ਡਾ. ਵੇਰਕਾ ਦੇ ਦੋਸ਼ਾਂ ਤੋਂ ਬਾਅਦ ਸੁਨੀਲ ਜਾਖੜ ਨੇ ਦਿੱਤਾ ਸਪੱਸ਼ਟੀਕਰਨ
Wednesday, Apr 06, 2022 - 07:19 PM (IST)
ਚੰਡੀਗੜ੍ਹ : ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵੱਲੋਂ ਲਗਾਏ ਦੋਸ਼ਾਂ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਉਹ ਹਮੇਸ਼ਾ ਪਿੱਛੜੇ ਵਰਗ ਦੇ ਹਿੱਤਾਂ ਲਈ ਲੜਦੇ ਰਹੇ ਹਨ। ਜਾਖੜ ਨੇ ਕਿਹਾ ਕਿ ਉਨ੍ਹਾਂ 'ਤੇ ਦਲਿਤ ਸਮਾਜ ਦਾ ਅਪਮਾਨ ਕਰਨ ਦੇ ਲਾਏ ਗਏ ਦੋਸ਼ਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਪਾਰਟੀ ਲੀਡਰਸ਼ਿਪ ਨੂੰ ਸੁਚੇਤ ਕਰਨ ਵਾਸਤੇ ਹੀ ਮੈਂ ਬਿਆਨ ਦਿੱਤਾ ਸੀ, ਨਾ ਕਿ ਕਿਸੇ ਨੂੰ ਠੇਸ ਪਹੁੰਚਾਉਣ ਵਾਸਤੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਜੀਵਨ 'ਚ ਹਰੇਕ ਧਰਮ ਤੇ ਜਾਤੀ ਦਾ ਸਨਮਾਨ ਕੀਤਾ ਹੈ, ਕਿਸੇ ਵਿਅਕਤੀ ਵਿਸ਼ੇਸ਼ ਦੇ ਧਰਮ ਜਾਂ ਜਾਤੀ 'ਤੇ ਟਿੱਪਣੀ ਕਰਨ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਕਦਾ।
ਇਹ ਵੀ ਪੜ੍ਹੋ : ਕੇਂਦਰ ਨੇ ਹਾੜ੍ਹੀ ਸੀਜ਼ਨ ਲਈ ਕਣਕ ਦੀ ਖ਼ਰੀਦ ਦਾ ਰੱਖਿਆ ਵੱਡਾ ਟੀਚਾ, ਪੰਜਾਬ ਤੋਂ ਖ਼ਰੀਦੇਗਾ ਸਭ ਤੋਂ ਵੱਧ ਕਣਕ
ਦੱਸ ਦੇਈਏ ਕਿ ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵੱਲੋਂ ਸੀਨੀਅਰ ਕਾਂਗਰਸ ਆਗੂ ਸੁਨੀਲ ਜਾਖੜ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਜਾਖੜ ਨੇ ਦਲਿਤਾਂ ਖ਼ਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਸੁਨੀਲ ਜਾਖੜ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਦਲਿਤ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸੁਨੀਲ ਜਾਖੜ ਨੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਕੀ ਤੁਹਾਡਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ, ਕੀ ਤੁਹਾਡੀ ਇਨਸਾਨੀਅਤ ਮਰ ਗਈ ਹੈ, ਜੇਕਰ ਤੁਸੀਂ ਇਸ ਮਾੜੀ ਸ਼ਬਦਾਵਲੀ ਲਈ ਤੁਰੰਤ ਮੁਆਫ਼ੀ ਨਾ ਮੰਗੀ ਤਾਂ ਕਾਂਗਰਸ ਹਾਈਕਮਾਂਡ ਨੂੰ ਕਿਹਾ ਜਾਵੇਗਾ ਕਿ ਉਹ ਤੁਹਾਨੂੰ ਕਾਂਗਰਸ ਪਾਰਟੀ 'ਚੋਂ ਬਾਹਰ ਕੱਢ ਦੇਣ, ਜੇਕਰ ਕਾਂਗਰਸ ਹਾਈਕਮਾਂਡ ਨੇ ਇਸ ਬਾਰੇ ਕੁਝ ਨਾ ਕਿਹਾ ਤਾਂ ਜਾਖੜ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।