ਚੋਣਾਂ ਵਾਲੇ ਸਾਲ ’ਚ ਪ੍ਰਧਾਨ ਬਦਲਿਆ ਤਾਂ ਕਾਂਗਰਸ ਦੀ ਵੱਧ ਸਕਦੀ ਹੈ ਮੁਸ਼ਕਲ

06/19/2021 10:37:07 PM

ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਕਾਂਗਰਸ ਵਿਚ ਚੱਲ ਰਹੇ ਹੰਗਾਮੇ ਵਿਚਕਾਰ ਇਕ ਵਾਰ ਫਿਰ ਸੁਨੀਲ ਜਾਖੜ ਦੀ ਪ੍ਰਧਾਨਗੀ ’ਤੇ ਤਲਵਾਰ ਲਟਕਣ ਦੀਆਂ ਕੰਨਸੋਹਾ ਚਾਹੇ ਸ਼ੁਰੂ ਹੋ ਗਈਆਂ ਹਨ ਪਰ ਉਨ੍ਹਾਂ ਦਾ ਬਦਲ ਲੱਭਣਾ ਪਾਰਟੀ ਲਈ ਟੇਢੀ ਖੀਰ ਸਾਬਿਤ ਹੋ ਰਿਹਾ ਹੈ। ਦਰਅਸਲ, ਆਪਣੀ ਪ੍ਰਧਾਨਗੀ ਦੇ ਕਾਰਜਕਾਲ ਵਿਚ ਪਾਰਟੀ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ’ਤੇ ਕਦੇ ਸਵਾਲ ਨਹੀਂ ਉਠਿਆ ਹੈ। ਹੁਣ ਵੀ ਮੁੱਦਾ ਸਿਰਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤ ਕਰਨ ਵਾਲੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਐਡਜਸਟ ਕਰਨ ਦਾ ਹੈ ਅਤੇ ਉਨ੍ਹਾਂ ਲਈ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਜਾਖੜ ਨੂੰ ਨਿਸ਼ਾਨੇ ’ਤੇ ਲੈਣ ਦੀਆਂ ਚਰਚਾਵਾਂ ਗਰਮ ਹਨ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਕੈਪਟਨ ਤੇ ਬਾਜਵਾ ਵਿਚਾਲੇ ਹੋਈ ਗੁਪਤ ਮੀਟਿੰਗ !

ਕੈਪਟਨ-ਸਿੱਧੂ ਵਿਵਾਦ ਹਾਈਕਮਾਨ ਕੋਲ ਪਹੁੰਚ ਚੁੱਕਿਆ ਹੈ, ਜਿਸ ’ਤੇ ਕਿਸੇ ਵੀ ਸਮੇਂ ਉਹ ਫ਼ੈਸਲਾ ਸੁਣਾ ਸਕਦੀ ਹੈ। ਚਰਚਾ ਇਹ ਵੀ ਹੈ ਕਿ ਕੈਪਟਨ ਦਾ ਅਹੁਦਾ ਤਾਂ ਸਲਾਮਤ ਰਹੇਗਾ ਪਰ ਸੰਗਠਨ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਪੰਜਾਬ ਚਾਹੇ ਸਿੱਖ ਬਹੁਤਾਤ ਰਾਜ ਹੋਵੇ ਪਰ ਇਥੇ ਹਿੰਦੂ ਆਬਾਦੀ ਵੀ 38.5 ਫ਼ੀਸਦੀ ਦੇ ਕਰੀਬ ਹੈ। ਅਜਿਹੇ ਵਿਚ ਹਿੰਦੂ ਵੋਟਰਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਜ਼ੋਖਮ ਪਾਰਟੀ ਨਹੀਂ ਉਠਾ ਸਕਦੀ। ਜਾਖੜ ਦੀ ਜਗ੍ਹਾ ਕਿਸੇ ਹੋਰ ਹਿੰਦੂ ਨੇਤਾ ਨੂੰ ਕਮਾਨ ਸੌਂਪਣ ਦੀਆਂ ਅਟਕਲਾਂ ਜਾਰੀ ਹਨ ਪਰ ਜਾਖੜ ਦੀ ਅਗਵਾਈ ਵਿਚ ਕਮੀ ਕੀ ਹੈ, ਇਸ ਬਾਰੇ ਕੋਈ ਬੋਲਣ ਨੂੰ ਤਿਆਰ ਨਹੀਂ। ਜਾਖੜ ਦਾ ਅਕਸ ਨਿਰਵਿਵਾਦ ਤਾਂ ਰਿਹਾ ਹੈ, ਉਹ ਪਾਰਟੀ ਦੇ ਪੁਰਾਣੇ ਨੇਤਾ ਵੀ ਹਨ। ਉਨ੍ਹਾਂ ਜਿਹੀ ਮਕਬੂਲੀਅਤ ਵਾਲਾ ਹਿੰਦੂ ਨੇਤਾ ਚੋਣਾਂ ਦੇ ਸਮੇਂ ਲੱਭਣਾ ਮੁਸ਼ਕਿਲ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਚੋਣਾਂ ਤੋਂ ਸਿਰਫ਼ 8-9 ਮਹੀਨੇ ਪਹਿਲਾਂ ਜੇਕਰ ਲੀਡਰਸ਼ਿਪ ਵਿਚ ਬਦਲਾਅ ਹੋਇਆ ਤਾਂ ਪਾਰਟੀ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਦਰਅਸਲ, ਜਾਖੜ 4 ਸਾਲਾਂ ਤੋਂ ਪ੍ਰਦੇਸ਼ ਪ੍ਰਧਾਨ ਹੋਣ ਦੇ ਨਾਤੇ ਸੰਗਠਨ ਵਿਚ ਹਰ ਚੀਜ਼ ਤੋਂ ਭਲੀਭਾਂਤੀ ਜਾਣੂ ਹੈ, ਜਦੋਂ ਕਿ ਨਵੇਂ ਪ੍ਰਧਾਨ ਨੂੰ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਹੋਵੇਗੀ।

ਇਹ ਵੀ ਪੜ੍ਹੋ : ਕੈਪਟਨ ਨਾਲ ਗੁਪਤ ਮੀਟਿੰਗ ਦੀਆਂ ਚਰਚਾਵਾਂ ’ਤੇ ਬੋਲੇ ਪ੍ਰਤਾਪ ਬਾਜਵਾ, ਦਿੱਤਾ ਵੱਡਾ ਬਿਆਨ

ਪੰਜਾਬ ਨੂੰ ਐੱਮ. ਪੀ. ਅਤੇ ਰਾਜਸਥਾਨ ਨਹੀਂ ਬਣਨ ਦਿੱਤਾ
ਪਿਛਲੇ ਸਾਲ ਦੇਸ਼ਭਰ ’ਚ ਲਾਕਡਾਊਨ ਤੋਂ ਠੀਕ ਪਹਿਲਾਂ ਜਦੋਂ ਕਾਂਗਰਸ ਦੀ ਮੱਧ ਪ੍ਰਦੇਸ਼ ਵਿਚ ਕਮਲਨਾਥ ਸਰਕਾਰ ਦੀ ਵਿਦਾਈ ਹੋਈ ਸੀ, ਉਦੋਂ ਭਾਜਪਾ ਨੂੰ ਸਤਾ ’ਚ ਲਿਆਉਣ ’ਚ ਅਹਿਮ ਭੂਮਿਕਾ ਜੋਤੀਰਾਦਿਤਿਅ ਸਿੰਧੀਆ ਦੀ ਰਹੀ ਸੀ। ਉਹ ਮੁੱਖ ਮੰਤਰੀ ਕਮਲਨਾਥ ਖਿਲਾਫ਼ ਜਾ ਕੇ 22 ਵਿਧਾਇਕਾਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਸ ਤੋਂ ਠੀਕ 4 ਮਹੀਨੇ ਬਾਅਦ ਰਾਜਸਥਾਨ ਸਰਕਾਰ ਵਿਚ ਵੀ ਹਲਚਲ ਹੋਣ ਲੱਗੀ, ਜਦੋਂ ਪ੍ਰਦੇਸ਼ ਪ੍ਰਧਾਨ ਅਤੇ ਡਿਪਟੀ ਸੀ.ਐੱਮ. ਸਚਿਨ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ। ਕਰੀਬ ਡੇਢ ਦਰਜਨ ਵਿਧਾਇਕਾਂ ਨੂੰ ਲੈ ਕੇ ਪਾਇਲਟ ਮਾਨੇਸਰ ਸਥਿਤ ਰਿਸੋਰਟ ਪਹੁੰਚ ਗਏ ਸਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਅਹੁਦਾ ਦੇਣ ਬਾਰੇ ਪ੍ਰਤਾਪ ਬਾਜਵਾ ਨੇ ਦਿੱਤਾ ਜਵਾਬ, ਆਖੀ ਵੱਡੀ ਗੱਲ

ਕੁੱਝ ਅਜਿਹੇ ਹੀ ਮੌਕੇ ਪੰਜਾਬ ਵਿਚ ਵੀ ਆ ਚੁੱਕੇ ਹਨ ਪਰ ਜਾਖੜ ਨੇ ਕਿਨਾਰਾ ਹੀ ਕੀਤਾ ਰੱਖਿਆ। ਜਾਖੜ ਚਾਹੁੰਦੇ ਤਾਂ ਅਜਿਹੇ ਅਸੰਤੁਸ਼ਟ ਅਤੇ ਬਾਗੀ ਵਿਧਾਇਕਾਂ ਦੀ ਅਗਵਾਈ ਕਰ ਕੇ ਪਾਰਟੀ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੇ ਸਨ ਪਰ ਅਜਿਹੇ ਧੜਿਆਂ ਦੇ ਸੱਦਿਆਂ ਦੇ ਬਾਵਜੂਦ ਉਹ ਪਾਰਟੀ ਲਾਈਨ ਤੋਂ ਪਿੱਛੇ ਨਹੀਂ ਹਟੇ। ਸੂਤਰਾਂ ਮੁਤਾਬਿਕ 2019 ਵਿਚ ਸਰਕਾਰ ਤੋਂ ਅਸੰਤੁਸ਼ਟ ਵਿਧਾਇਕਾਂ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਸ਼ਲਦੀਪ ਸਿੰਘ ਢਿੱਲੋਂ, ਕੁਲਜੀਤ ਨਾਗਰਾ, ਤਰਸੇਮ ਡੀ.ਸੀ. ਅਤੇ ਸੰਗਤ ਸਿੰਘ ਗਿਲਜੀਆਂ ਆਦਿ ਨੇ ਸਰਕਾਰ ਵਿਰੋਧੀ ਰੁਖ਼ ਅਪਨਾਇਆ ਸੀ। ਉਦੋਂ ਇਨ੍ਹਾਂ ’ਚੋਂ ਇਕ ਵਿਧਾਇਕ ਨੇ ਜਾਖੜ ਨਾਲ ਸੰਪਰਕ ਕਰਕੇ ਅਸੰਤੁਸ਼ਟ ਧੜੇ ਦੀ ਅਗਵਾਈ ਕਰਨ ਨੂੰ ਕਿਹਾ ਸੀ ਪਰ ਉਨ੍ਹਾਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ ਜੇਕਰ ਕੋਈ ਸਮੱਸਿਆ ਹੈ ਤਾਂ ਉਹ ਸੀ. ਐੱਮ. ਨਾਲ ਗੱਲ ਕਰ ਸਕਦੇ ਹਨ ਜਾਂ ਹਾਈਕਮਾਨ ਦੇ ਸਾਹਮਣੇ ਗੱਲ ਰੱਖ ਸਕਦੇ ਹਨ ਪਰ ਆਪਣੀ ਹੀ ਪਾਰਟੀ ਦੀ ਸਰਕਾਰ ਖ਼ਿਲਾਫ਼ ਨਹੀਂ ਚੱਲ ਸਕਦੇ। ਕੁੱਝ ਅਜਿਹਾ ਹੀ ਸੱਦਾ ਉਨ੍ਹਾਂ ਨੂੰ ਹਾਲ ਹੀ ਵਿਚ ਵੀ ਬਾਗੀ ਧੜੇ ਤੋਂ ਮਿਲਿਆ ਸੀ ਕਿ ਤੁਸੀ ਸਾਥ ਦਿਓ ਤਾਂ ਸਰਕਾਰ ਨੂੰ ਮਿਲ ਕੇ ਧੱਕਾ ਦੇ ਦੇਵਾਂਗੇ। ਹੁਣ ਵੀ ਜਾਖੜ ਦਾ ਜਵਾਬ ਉਹੀ ਸੀ ਕਿ ਸਰਕਾਰ ਖ਼ਿਲਾਫ਼ ਜਾ ਕੇ ਪਾਰਟੀ ਨੂੰ ਕਮਜ਼ੋਰ ਨਹੀਂ ਬਣਾ ਸਕਦੇ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਐਲਾਨ, ਇਨਵੈਸਟੀਗੇਸ਼ਨ ਬਿਊਰੋ ਲਈ ਸਿਵਲੀਅਨ ਸਟਾਫ ਦੀਆਂ 798 ਅਸਾਮੀਆਂ ਨੂੰ ਹਰੀ ਝੰਡੀ

ਸਥਾਨਕ ਸਰਕਾਰਾਂ ਚੋਣਾਂ ’ਚ ਵੀ ਬਿਹਤਰੀਨ ਰਿਹਾ ਸੀ ਕਾਂਗਰਸ ਦਾ ਪ੍ਰਦਰਸ਼ਨ
ਜਾਖੜ ਦੀ ਅਗਵਾਈ ਵਿਚ 2019 ਦੀਆਂ ਲੋਕਸਭਾ ਚੋਣਾਂ ਵਿਚ ਕਾਂਗਰਸ ਨਾ ਸਿਰਫ਼ ਸੂਬੇ ਦੀਆਂ 13 ’ਚੋਂ 8 ਸੀਟਾਂ ਜਿੱਤੀਆਂ ਸਨ ਸਗੋਂ ਪਿਛਲੀਆਂ ਸਥਾਨਕ ਸਰਕਾਰਾਂ ਚੋਣਾਂ ’ਚ ਵੀ ਕਾਂਗਰਸ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਸੀ। ਭਾਵੇਂ ਜਾਖੜ ਆਪਣੀ ਗੁਰਦਾਸਪੁਰ ਤੋਂ ਸੀਟ ਨਹੀਂ ਬਚਾ ਸਕੇ ਸਨ ਪਰ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਪਾਰਟੀ 80 ਫੀਸਦੀ ਤੋਂ ਜ਼ਿਆਦਾ ਨਗਰ ਕੌਂਸਲਾਂ ’ਤੇ ਕਬਜ਼ਾ ਕਰਨ ਦੇ ਨਾਲ ਹੀ ਸਾਰੇ ਨਗਰ ਨਿਗਮਾਂ ’ਤੇ ਕਾਬਿਜ਼ ਹੋ ਚੁੱਕੀ ਹੈ। ਇਹ ਕਾਰਨਾਮਾ ਜਾਖੜ ਦੀ ਅਗਵਾਈ ਵਿਚ ਪਾਰਟੀ ਨੇ ਬਿਨਾਂ ਰਸਮੀ ਸੰਗਠਨ ਭਾਵ ਬਿਨਾਂ ਅਹੁਦੇਦਾਰਾਂ ਦੇ ਕੀਤਾ ਹੈ ।

ਇਹ ਵੀ ਪੜ੍ਹੋ : ਲੁਧਿਆਣਾ ਵਿਚ ਵੀਕੈਂਡ ਕਰਫਿਊ ਦੇ ਚੱਲਦੇ ਨਵੀਂ ਹਦਾਇਤਾਂ ਜਾਰੀ

ਜੀ -23 ਦੇ ਨੇਤਾ ਦਾ ਨਾਂ ਚਰਚਾ ਵਿਚ
ਜਿਨ੍ਹਾਂ ਨੇਤਾਵਾਂ ਦੇ ਨਾਂ ਚਰਚਾ ਵਿਚ ਹਨ ਉਹ ਵੀ ਕਿਸੇ ਦੇ ਗਲੇ ਨਹੀਂ ਉਤਰ ਰਹੇ। ਇਨ੍ਹਾਂ ਵਿਚ ਇਕ ਨੇਤਾ ਅਜਿਹਾ ਵੀ ਹੈ, ਜੋ 2014 ਵਿਚ ਪਾਰਟੀ ਹਾਈਕਮਾਨ ਦੇ ਕਹਿਣ ਦੇ ਬਾਵਜੂਦ ਚੋਣ ਲੜਣ ਤੋਂ ਪਿੱਛੇ ਹਟ ਗਿਆ ਸੀ। ਕਿਸੇ ਸਮੇਂ ਸੋਨੀਆ ਗਾਂਧੀ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਉਕਤ ਨੇਤਾ ਪਿਛਲੇ ਸਾਲ ਚਰਚਿਤ ਜੀ-23 ਵਿਚ ਵੀ ਸ਼ਾਮਲ ਸਨ, ਜਿਨ੍ਹਾਂ ਨੇ ਪਾਰਟੀ ਵਿਚ ਪ੍ਰਧਾਨ ਦੇ ਅਹੁਦੇ ਦੀ ਚੋਣ ਸਮੇਤ ਕਈ ਨਸੀਹਤਾਂ ਹਾਈਕਮਾਨ ਨੂੰ ਦਿੱਤੀਆਂ ਸਨ। ਗਰੁੱਪ ਦੀ ਇਸ ਇੱਛਾ ਨੂੰ ਪਾਰਟੀ ਲੀਡਰਸ਼ਿਪ ਖ਼ਿਲਾਫ਼ ਮੰਨਿਆ ਗਿਆ ਸੀ। ਹਾਲਾਂਕਿ ਬਾਅਦ ਵਿਚ ਇਹ ਨੇਤਾ ਦੁਬਾਰਾ ਪਾਰਟੀ ਲੀਡਰਸ਼ਿਪ ਦੇ ਕਰੀਬ ਆਇਆ ਅਤੇ ਪੱਛਮੀ ਬੰਗਾਲ ਦੀ ਚੋਣ ਵਿਚ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸਥਾਨ ਪਾ ਗਿਆ ਸੀ ਪਰ ਅਜਿਹੇ ਨੇਤਾ ਨੂੰ ਪ੍ਰਦੇਸ਼ ਪ੍ਰਧਾਨ ਦਾ ਜਿੰਮਾ ਸੌਂਪਣ ਨਾਲ ਪਾਰਟੀ ਲੀਡਰਸ਼ਿਪ ਫਿਲਹਾਲ ਕਤਰਾ ਰਹੀ ਹੈ, ਜਿਨ੍ਹਾਂ ਨੇ ਵਿਰੋਧੀ ਸੁਰ ਅਪਨਾਏ ਹੋਣ।

ਇਹ ਵੀ ਪੜ੍ਹੋ : ਨਹੀਂ ਨਸੀਬ ਹੋਈਆਂ ਖ਼ੁਸ਼ੀਆਂ, ਪੁਰਤਗਾਲ ਦੀ ਸਿਟੀਜ਼ਨਸ਼ਿਪ ਮਿਲਣ ਤੋਂ ਕੁਝ ਸਮੇਂ ਬਾਅਦ ਨੌਜਵਾਨ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News