ਅੱਜ ਰੱਬ ਤੋਂ ਵੀ ਨਹੀਂ ਡਰਦੇ ''ਬਾਦਲ'' : ਜਾਖੜ

11/17/2018 1:49:22 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੇਅਦਬੀ ਕਾਂਡ ਮਾਮਲੇ ਸਬੰਧੀ ਬੋਲਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅੱਜ ਦੇ ਸਮੇਂ 'ਚ ਰੱਬ ਦਾ ਵੀ ਡਰ ਨਹੀਂ ਰਿਹਾ ਤਾਂ ਹੀ ਤਾਂ ਉਹ ਲਲਕਾਰੇ ਮਾਰਦੇ ਫਿਰਦੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਬੇਅਦਬੀ ਕਾਂਡ 'ਚ ਜਿੰਨੇ ਵੀ ਲੋਕ ਸ਼ਾਮਲ ਹਨ, ਉਨ੍ਹਾਂ 'ਚੋਂ ਕੋਈ ਨਹੀਂ ਬਚੇਗਾ ਅਤੇ ਸਭ ਨੂੰ ਸਜ਼ਾ ਮਿਲੇਗੀ। ਸੁਨੀਲ ਜਾਖੜ ਨੇ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕੀਤੀ ਗਈ ਪੁੱਛਗਿੱਛ 'ਤੇ ਸਵਾਲ ਚੁੱਕੇ ਹਨ। ਸੁਨੀਲ ਜਾਖੜ ਨੇ ਕਿਹਾ ਹੈ ਕਿ ਬੇਅਦਬੀ ਕਾਂਡ ਮਾਮਲੇ 'ਤੇ ਜੇਕਰ ਪਹਿਲੀ ਗੋਲੀ ਚੱਲਣ 'ਤੇ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਦੂਜੀ ਗੋਲੀ ਨਹੀਂ ਚੱਲਦੀ। ਉਨ੍ਹਾਂ ਕਿਹਾ ਕਿ 'ਸਿੱਟ' ਵਲੋਂ ਇਹ ਸਵਾਲ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਉਹ ਬਾਦਲ ਸਾਹਿਬ ਨੂੰ ਪੁੱਛਦੇ ਹਨ ਕਿ ਕੋਟਕਪੂਰਾ 'ਚ 6.47 'ਤੇ ਗੋਲੀ ਚੱਲੀ ਅਤੇ ਬਹਿਬਲ ਕਲਾਂ 'ਚ 10.30 ਦੇ ਕਰੀਬ ਗੋਲੀ ਚੱਲੀ ਤਾਂ ਬਾਦਲ ਸਾਹਿਬ ਨੇ ਕੀ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਇਕ ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਬਾਦਲ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਕੋਈ ਕਾਰਵਾਈ ਕਰਦੇ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਪੁਲਸ ਉੱਥੇ ਮੋਰਚਾ ਫਤਿਹ ਕਰਨ ਦੀਆਂ ਖੁਸ਼ੀਆਂ ਮਨਾ ਰਹੀ ਸੀ। ਸੁਨੀਲ ਜਾਖੜ ਨੇ ਕਿਹਾ ਕਿ ਬਾਦਲ ਸਾਹਿਬ ਨੇ 'ਸਿੱਟ' ਨੂੰ ਕਿਹਾ ਕਿ ਉਨ੍ਹਾਂ ਨੇ ਕੋਟਕਪੂਰਾ 'ਚ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਪਰ 'ਸਿੱਟ' ਸਿਰਫ ਕੋਟਕਪੂਰਾ ਲਈ ਨਹੀਂ ਬਣੀ, ਸਗੋਂ ਬਾਦਲ ਸਾਹਿਬ ਨੂੰ ਇਹ ਦੱਸਣਾ ਪਵੇਗਾ ਕਿ ਬਹਿਬਲ ਕਲਾਂ ਲਈ ਉਨ੍ਹਾਂ ਨੇ ਕੀ ਕੀਤਾ ਹੈ। 
 


Babita

Content Editor

Related News