ਸੁਖਬੀਰ ਨੇ ਬੇਅਦਬੀ ਮਾਮਲੇ 'ਚ ਅੱਗ 'ਤੇ ਘਿਓ ਪਾਇਆ : ਸੁਨੀਲ ਜਾਖੜ (ਵੀਡੀਓ)
Wednesday, Aug 29, 2018 - 04:33 PM (IST)
ਚੰਡੀਗੜ੍ਹ (ਰਵਿੰਦਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੇਅਦਬੀ ਮਾਮਲਿਆਂ 'ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਬੇਅਦਬੀ ਜਿਹੇ ਗੰਭੀਰ ਮੁੱਦਿਆਂ ਦਾ ਮਜ਼ਾਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਹੁੰਦੇ ਹੋਏ ਲਾਅ ਐਂਡ ਆਰਡਰ ਕਾਇਮ ਕਰਨ 'ਚ ਅਸਫਲ ਰਹੇ। ਜਾਖੜ ਨੇ ਕਿਹਾ ਕਿ ਸੁਖਬੀਰ ਨੇ ਇਸ ਮੁੱਦੇ 'ਤੇ ਅੱਗ 'ਚ ਘਿਓ ਪਾਉਣ ਦਾ ਕੰਮ ਕੀਤਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਨੇ ਹੀ ਧਰਨਾ ਦੇ ਰਹੇ ਲੋਕਾਂ ਨੂੰ ਪਾਠ ਕਰਨ ਲਈ ਕਿਹਾ ਤੇ ਜਦੋਂ ਲੋਕ ਪਾਠ ਕਰ ਰਹੇ ਸਨ ਤਾਂ ਉਨ੍ਹਾਂ 'ਤੇ ਗੋਲੀਆਂ ਚਲਾਉਣ ਦੇ ਹੁਕਮ ਦੇ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ 'ਤੇ ਕੀਤੇ ਗਏ ਤਸ਼ੱਦਦਾਂ ਲਈ ਸੁਖਬੀਰ ਬਾਦਲ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੇਕਰ ਸੱਚੇ ਹਨ ਤਾਂ ਉਹ ਜਸਟਿਸ ਰਣਜੀਤ ਕਮਿਸ਼ਨ ਦੇ ਸਾਹਮਣੇ ਆਉਂਦੇ ਤੇ ਕਹਿੰਦੇ ਕਿ ਉਨ੍ਹਾਂ ਦੇ ਬਿਨਾਂ ਪੁੱਛਿਆਂ ਹੀ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੇ ਗੋਲੀਆਂ ਚਲਾਈਆਂ। ਗੋਲੀ ਚਲਾਉਣ ਦਾ ਹੁਕਮ ਕਿਸੇ ਨੇ ਦਿੱਤਾ, ਇਹ ਵੱਡਾ ਸਵਾਲ ਹੈ, ਜਿਸ ਦਾ ਜਵਾਬ ਰਣਜੀਤ ਸਿੰਘ ਰਿਪੋਰਟ 'ਚ ਦਿੱਤਾ ਗਿਆ ਹੈ।