ਰਾਫੇਲ ਜਹਾਜ਼ ਡੀਲ ''ਚ ਮੋਦੀ ਸਰਕਾਰ ਨੇ ਕੀਤਾ 41 ਹਜ਼ਾਰ ਕਰੋੜ ਦਾ ਘਪਲਾ : ਜਾਖੜ
Friday, Jul 27, 2018 - 06:08 AM (IST)
ਚੰਡੀਗੜ੍ਹ(ਭੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਰਾਫੇਲ ਜੰਗੀ ਜਹਾਜ਼ ਡੀਲ ਵਿਚ 41 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਕਾਰਗਿਲ ਵਿਜੇ ਦਿਵਸ ਮੌਕੇ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੰਬਾਨੀ ਨਾਲ ਯਾਰੀ ਪੁਗਾਉਣ ਲਈ ਰਿਲਾਇੰਸ ਕੰਪਨੀ ਰਾਹੀਂ ਉਨ੍ਹਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਲਾਭ ਪਹੁੰਚਾਇਆ ਗਿਆ ਹੈ। ਜਾਖੜ ਨੇ ਕਿਹਾ ਕਿ ਅੱਜ ਕਾਰਗਿਲ ਦਿਵਸ ਮੌਕੇ ਸਾਡੇ ਸੈਨਿਕ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਇਸ ਘਪਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮੁੱਦੇ ਨੂੰ ਲੈ ਕੇ ਚੁੱਪ ਨਹੀਂ ਬੈਠੇਗੀ ਤੇ ਆਪਣੀ ਮੁਹਿੰਮ ਨੂੰ ਜਾਰੀ ਰੱਖੇਗੀ।
ਉਨ੍ਹਾਂ ਦੋਸ਼ ਲਾਇਆ ਕਿ ਲੋਕਸਭਾ ਸੈਸ਼ਨ ਦੌਰਾਨ ਰਾਫੇਲ ਡੀਲ ਮਾਮਲੇ ਵਿਚ ਮੋਦੀ ਸਰਕਾਰ ਵਲੋਂ ਸਦਨ ਨੂੰ ਗੁੰਮਰਾਹ ਕੀਤਾ ਗਿਆ ਹੈ ਪਰ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿਚ ਲੋਕਾਂ ਨੂੰ ਜਵਾਬ ਜ਼ਰੂਰ ਦੇਣਾ ਪਏਗਾ, ਕਿਉਂਕਿ ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੈ। ਜਾਖੜ ਨੇ ਤੱਥਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਜਿਹੜਾ ਰਾਫੇਲ ਜਹਾਜ਼ 528 ਕਰੋੜ ਰੁਪਏ ਨੂੰ ਮਿਲ ਰਿਹਾ ਸੀ, ਉਹੀ ਹੁਣ ਫਰਾਂਸ ਦੀ ਕੰਪਨੀ ਤੋਂ ਅੰਬਾਨੀ ਦੇ ਰਿਲਾਇੰਸ ਗਰੁੱਪ ਰਾਹੀਂ ਪ੍ਰਤੀ ਜਹਾਜ਼ 1670 ਕਰੋੜ ਰੁਪਏ ਦੇ ਹਿਸਾਬ ਨਾਲ 36 ਏਅਰਕ੍ਰਾਫਟ ਖਰੀਦੇ ਗਏ ਹਨ। ਉਨ੍ਹਾਂ ਕਿਹਾ ਕਿ 2015 'ਚ ਮੋਦੀ ਫਰਾਂਸ ਗਏ ਸਨ ਤੇ ਇਸੇ ਸਾਲ ਦੌਰਾਨ ਸੌਦਾ ਕਰਕੇ 10 ਅਪ੍ਰੈਲ ਨੂੰ ਜਹਾਜ਼ ਖਰੀਦੇ ਗਏ, ਜਦਕਿ ਸਿਰਫ਼ 12 ਦਿਨ ਪਹਿਲਾਂ ਅੰਬਾਨੀ ਨੇ ਇਸ ਲਈ ਆਪਣੀ ਕੰਪਨੀ ਬਣਾਈ ਸੀ। ਜਾਖੜ ਨਾਲ ਪ੍ਰੈੱਸ ਕਾਨਫਰੰਸ ਵਿਚ ਵਿਧਾਇਕ ਕੁਲਦੀਪ ਸਿੰਘ ਵੈਦ, ਅਮਿਤ ਵਿਜ ਵੀ ਮੌਜੂਦ ਸਨ।
