ਜਾਖੜ ਨੇ ਬਿਜਲੀ ਰੇਟ ਵਧਾਉਣ ਲਈ ਅਕਾਲੀ ਦਲ ਨੂੰ ਠਹਿਰਾਇਆ ਜ਼ਿੰਮੇਵਾਰ
Tuesday, Oct 24, 2017 - 06:19 AM (IST)

ਅੰਮ੍ਰਿਤਸਰ(ਪ੍ਰਵੀਨ ਪੁਰੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਾਲ ਵਿਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਿੱਲ ਮਜਬੂਰੀਵੱਸ ਵਧਾਏ ਗਏ ਹਨ। ਇਸ ਲਈ ਕਾਂਗਰਸ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ 10 ਸਾਲ ਦੇ ਬੈਕਲਾਗ ਨੂੰ ਵਿਗਾੜ ਕੇ ਰੱਖ ਦਿੱਤਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ 'ਚੋਂ ਬਰੀ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਪ੍ਰਾਈਵੇਟ ਕੰਪਨੀਆਂ ਦੇ ਨਾਲ ਜੋ ਸਮਝੌਤੇ ਕੀਤੇ ਗਏ ਸਨ, ਉਹ ਬਹੁਤ ਉੱਚੇ ਰੇਟ ਦੇ ਆਧਾਰ 'ਤੇ ਕੀਤੇ ਗਏ ਹਨ ਜਿਨ੍ਹਾਂ ਦੀ ਖੋਘ ਹੋਵੇਗੀ। ਉਨ੍ਹਾਂ ਮੰਨਿਆ ਕਿ ਬਿਜਲੀ ਦੇ ਰੇਟ ਵਧਣ ਦੇ ਨਾਲ ਲੋਕਾਂ 'ਤੇ ਬੋਝ ਵਧੇਗਾ ਪਰ ਇਸ ਦੀ ਸਿੱਧੀ ਜ਼ਿੰਮੇਵਾਰੀ ਅਕਾਲੀ-ਭਾਜਪਾ ਗਠਜੋੜ 'ਤੇ ਹੀ ਜਾਵੇਗੀ। ਉਹ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸਨ। ਉਨ੍ਹਾਂ ਨਾਲ ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਨੌਜਵਾਨ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਸ਼੍ਰੀ ਤਰਸੇਮ ਸਿੰਘ ਡੀ. ਸੀ. , ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ, ਕਾਂਗਰਸ ਦੇ ਬੁਲਾਰੇ ਅਤੇ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਭੁਪਿੰਦਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਸਾਂਘਣਾ, ਲੱਕੀ ਕੌਂਸਲਰ, ਕ੍ਰਿਸ਼ਨ ਕੁਮਾਰ ਕੁੱਕੂ, ਨਰਿੰਦਰ ਤੁੰਗ, ਪਰਮਪ੍ਰੀਤ ਸਿੰਘ ਸਾਬੀ ਛੱਜਲਵੱਡੀ, ਹਰਪ੍ਰੀਤ ਸਿੰਘ ਲਾਲੀ ਭਿੱਟੇਵੱਢ, ਮਨਪ੍ਰੀਤ ਸਿੰਘ, ਕਸ਼ਮੀਰ ਸਿੰਘ ਖਿਆਲਾ, ਗੁਰਸੇਵਕ ਸਿੰਘ ਗੈਵੀ ਲੋਪੋਕੇ ਅਤੇ ਹੋਰ ਹਾਜ਼ਰ ਸਨ।
ਈਰਾਨ ਵਿਚ ਫਸੇ ਪੰਜਾਬੀ ਨੌਜਵਾਨਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਨਗੇ ਕਿ ਸਾਰੇ ਬੱਚੇ ਸਹੀ ਸਲਾਮਤ ਘਰਾਂ ਨੂੰ ਆਉਣ ਅਤੇ ਇਸ ਬਾਬਤ ਲੋਕ ਸਭਾ ਵਿਚ ਵੀ ਮੁੱਦਾ ਉਠਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਖੁਲਾਸਾ ਕਰਨਾ ਚਾਹੀਦਾ ਹੈ ਕਿ ਉਹ ਕਿਉਂ ਡੀ.ਐੱਨ.ਏ. ਟੈਸਟ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਜੋ ਅਰਥ ਨਿਕਲਦੇ ਹਨ ਉਹ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਦੁੱਖ ਦੇਣ ਵਾਲੇ ਹਨ। ਉਨ੍ਹਾਂ ਨੇ ਟਰੈਕਟਰ ਨੂੰ ਵਪਾਰਕ ਵਾਹਨ ਐਲਾਨੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਪਹਿਲਾਂ ਖੇਤੀ ਸੰਦਾਂ, ਖਾਦਾਂ ਤੇ ਦਵਾਈਆਂ 'ਤੇ ਜੀ. ਐੱਸ. ਟੀ. ਲਗਾ ਕੇ ਕਿਸਾਨ ਦਾ ਕਚੂੰਮਰ ਕੇਂਦਰ ਸਰਕਾਰ ਨੇ ਕੱਢਿਆ ਹੈ ਅਤੇ ਹੁਣ ਵਪਾਰਕ ਟੈਕਸ ਟਰੈਕਟਰ 'ਤੇ ਲਗਾ ਕੇ ਬਹੁਤ ਘਿਨੌਣਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰ ਸਰਕਾਰ ਦੇ ਇਸ ਫੈਸਲੇ 'ਤੇ ਸਖ਼ਤ ਇਤਰਾਜ਼ ਭਰੀਆਂ ਚਿੱਠੀਆਂ ਲਿਖ ਦਿੱਤੀਆਂ ਗਈਆਂ ਹਨ ਅਤੇ ਕਿਹਾ ਗਿਆ ਹੈ ਕਿ ਕਿਸੇ ਵੀ ਸੂਰਤ ਵਿਚ ਟਰੈਕਟਰਾਂ 'ਤੇ ਲੱਗਣ ਵਾਲੇ ਟੈਕਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇ ਮੋਦੀ ਸਰਕਾਰ ਨੇ ਜ਼ਬਰਦਸਤੀ ਕਾਨੂੰਨ ਪਾਸ ਕਰ ਦਿੱਤਾ ਤਾਂ ਕਾਂਗਰਸ ਇਸ ਦਾ ਸਖ਼ਤ ਵਿਰੋਧ ਕਰੇਗੀ।