦੌਰਾਨ ਜਿੱਥੇ ਸੱਤਾਧਿਰ ’ਤੇ ਨਿਸ਼ਾਨੇ ਤਾਂ ਵਿੰਨ੍ਹੇ ਹੀ ਗਏ, ਉੱਥੇ ਹੀ ਉਨ੍ਹਾਂ ਨੇ ਪੁਰਾਣੀ ਪਾਰਟੀ ਕਾਂਗਰਸ ਨੂੰ ਵੀ ਕਰੜੇ ਹੱਥੀਂ ਲਿਆ। ਪੇਸ਼ ਹਨ ਗਲਬਾਤ ਦੇ ਮੁੱਖ ਅੰਸ਼ :

• ਤੁਸੀਂ ਰਾਘਵ ਚੱਢਾ ਬਾਰੇ ਸਵਾਲ ਕੀਤਾ ਪਰ ਮੁੱਖ ਮੰਤਰੀ ਉਲਟਾ ਤੁਹਾਡੇ ਬਾਰੇ ਟਿੱਪਣੀ ਕਰ ਰਹੇ ਹਨ, ਕੀ ਕਹੋਗੇ।
ਬੇਸ਼ੱਕ ਮੁੱਖ ਮੰਤਰੀ ਮੇਰੇ ’ਤੇ ਟਿੱਪਣੀ ਕਰ ਰਹੇ ਹਨ ਪਰ ਮੇਰਾ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ ਮੇਰੀ ਗੱਲ ਪਸੰਦ ਬਹੁਤ ਆਈ ਹੋਵੇਗੀ। ਉਹ ਇਸ ਗੱਲ ਦੀ ਖ਼ੁਸ਼ੀ ਵੀ ਮਨਾ ਰਹੇ ਹੋਣਗੇ ਕਿ ਜਾਖੜ ਨੇ ਅਜਿਹੀ ਗੱਲ ਕਰਕੇ ਸਵਾਦ ਲਿਆ ਦਿੱਤਾ ਹੈ। ਦਰਅਸਲ ਡੋਰ ਤਾਂ ਸਾਰੀ ਉਪਰ ਹੀ ਸੀ ਪਰ ਹੁਣ ਕਹਿ ਲਵੋ ਕਿ ਮੁੱਖ ਮੰਤਰੀ ਟਰੇਂਡ ਹੋ ਗਏ ਹਨ। ਜਿਸ ਤਰਾਂ ਮੁੱਖ ਮੰਤਰੀ ਕਾਂਗਰਸ ਨੂੰ ਵਿਧਾਨ ਸਭਾ ਦੇ ਅੰਦਰ ਵਾਹਣੀ ਪਾ ਰਹੇ ਨੇ ਹੁਣ ਤਾਂ ਦਾਦ ਦੇਣੀ ਬਣਦੀ ਹੈ। ਬੇਸ਼ੱਕ ਲੋਕ ਕਹਿਣ ਕਿ ਇਸ ਵਾਰ ਕਿਸ ਤਰ੍ਹਾਂ ਦਾ ਮਟੀਰੀਅਲ ਆ ਗਿਆ ਹੈ ਪਰ ਮੇਰਾ ਮੰਨਣਾ ਕਿ ਮੁੱਖ ਮੰਤਰੀ ਅਸਰਦਾਰ ਹਨ, ਜਿਨ੍ਹਾਂ ਨੇ ਕਾਂਗਰਸ ਦੀ ਬੋਲਤੀ ਬੰਦ ਕਰਵਾ ਦਿੱਤੀ ਹੈ।

ਇਹ ਵੀ ਪੜ੍ਹੋ: ਪਿਛਲੀਆਂ 3 ਲੋਕ ਸਭਾ ਚੋਣਾਂ ਦੌਰਾਨ 15,333 ਪੋਸਟਲ ਵੋਟਾਂ ਹੋਈਆਂ ਰੱਦ, ਕਈ ਕਾਰਨ ਆਏ ਸਾਹਮਣੇ

• ਮੁੱਖ ਮੰਤਰੀ ਕਹਿੰਦੇ ਹਨ ਕਿ ਜਾਖੜ ਪਹਿਲਾਂ ਇਹ ਦੱਸਣ ਕਿ ਕਿਸ ਪਾਰਟੀ ਵੱਲੋਂ ਬੋਲ ਰਹੇ ਹੋ।
ਵੇਖੋ ਪਾਰਟੀ ਦੀ ਗੱਲ ਕਰੀਏ ਤਾਂ ਇਹ ਉਹ ਕਾਂਗਰਸ ਹੈ, ਜਿਸ ਨੂੰ ਕੱਲ੍ਹ ਤੱਕ ਕੋਈ ਸਵੀਕਾਰ ਹੀ ਨਹੀਂ ਕਰਦਾ ਸੀ। ਮੈਂ ਇਕਲੌਤਾ ਵਿਅਕਤੀ ਹਾਂ ਜੋ ਹੁਣ ਤੱਕ ਮੁੱਖ ਮੰਤਰੀ ਨੂੰ ਭਗਵੰਤ ਮਾਨ ਸਾਬ੍ਹ ਕਹਿ ਕੇ ਸੰਬੋਧਨ ਕਰਦਾ ਹਾਂ ਜਦਕਿ ਬਾਕੀਆਂ ਨੇ ਤਾਂ ਕੋਈ ਕਸਰ ਹੀ ਨਹੀਂ ਛੱਡੀ। ਅੱਜ ਉਸੇ ਮੁੱਖ ਮੰਤਰੀ ਨੇ 150 ਸਾਲ ਪੁਰਾਣੀ ਪਾਰਟੀ ਦੇ ਗੋਡੇ ਲਵਾ ਰੱਖੇ ਹਨ ਤਾਂ ਦੱਸੋ ਜਾਖੜ ਉਸ ਪਾਰਟੀ ਦਾ ਹਿੱਸਾ ਰਹੇ । ਪਾਰਟੀ ਮਾੜੀ ਨਹੀਂ ਹੁੰਦੀ ਮਾੜੇ ਲੀਡਰ ਹੁੰਦੇ ਹਨ। ਇਕ ਮੁੱਖ ਮੰਤਰੀ ਤੁਹਾਨੂੰ ਸ਼ਰੇਆਮ ਧਮਕਾਵੇ ਕਿ ਹੁਣ ਬੋਲਿਆ ਤਾਂ ਤੇਰੀ ਫਾਈਲ ਕੱਢ ਲਵਾਂਗਾ ਤਾਂ ਦੱਸੋ ਕਮਜ਼ੋਰ ਕੌਣ ਹੋਇਆ। ਅਜਿਹੇ ਹਾਲਾਤ ਵਿਚ ਸੁਨੀਲ ਜਾਖੜ ਕਾਂਗਰਸ ਵਿਚ ਨਹੀਂ ਰਹਿ ਸਕਦਾ, ਜਿੱਥੇ ਕਾਂਗਰਸ ਦਾ ਪ੍ਰਧਾਨ ਵੀ ਚੁੱਪ ਹੋਵੇ। ਮਤਲਬ ਇਹ ਤਾਂ ਸਿਰਫ਼ ਆਪਣੇ ਨਿੱਜੀ ਮੁਫ਼ਾਦਾਂ ਵਾਸਤੇ ਕੰਮ ਕਰ ਰਹੇ ਹਨ।

• ‘ਆਪ’ ਵੱਲੋਂ ਉਮੀਦਵਾਰ ਵਾਪਸ ਲਏ ਜਾਣਗੇ, ਤੁਹਾਡੇ ਇਸ ਬਿਆਨ ਦਾ ਆਧਾਰ ਕੀ ਹੈ?
ਵੇਖੋ ਉਮੀਦਵਾਰ ਆਪਣੀ ਖ਼ੁਸ਼ੀ ਨਾਲ ਚੋਣ ਮੈਦਾਨ ਵਿਚ ਨਹੀਂ ਉਤਰੇ ਹਨ, ਸਗੋਂ ਉਨ੍ਹਾਂ ਨੂੰ ਬਲਿਦਾਨ ਦੇਣ ਲਈ ਮਜਬੂਰ ਕੀਤਾ ਗਿਆ ਹੈ। ਰਹੀ ਗੱਲ ਗੰਢ-ਤੁਪ ਦੀ ਤਾਂ ਹੁਣ ਦੋਵਾਂ ਧਿਰਾਂ ਨੂੰ ਸਾਫ਼ ਹੋ ਗਿਆ ਹੈ ਕਿ ਇਨ੍ਹਾਂ ਦਾ ਕੁਝ ਨਹੀਂ ਵੱਟਿਆ ਜਾਵੇਗਾ। ਰਹੀ ਗੱਲ ਆਧਾਰ ਦੀ ਤਾਂ ਇਨ੍ਹਾਂ ਦੀ ਬਕਾਇਦਾ ਦਿੱਲੀ ਵਿਖੇ ਮੀਟਿੰਗ ਹੋਈ ਹੈ। ਦੂਜੀ ਉਦਾਹਰਣ ਚੰਡੀਗੜ੍ਹ ਵਿਚਲਾ ਗੱਠਜੋੜ ਹੈ। ਇਸ ਮਿਲੀਭੁਗਤ ਦਾ ਬਸ ਹੁਣ ਪਰਦਾ ਉੱਠਣਾ ਹੀ ਰਹਿ ਗਿਆ ਹੈ ਪਰ ਮੈਂ ਇਕ ਗੱਲ ਦੀ ਦਾਦ ਦਿੰਦਾ ਹਾਂ ਕਿ ਇਹ ਸਭ ਮੁੱਖ ਮੰਤਰੀ ਨੇ ਇਨ੍ਹਾਂ ਕੋਲੋਂ ਧੱਕੇ ਨਾਲ ਕਰਵਾਇਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਪਤੀ ਨੇ ਘਰ 'ਚੋਂ ਬੁਆਏਫਰੈਂਡ ਨਾਲ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

• ਅਕਾਲੀ-ਭਾਜਪਾ ਗੱਠਜੋੜ ਦੀ ਗੱਲ ਕਿੱਥੇ ਖੜ੍ਹੀ ਹੈ?
ਵੇਖੋ ਗੱਲ ਤਾਂ ਨੈਸ਼ਨਲ ਲੈਵਲ ’ਤੇ ਹੀ ਤੈਅ ਹੋਣੀ ਹੈ। ਇਹ ਫ਼ੈਸਲਾ ਪੰਜਾਬ ਦੇ ਹਾਲਾਤ ਨੂੰ ਮੁੱਖ ਰੱਖ ਕੇ ਹਾਈਕਮਾਨ ਨੇ ਹੀ ਕਰਨਾ ਹੈ ਨਾ ਕਿ ਇਹ ਜਾਖੜ ਦੇ ਹੱਥਾਂ ਵਿਚ ਹੈ। ਕੋਈ ਮੰਨੇ ਜਾਂ ਨਾ ਮੰਨੇ ਪਰ ਪੰਜਾਬ ਦਾ ਇਕ ਸਪੈਸ਼ਲ ਸਟੇਟਸ ਹੈ। ਸਾਡੀ ਗਿਣਤੀ ਬੇਸ਼ੱਕ ਘੱਟ ਹੋਵੇ ਪਰ ਮੁਲਕ ਅੰਦਰ ਸਾਡਾ ਯੋਗਦਾਨ ਵੱਡਾ ਹੈ। ਪੰਜਾਬ ਵਿਚ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਕੋਈ ਰਾਜਨੀਤਕ ਜਾਂ ਫਿਰ ਅੰਕੜਿਆਂ ਦਾ ਗੱਠਜੋੜ ਨਹੀਂ, ਇਹ ਤਾਂ ਭਾਈਚਾਰਕ ਸਾਂਝ ਦਾ ਗੱਠਜੋੜ ਹੋਵੇਗਾ। ਅਸੀਂ ਬਾਰਡਰ ਨੇੜੇ ਵਸਦੇ ਹਾਂ, ਇਸ ਕਰਕੇ ਗੁਆਂਢੀ ਮੁਲਕ ਦੀ ਵੀ ਜੋ ਚਾਲ ਹੈ, ਉਸ ਨੂੰ ਵੀ ਧਿਆਨ ਵਿਚ ਰੱਖਣਾ ਪਵੇਗਾ। ਕਈ ਵਾਰ ਲੋਕ ਕਹਿ ਦਿੰਦੇ ਹਨ ਕਿ ਜਾਖੜ ਗੱਠਜੋੜ ਕਰਵਾਉਣ ਨੂੰ ਬੜਾ ਕਾਹਲਾ ਪਿਆ ਹੈ ਪਰ ਅੱਜ ਮੈਂ ਲੋਕਾਂ ਦੀ ਭਾਵਨਾ ਨੂੰ ਸਮਝ ਕੇ ਗੱਲ ਕਰਾਂ ਤਾਂ ਇਸ ਗੱਲ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਗੱਲ ਹੁਣ ਸਾਫ਼ ਹੋਣੀ ਚਾਹੀਦੀ ਹੈ। ਮੇਰਾ ਮੰਨਣਾ ਹੈ ਕਿ ਆਉਣ ਵਾਲੇ 10 ਦਿਨਾਂ ਤੋਂ ਪਹਿਲਾਂ ਹੀ ਗੱਠਜੋੜ ਦੀ ਸਥਿਤੀ ਸਾਫ਼ ਹੋ ਜਾਵੇਗੀ। ਉਂਝ ਸਾਡੇ ਕੋਲ ਤਿਆਰੀ ਸਾਰੀਆਂ ਸੀਟਾਂ ’ਤੇ ਹੈ ਪਰ ਗੱਠਜੋੜ ਦਾ ਫ਼ੈਸਲਾ ਵੀ ਛੇਤੀ ਹੋ ਜਾਵੇਗਾ।

• ਕੀ ਇਹ ਸੱਚ ਹੈ ਕਿ ਬੰਦੀ ਸਿੰਘਾਂ, ਕਿਸਾਨਾਂ ਅਤੇ ਸੀਟਾਂ ਦਾ ਮਸਲਾ ਵੀ ਅੜਿੱਕਾ ਬਣ ਰਿਹਾ ਹੈ?
ਵੇਖੋ ਇਹ ਸਮਝੌਤਾ ਸੋਚ ਦਾ ਹੋਣਾ ਹੈ, ਸੀਟਾਂ ਦਾ ਨਹੀਂ। ਮੇਰਾ ਮੰਨਣਾ ਹੈ ਕਿ ਇਹ ਸਾਰੇ ਹਿੱਸੇ ਜ਼ਰੂਰ ਹਨ ਪਰ ਇਸ ਤੋਂ ਇਲਾਵਾ ਪੰਜਾਬ ਦੇ ਚਹੁੰ-ਪੱਖੀ ਮਸਲੇ ਵੀ ਹਨ, ਜਿਨ੍ਹਾਂ ਦੇ ਹੱਲ ਨਾਲ ਹੀ ਪੰਜਾਬ ਦੀ ਬੇਹਤਰੀ ਹੋਣੀ ਹੈ ਅਤੇ ਉਸੇ ਲਈ ਹੀ ਗੱਠਜੋੜ ’ਤੇ ਵਿਚਾਰ ਹੋਣਾ ਹੈ। ਗੱਠਜੋੜ ਦਾ ਫਾਇਦਾ ਤਾਂ ਹੀ ਹੈ ਜੇ ਇਕ ਤੇ ਇਕ ਗਿਆਰਾਂ ਹੋਣਗੇ। ਜੇ ਇਕ ਤੇ ਇਕ ਦੋ ਹੋਣ ਦੀ ਬਜਾਇ ਡੇਢ ਬਣੇਗਾ ਤਾਂ ਫਿਰ ਕੋਈ ਫਾਇਦੇ ਵਾਲੀ ਗੱਲ ਨਹੀਂ ਹੈ। ਜੇ ਕੋਈ ਇਕ ਕਹੇਗਾ ਕਿ ਅਸੀਂ ਦੂਜੇ ਦੇ ਗੋਡੇ ਲਵਾ ਲਏ ਤਾਂ ਫਿਰ ਸਮਝੌਤਾ ਚੱਲਦਾ ਨਹੀਂ ਹੈ। ਭਾਵ ਕਿ ਇਕ ਤੇ ਇਕ ਗਿਆਰਾਂ ਬਣ ਕੇ ਚੱਲਣ, ਤਾਂ ਹੀ ਪੰਜਾਬ ਅਤੇ ਦੇਸ਼ ਦਾ ਭਲਾ ਹੈ। ਨਾ ਤਾਂ ਕਿਸੇ ਨੂੰ ਨੀਵਾਂ ਵਿਖਾਉਣਾ ਹੈ ਤੇ ਨਾ ਹੀਂ ਕਿਸੇ ਨੂੰ ਸਿਰ ’ਤੇ ਬਿਠਾਉਣਾ ਹੈ।

• ਅਕਸ਼ੈ ਕੁਮਾਰ, ਯੁਵਰਾਜ ਸਿੰਘ ਜਾਂ ਕੋਈ ਹੋਰ ਅਦਾਕਾਰ ਉਮੀਦਵਾਰੀ ਲਈ ਵਿਚਾਰ ਅਧੀਨ ਹੈ?
ਇਹ ਸਭ ਵ੍ਹਟਸਐਪ ਦਾ ਕਮਾਲ ਹੈ। ਫ਼ੈਸਲਾ ਪਾਰਟੀ ਨੇ ਕਰਨਾ ਹੈ।



• ਕੀ ਸੁਨੀਲ ਜਾਖੜ ਚੋਣ ਲੜਨਗੇ?
ਇਹ ਫ਼ੈਸਲਾ ਹਾਈਕਮਾਨ ਦੇ ਹੱਥ ਹੈ, ਮੇਰਾ ਰੁਚੀ ਰੱਖਣਾ ਜਾਂ ਨਾ ਰੱਖਣਾ ਮਾਇਨੇ ਨਹੀਂ ਰੱਖਦਾ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਵੱਡਾ ਟਰੇਨ ਹਾਦਸਾ, ਰੇਲਵੇ ਟਰੈਕ ਕ੍ਰਾਸ ਕਰਦਿਆਂ ਟਰੇਨ ਹੇਠਾਂ ਆਏ ਸਕੂਲੀ ਬੱਚੇ, ਇਕ ਦੀ ਦਰਦਨਾਕ ਮੌਤ

• ਕਿਸਾਨੀ ਮਸਲੇ ਦੀ ਗੱਲ ਕਿੱਥੇ ਖੜ੍ਹੀ ਹੈ
ਵੇਖੋ ਕਿਸਾਨਾਂ ਦਾ ਧਰਨਾ ਅੱਜ ਪੂਰੀ ਦੁਨੀਆ ਅੰਦਰ ਲੱਗ ਰਿਹਾ ਹੈ। ਇਥੇ ਇਕ ਗੱਲ ਤਾਂ ਸਾਫ ਹੈ ਕਿ ਕਿਸਾਨੀ ਅੰਦਰ ਰੋਜ਼ਗਾਰ ਨਹੀਂ ਹੈ ਤੇ ਆਮਦਨ ਘਟ ਰਹੀ ਹੈ। ਇਹ ਕਾਫੀ ਹੱਦ ਤਕ ਮੌਸਮ ’ਤੇ ਹੀ ਨਿਰਭਰ ਹੈ। ਇਸ ਹਾਲਾਤ ’ਚ ਜਦੋਂ ਕਿਸਾਨਾਂ ਦੀ ਗੱਲ ਕਰੀਏ ਤਾਂ ਮੇਰੇ ਮੁਤਾਬਕ ਪੰਜਾਬ ਦਾ ਕਿਸਾਨ ਇਕ ਫਿਕਸ ਆਮਦਨ ਦੀ ਗਾਰੰਟੀ ਮੰਗਦਾ ਹੈ, ਜਿਸ ਵਿਚ ਉਹ ਵਧੀਆ ਜ਼ਿੰਦਗੀ ਬਸਰ ਕਰ ਸਕੇ। ਇਸ ਬਾਰੇ ਖੇਤੀ ਵਿਚੋਂ ਉਸ ਨੂੰ ਆਸ ਲੱਗਦੀ ਹੈ। ਸੋ ਹੁਣ ਇਸ ਮਸਲੇ ਨੂੰ ਢਕਿਆ ਨਹੀਂ ਜਾ ਸਕਦਾ। ਕਿਸਾਨੀ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਘੋਖਣਾ ਪਵੇਗਾ। ਇਹ ਬੜਾ ਪੇਚੀਦਾ ਮਾਮਲਾ ਹੈ, ਜਿਸ ਬਾਰੇ ਇਕੱਲਾ ਜਾਖੜ ਕੋਈ ਹੱਲ ਨਹੀਂ ਕਰ ਸਕਦਾ ਅਤੇ ਨਾ ਹੀ ਮੇਰੇ ਕੋਲ ਪਤਾਂਜਲੀ ਵਾਲੇ ਵਾਂਗ ਕੋਈ ਨੁਸਖਾ ਹੈ।

ਸਿਰਫ਼ ਐੱਮ. ਐੱਸ. ਪੀ. ਹੀ ਇਸ ਦਾ ਹੱਲ ਨਹੀਂ ਹੈ ਪਰ ਜਦੋਂ ਵਰਲਡ ਟਰੇਡ ਆਰਡਰ ਵਿਚੋਂ ਖ਼ੁਦ ਨੂੰ ਕੱਢਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਵੱਡਾ ਸਵਾਲ ਇਹ ਬਣਦਾ ਹੈ ਕਿ ਫਿਰ ਬਾਸਮਤੀ ਵਾਲੇ ਕਿੱਥੇ ਜਾਣਗੇ, ਕਿਉਂਕਿ ਇਹ ਤਾਂ ਵਿਕਦੀ ਹੀ ਵਿਦੇਸ਼ਾਂ ਵਿਚ ਹੈ। ਮੈਂ ਵੇਖ ਰਿਹਾ ਸੀ ਕਿ ਕੁਝ ਪੜੇ ਲਿਖੇ ਲੋਕ ਡਬਲਿਊ ਟੀ. ਓ. ਦਾ ਵਿਸਥਾਰ ਕਰ ਰਹੇ ਸਨ ਪਰ ਸਾਬ੍ਹ ਇਹ ਸਿਰਫ ਇਕ ਬਾਕਸ ਨਹੀਂ ਹੈ, ਸਗੋਂ ਪੂਰੇ ਹਿੰਦੁਸਤਾਨ ਦਾ ਟਰੇਡ ਵੀ ਇਸੇ ਰਾਹੀਂ ਹੀ ਹੋ ਰਿਹਾ ਹੈ। ਇਹ ਸਿਰਫ਼ ਖੇਤੀ ਦੇ ਵਪਾਰ ਦਾ ਸਾਧਨ ਨਹੀਂ, ਸਗੋਂ ਗਲੋਬਲ ਟਰੇਡ ਵੀ ਇਸੇ ਜ਼ਰੀਏ ਹੀ ਹੋ ਰਿਹਾ ਹੈ। ਬੇਸ਼ੱਕ ਕਈ ਗੱਲਾਂ ’ਚ ਵਜ਼ਨ ਹੈ ਪਰ ‘ਜਿਸ ਕਾ ਕਾਮ, ਉਸੀ ਕੋ ਸਾਜੇ’ਨੂੰ ਵੀ ਮੰਨਣ ਦੀ ਲੋੜ ਹੈ। ਕਿਸਾਨ ਨੂੰ ਕਿਸਾਨ ਰਹਿਣ ਦੀ ਅੱਜ ਬੇਹੱਦ ਲੋੜ ਹੈ। 2014 ਅੰਦਰ ਤਕਰੀਬਨ 15,500 ਕਰੋੜ ਰੁਪਏ ਦੇ ਝੋਨੇ ਦੀ ਐੱਮ. ਐੱਸ. ਪੀ. ’ਤੇ ਖ਼ਰੀਦ ਹੋਈ ਸੀ। ਇਸ ਵਾਰ 40 ਹਜ਼ਾਰ ਕਰੋੜ ਰੁਪਏ ਦੇ ਝੋਨੇ ਦੀ ਖ਼ਰੀਦ ਹੋਈ ਹੈ। ਤੁਸੀਂ ਖ਼ੁਦ ਵੇਖ ਸਕਦੇ ਹੋ ਕਿ ਆਮਦਨ ਵਿਚ ਤਾਂ ਵਾਧਾ ਹੋਇਆ ਹੀ ਹੈ। ਮੇਰੀ ਬੇਨਤੀ ਹੈ ਕਿ ਹਰ ਬਿਮਾਰੀ ’ਚ ਪੈਨਸਲੀਨ ਦਾ ਟੀਕਾ ਨਾ ਲਾਇਆ ਜਾਵੇ। ਅਸੀਂ ਸਾਰੇ ਬੈਠ ਕੇ ਸਾਂਝੇ ਤੌਰ ’ਤੇ ਇਸ ਦਾ ਹੱਲ ਕੱਢੀਏ।

ਮੇਰਾ ਮੁੱਖ ਮੰਤਰੀ ਮਾਨ ਨਾਲ ਰਾਜਨੀਤਕ ਵਿਰੋਧ ਜ਼ਰੂਰ ਹੈ ਪਰ ਜਿਸ ਤਰਾਂ ਉਨ੍ਹਾਂ ਨੈਸ਼ਨਲ ਪਾਰਟੀ ਨੂੰ ਗੋਡਿਆਂ ਭਾਰ ਕਰ ਦਿੱਤਾ ਹੈ, ਇਹ ਸਚਮੁੱਚ ਕਮਾਲ ਹੈ।

ਕਾਂਗਰਸ ’ਤੇ ਮੈਨੂੰ ਇਕ ਸ਼ੇਅਰ ਯਾਦ ਆ ਰਿਹਾ ਕਿ, ‘ਸਾਰੀ ਉਮਰ ਯਹੀ ਖਤਾ ਕਰਤੇ ਰਹੇ ਗਾਲਿਬ, ਧੂਲ ਤੋ ਚਿਹਰੇ ਪੇ ਥੀ ਔਰ ਆਈਨਾ ਸਾਫ਼ ਕਰਤੇ ਰਹੇ।’

ਸਾਡੇ ਉਪਰ ਤਾਂ ਚਲੋਂ ਏਜੰਸੀਆਂ ਤੋਂ ਧਮਕਾਉਣ ਦਾ ਇਲਜ਼ਾਮ ਹੈ ਪਰ ਬੱਸਾਂ ਦੀਆਂ ਬਾਡੀਆਂ ਅਤੇ ਸਹੁਰਿਆਂ ਤਕ ਜਾਇਦਾਦ ਬਣਾਉਣ ਵਾਲੀ ਮੁੱਖ ਮੰਤਰੀ ਦੀ ਧਮਕੀ ਦਾ ਕੀ ਸੱਚ ਹੈ, ਇਸ ਬਾਰੇ ਕਾਂਗਰਸ ਦੱਸੇ।

ਇਹ ਵੀ ਪੜ੍ਹੋ:  ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News