ਸੁਨੀਲ ਜਾਖੜ ਨੇ ਸੂਬਾ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ, ਜਾਣੋ ਕੀ ਬੋਲੇ

Wednesday, Jul 22, 2026 - 01:37 PM (IST)

ਸੁਨੀਲ ਜਾਖੜ ਨੇ ਸੂਬਾ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ, ਜਾਣੋ ਕੀ ਬੋਲੇ

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਸੂਬੇ 'ਚ ਲੋਕਤੰਤਰ, ਪ੍ਰਸ਼ਾਸਨਿਕ ਪ੍ਰਣਾਲੀ ਅਤੇ ਕਾਨੂੰਨ ਦਾ ਰਾਜ ਗੰਭੀਰ ਸੰਕਟ 'ਚ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਹਾਲ ਹੀ 'ਚ ਹੋਈਆਂ ਜ਼ਿਮਨੀ ਚੋਣਾਂ ਸਿਰਫ਼ ਇੱਕ ਹਲਕੇ ਜਾਂ ਇੱਕ ਪਾਰਟੀ ਦਾ ਮਾਮਲਾ ਨਹੀਂ ਹਨ, ਸਗੋਂ ਇਨ੍ਹਾਂ ਦੌਰਾਨ ਸਾਹਮਣੇ ਆਈਆਂ ਘਟਨਾਵਾਂ ਨੇ ਪੂਰੇ ਪੰਜਾਬ ਦੇ ਭਵਿੱਖ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਖੜ ਨੇ ਕਿਹਾ ਕਿ ਚੋਣਾਂ 'ਚ ਹਾਰ-ਜਿੱਤ ਲੋਕਤੰਤਰ ਦਾ ਹਿੱਸਾ ਹੈ ਅਤੇ ਲੋਕਾਂ ਦਾ ਫ਼ੈਸਲਾ ਸਿਰ ਮੱਥੇ ਹੈ। ਉਨ੍ਹਾਂ ਕਿਹਾ ਕਿ ਉਹ ਨਾ ਕਿਸੇ ਨੂੰ ਵਧਾਈ ਦੇਣ ਅਤੇ ਨਾ ਹੀ ਕਿਸੇ ਤੋਂ ਵਧਾਈ ਲੈਣ ਲਈ ਇਹ ਪ੍ਰੈੱਸ ਕਾਨਫਰੰਸ ਕਰ ਰਹੇ ਹਨ, ਸਗੋਂ ਪੰਜਾਬ ਨਾਲ ਜੁੜੇ ਬੁਨਿਆਦੀ ਮੁੱਦਿਆਂ ਵੱਲ ਧਿਆਨ ਦਿਵਾਉਣਾ ਉਨ੍ਹਾਂ ਦਾ ਮਕਸਦ ਹੈ। ਉਨ੍ਹਾਂ ਕਿਹਾ ਕਿ ਜੋ ਕੁੱਝ ਚੋਣ ਪ੍ਰਕਿਰਿਆ ਦੌਰਾਨ ਵਾਪਰਿਆ, ਉਸ ਦਾ ਪ੍ਰਭਾਵ ਲੰਬੇ ਸਮੇਂ ਤੱਕ ਰਹੇਗਾ। ਭਾਜਪਾ ਆਗੂ ਨੇ ਦੋਸ਼ ਲਗਾਇਆ ਕਿ ਪੰਜਾਬ 'ਚ ਸਿਆਸਤ ਦਾ ਅਪਰਾਧੀਕਰਨ ਅਤੇ ਪ੍ਰਸ਼ਾਸਨ ਦਾ ਹਾਸ਼ੀਏ 'ਤੇ ਧੱਕਿਆ ਜਾਣਾ ਸਭ ਤੋਂ ਵੱਡੀਆਂ ਚਿੰਤਾਵਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗੁੰਡਾ ਅਨਸਰਾਂ ਨੂੰ ਆਪਣੇ ਨਾਲ ਜੋੜ ਕੇ ਗੁੰਡਾਗਰਦੀ ਦੇ ਜ਼ਰੀਏ ਰਾਜਨੀਤੀ ਕਰ ਰਹੀ ਹੈ। ਜਾਖੜ ਨੇ ਕਿਹਾ ਕਿ ਆਪਣੇ ਲੰਬੇ ਜਨਤਕ ਜੀਵਨ 'ਚ ਉਨ੍ਹਾਂ ਨੇ ਪੰਜਾਬ 'ਚ ਕਦੇ ਵੀ ਅਜਿਹਾ ਮਾਹੌਲ ਨਹੀਂ ਦੇਖਿਆ। 
ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਅਜਿਹੇ ਸੂਬੇ 'ਚ ਅਪਰਾਧੀ ਤੱਤਾਂ ਨੂੰ ਰਾਜਨੀਤਿਕ ਸੁਰੱਖਿਆ ਮਿਲਣਾ ਨਾ ਸਿਰਫ਼ ਲੋਕਤੰਤਰ ਲਈ, ਸਗੋਂ ਦੇਸ਼ ਦੀ ਸੁਰੱਖਿਆ ਲਈ ਵੀ ਖ਼ਤਰਨਾਕ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਗੰਭੀਰ ਅਪਰਾਧਾਂ ਨਾਲ ਜੁੜੇ ਲੋਕਾਂ ਨੂੰ ਰਾਜਨੀਤੀ 'ਚ ਦਾਖ਼ਲਾ ਦਿਵਾ ਕੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਨੀਲ ਜਾਖੜ ਨੇ ਕਿਹਾ ਕਿ 6 ਮਹੀਨੇ ਪਹਿਲਾਂ ਸਰਕਾਰ ਨੇ ਵੱਡੇ ਪੱਧਰ 'ਤੇ 'ਆਪਰੇਸ਼ਨ ਪਰਹਾਰ' ਸ਼ੁਰੂ ਕੀਤਾ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਹਜ਼ਾਰਾਂ ਪੁਲਸ ਮੁਲਾਜ਼ਮ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰ ਰਹੇ ਹਨ ਪਰ ਉਨ੍ਹਾਂ ਦਾ ਦੋਸ਼ ਸੀ ਕਿ ਅੱਜ ਉਹੀ ਅਪਰਾਧੀ ਤੱਤ ਰਾਜਨੀਤਿਕ ਸਹਾਰਾ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਸੀ,ਉਨ੍ਹਾਂ ਨੂੰ ਹੀ ਚੋਣਾਂ 'ਚ ਵਰਤਿਆ ਗਿਆ ਅਤੇ ਰਾਜਨੀਤਿਕ ਅਹੁਦੇ ਦਿੱਤੇ ਗਏ। ਜਾਖੜ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸਰਕਾਰ ਨੇ ਪੂਰੇ ਪ੍ਰਸ਼ਾਸਨ ਨੂੰ ਦਬਾਅ ਹੇਠ ਰੱਖਿਆ ਹੋਇਆ ਹੈ। ਅਧਿਕਾਰੀਆਂ ਦੀ ਆਜ਼ਾਦੀ ਅਤੇ ਜ਼ਮੀਰ ਖ਼ਤਮ ਕਰ ਦਿੱਤੀ ਗਈ ਹੈ ਅਤੇ ਉਹ ਡਰ ਦੇ ਮਾਹੌਲ 'ਚ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਈ ਅਧਿਕਾਰੀ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲਦੇ ਸਮੇਂ ਵੀ ਡਰਦੇ ਹਨ ਅਤੇ ਖੁੱਲ੍ਹ ਕੇ ਗੱਲ ਕਰਨ ਤੋਂ ਹਿਚਕਚਾਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਸਰਕਾਰ ਦੇ ਗੁੱਸੇ ਦਾ ਡਰ ਹੈ। 

ਭਾਜਪਾ ਆਗੂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਕਾਨੂੰਨ ਦੀ ਰੱਖਿਆ ਕਰਨ ਲਈ ਹੁੰਦੇ ਹਨ ਪਰ ਅੱਜ ਉਨ੍ਹਾਂ ਦੀ ਹਾਲਤ ਬੇਬੱਸੀ ਵਾਲੀ ਬਣ ਚੁੱਕੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਕਾਨੂੰਨ ਨੂੰ ਪਾਸੇ ਰੱਖ ਕੇ ਮਨਮਰਜ਼ੀ ਨਾਲ ਪ੍ਰਸ਼ਾਸਨ ਚਲਾਉਣ ਦੀ ਪ੍ਰਥਾ ਅਪਣਾ ਲਈ ਹੈ। ਇਸ ਕਾਰਨ ਨਾ ਸਿਰਫ਼ ਅਧਿਕਾਰੀਆਂ ਦਾ ਮਨੋਬਲ ਟੁੱਟਿਆ ਹੈ, ਸਗੋਂ ਲੋਕਾਂ ਦਾ ਭਰੋਸਾ ਵੀ ਕਮਜ਼ੋਰ ਹੋ ਰਿਹਾ ਹੈ। ਜਾਖੜ ਨੇ ਵਿਰੋਧੀ ਧਿਰ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਨਾਕਾਮ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਮਜ਼ਬੂਤੀ ਨਾਲ ਆਪਣੀ ਭੂਮਿਕਾ ਨਿਭਾਉਂਦੀ ਤਾਂ ਸਰਕਾਰ ਨੂੰ ਇਸ ਤਰ੍ਹਾਂ ਕੰਮ ਕਰਨ ਦਾ ਮੌਕਾ ਨਾ ਮਿਲਦਾ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਵਿਰੋਧੀ ਧਿਰ ਹੀ ਨਹੀਂ, ਸਗੋਂ ਪੂਰੇ ਸਮਾਜ ਅਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਸਿਰਫ਼ ਚੋਣਾਂ ਕਰਵਾਉਣ ਦਾ ਨਾਮ ਨਹੀਂ, ਸਗੋਂ ਨਿਰਪੱਖ ਪ੍ਰਸ਼ਾਸਨ, ਸੁਤੰਤਰ ਸੰਸਥਾਵਾਂ ਅਤੇ ਕਾਨੂੰਨ ਦੇ ਰਾਜ 'ਤੇ ਵੀ ਨਿਰਭਰ ਕਰਦਾ ਹੈ। ਜੇਕਰ ਪ੍ਰਸ਼ਾਸਨ ਅਤੇ ਕਾਨੂੰਨੀ ਪ੍ਰਣਾਲੀ ਨੂੰ ਦਬਾਅ ਹੇਠ ਰੱਖਿਆ ਜਾਵੇਗਾ ਤਾਂ ਇਸ ਦਾ ਨੁਕਸਾਨ ਪੂਰੇ ਸੂਬੇ ਨੂੰ ਭੁਗਤਣਾ ਪਵੇਗਾ। 
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਕਈ ਮੁਸ਼ਕਲ ਦੌਰਾਂ ਵਿੱਚੋਂ ਲੰਘ ਚੁੱਕਾ ਹੈ ਅਤੇ ਸੂਬੇ ਨੂੰ ਮੁੜ ਉਸੇ ਰਾਹ 'ਤੇ ਧੱਕਣਾ ਠੀਕ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣਾ ਪਵੇਗਾ ਅਤੇ ਲੋਕਤੰਤਰੀ ਸੰਸਥਾਵਾਂ ਦੀ ਰੱਖਿਆ ਲਈ ਆਵਾਜ਼ ਉਠਾਉਣੀ ਪਵੇਗੀ। ਪ੍ਰੈੱਸ ਕਾਨਫਰੰਸ ਦੇ ਅਖ਼ੀਰ ਵਿੱਚ ਜਾਖੜ ਨੇ ਕਿਹਾ ਕਿ ਉਹ ਇਹ ਮੁੱਦੇ ਕਿਸੇ ਨਿੱਜੀ ਜਾਂ ਪਾਰਟੀ ਹਿੱਤ ਲਈ ਨਹੀਂ ਉਠਾ ਰਹੇ, ਸਗੋਂ ਪੰਜਾਬ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਚਿਤਾਵਨੀ ਦੇ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਅਪਰਾਧੀਕਰਨ ਅਤੇ ਪ੍ਰਸ਼ਾਸਨ 'ਤੇ ਦਬਾਅ ਦੀ ਮੌਜੂਦਾ ਸਥਿਤੀ ਜਾਰੀ ਰਹੀ ਤਾਂ ਇਹ ਸੂਬੇ ਲਈ ਗੰਭੀਰ ਚੁਣੌਤੀ ਸਾਬਤ ਹੋ ਸਕਦੀ ਹੈ।


author

Babita

Content Editor

Related News