ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ
Saturday, Feb 06, 2021 - 11:23 AM (IST)
ਜਲੰਧਰ (ਚੋਪੜਾ)– ‘‘ਖੇਤੀ ਕਾਨੂੰਨਾਂ ਨੂੰ ਲੈ ਕੇ ਜੇਕਰ ਕੇਂਦਰ ਸਰਕਾਰ ਆਪਣੇ ਫੈਸਲੇ ਨੂੰ ਲੈ ਕੇ ਬੈਕਫੁੱਟ ’ਤੇ ਆਈ ਤਾਂ ਉਹ ਰਾਕੇਸ਼ ਟਿਕੈਤ ਕਾਰਨ ਨਹੀਂ, ਸਗੋਂ ਯੂ. ਪੀ. ਵਿਚ ਬਣ ਰਹੇ ਹਾਲਾਤ ਕਾਰਨ ਹੋਵੇਗਾ, ਜਿੱਥੇ ਅਗਲੇ ਸਾਲ ਚੋਣਾਂ ਹੋਣੀਆਂ ਹਨ।’’ ਉਕਤ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਹੇ। ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਪੰਜਾਬ ਦੀਆਂ 13 ਸੀਟਾਂ ਦੀ ਲੋੜ ਨਹੀਂ, ਇਸੇ ਕਾਰਨ ਉਹ ਪੰਜਾਬ ਨੂੰ ਡਿਸਟਰਬ ਸਟੇਟ ਬਣਾਉਣ ’ਤੇ ਤੁਲੀ ਹੋਈ ਹੈ ਪਰ ਜਿਸ ਤਰ੍ਹਾਂ ਵੈਸਟਰਨ ਯੂ. ਪੀ. ਵਿਚ ਟਿਕੈਤ ਨੂੰ ਜਨਤਕ ਸਮਰਥਕ ਮਿਲ ਰਿਹਾ ਹੈ, ਉਸ ਨੂੰ ਵੇਖਦਿਆਂ ਭਾਜਪਾ ਨੂੰ ਉਥੇ ਵੱਡੇ ਪੱਧਰ ’ਤੇ ਆਪਣਾ ਜਨਤਕ ਆਧਾਰ ਖਿਸਕਦਾ ਨਜ਼ਰ ਆ ਰਿਹਾ ਹੈ। ਕੇਂਦਰ ਸਰਕਾਰ ਵਿਰੋਧੀ ਧਿਰ ’ਤੇ ਦੋਸ਼ ਲਾਉਂਦੀ ਹੈ ਕਿ ਉਹ ਕਿਸਾਨਾਂ ਦੇ ਮੋਢੇ ’ਤੇ ਰੱਖ ਕੇ ਬੰਦੂਕ ਚਲਾ ਰਹੀ ਹੈ ਪਰ ਸੱਚਾਈ ਇਹ ਹੈ ਕਿ ਵਿਰੋਧੀ ਧਿਰ ਅਤੇ ਕਿਸਾਨਾਂ ਦਾ ਇਕ ਹੀ ਨਿਸ਼ਾਨਾ ਅੱਜ ਦੇਸ਼ ਦੀ ਆਜ਼ਾਦੀ ਅਤੇ ਲੋਕਤੰਤਰ ਨੂੰ ਬਚਾਉਣਾ ਹੈ।
ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਝੂਠੀ ਸਾਖ ਨੂੰ ਬਚਾਉਣ ਲਈ ਮਗਰਮੱਛ ਦੇ ਹੰਝੂ ਵਹਾਅ ਰਹੀ ਹੈ ਅਤੇ ਖੇਤੀ ਅੰਦੋਲਨ ਨੂੰ ਆਜ਼ਾਦ ਹਿੰਦੋਸਤਾਨ ਦਾ ਆਖਰੀ ਸੰਘਰਸ਼ ਬਣਾਉਣ ’ਤੇ ਉਤਾਰੂ ਹੈ। ਇਸ ਕਾਰਨ ਅੰਦੋਲਨ ਵਿਚ ਸ਼ਾਮਲ ਕਿਸਾਨਾਂ ਨੂੰ ਪਾਸਪੋਰਟ, ਲਾਇਸੈਂਸ ਨਾ ਮਿਲਣ ਅਤੇ ਸਰਕਾਰੀ ਨੌਕਰੀ ਨਾ ਮਿਲਣ ਨੂੰ ਲੈ ਕੇ ਧਮਕਾਇਆ ਜਾ ਰਿਹਾ ਹੈ। ਕਿਸਾਨਾਂ ਦੀ ਟਰੈਕਟਰ ਪਰੇਡ ’ਤੇ ਕੀਤੇ ਟਵੀਟ ਨੂੰ ਲੈ ਕੇ ਸ਼ਸ਼ੀ ਥਰੂਰ ਅਤੇ ਕਈ ਪੱਤਰਕਾਰਾਂ ’ਤੇ ਕੇਸ ਦਰਜ ਕਰਕੇ ਸਿਆਸੀ ਰੰਜਿਸ਼ ਕੱਢੀ ਜਾ ਰਹੀ ਹੈ, ਗ੍ਰੇਟਾ ਥਨਬਰਗ ਵਰਗਿਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਕੇਂਦਰ ਸਰਕਾਰ ਸਾਬਿਤ ਕਰਨਾ ਚਾਹੁੰਦੀ ਹੈ ਕਿ ਯੂ. ਐੱਨ. ਹੀ ਨਹੀਂ, ਸਗੋਂ ਭਾਰਤ ਦੀ ਸਰਕਾਰ ਵੀ ਦੁਨੀਆ ਦੇ ਕਿਸੇ ਵੀ ਕੋਨੇ ’ਚ ਵਸਦੇ ਵਿਅਕਤੀ ’ਤੇ ਕੇਸ ਦਰਜ ਕਰ ਸਕਦੀ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਚਾਈਨਾ ਡੋਰ ਨਾਲ ਝੁਲਸੇ ਮਾਸੂਮ ਬੱਚੇ (ਵੀਡੀਓ)
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਜ ਟਵਿੱਟਰ ਅਤੇ ਇੰਟਰਨੈੱਟ ਬੰਦ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ। ਖੇਤੀ ਕਾਨੂੰਨਾਂ ਦੇ ਮਸਲੇ ’ਤੇ ਦੇਸ਼ ਵਿਚ ਜਿਹੜੇ ਹਾਲਾਤ ਬਣੇ ਹੋਏ ਹਨ, ਉਸ ’ਤੇ ਚਰਚਾ ਹੋਣੀ ਬਹੁਤ ਜ਼ਰੂਰੀ ਹੈ ਪਰ ਵੱਡਾ ਸਵਾਲ ਹੈ ਕਿ ਆਖਿਰ ਚਰਚਾ ਕਿਥੇ ਹੋਵੇ? ਪਾਰਲੀਮੈਂਟ ਦੇ ਹਾਲਾਤ ਕਿਸੇ ਕੋਲੋਂ ਲੁਕੇ ਨਹੀਂ। ਵਿਰੋਧੀ ਧਿਰ ਚਰਚਾ ਲਈ ਸਮਾਂ ਮੰਗ ਰਹੀ ਹੈ, ਲੱਖਾਂ ਦੀ ਗਿਣਤੀ ਵਿਚ ਕਿਸਾਨ ਸੜਕਾਂ ’ਤੇ ਬੈਠੇ ਹਨ। ਕੀ ਉਨ੍ਹਾਂ ਦੀਆਂ ਦਿੱਕਤਾਂ ਚਰਚਾ ਦੇ ਕਾਬਿਲ ਨਹੀਂ? 190 ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ ਪਰ ਸਰਕਾਰ ਕੋਲ ਸੰਸਦ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੱਕ ਦਾ ਸਮਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਇਕ ਖਤਰਨਾਕ ਸਥਿਤੀ ਵਿਚ ਲਿਆ ਖੜ੍ਹਾ ਕੀਤਾ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਸੜਕਾਂ ਵਿਚ ਕਿੱਲਾਂ ਲਾਈਆਂ ਜਾ ਰਹੀਆਂ ਹਨ ਪਰ ਇਸ ਅੰਦੋਲਨ ਵਿਚ ਦੇਸ਼ ਜਾਗ ਗਿਆ ਤਾਂ ਇਹੀ ਕਿੱਲਾਂ ਮੋਦੀ ਸਰਕਾਰ ਦੇ ਤਾਬੂਤ ਵਿਚ ਆਖਿਰ ਕਿੱਲ ਸਾਬਿਤ ਹੋਣਗੀਆਂ। ਭਾਜਪਾ ਟੁੱਕੜੇ-ਟੁੱਕੜੇ ਗੈਂਗ ਹੈ ਅਤੇ ਇਸੇ ਏਜੰਡੇ ’ਤੇ ਉਹ ਦੇਸ਼ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ ’ਤੇ ਵੰਡਣ ’ਤੇ ਤੁਲੀ ਹੋਈ ਹੈ। ਭਾਜਪਾ ਤਿਰੰਗਾ ਯਾਤਰਾ ਨਹੀਂ, ਸਗੋਂ ਦੰਗਾ ਯਾਤਰਾ ਕੱਢ ਰਹੀ ਹੈ।
ਇਹ ਵੀ ਪੜ੍ਹੋ :ਟਾਂਡਾ ’ਚ ਸੈਰ ਕਰ ਰਹੇ ਜੋੜੇ ਨੂੰ ਲੁਟੇਰਿਆਂ ਨੇ ਪਾਇਆ ਘੇਰਾ, ਗੋਲੀ ਚਲਾ ਕੀਤੀ ਲੁੱਟਖੋਹ
ਜਾਖੜ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਮਸੌਦਾ 2013 ਵਿਚ ਤਿਆਰ ਹੋ ਗਿਆ ਸੀ, ਉਦੋਂ ਅਕਾਲੀ ਦਲ ਵੀ ਭਾਜਪਾ ਦੀ ਸਹਿਯੋਗੀ ਪਾਰਟੀ ਸੀ 2014 ਦੀਆਂ ਚੋਣਾਂ ਵਿਚ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਕੇਂਦਰ ਨੇ ਕਮਿਸ਼ਨ ਨਹੀਂ ਬਣਾਇਆ ਅਤੇ ਇਸਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਸੀ ਪਰ ਹੁਣ ਅਕਾਲੀ ਦਲ ਮਜਬੂਰੀ ਵਿਚ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਕੇਂਦਰ ਦੇ ਬਜਟ ਨੇ ਹਰੇਕ ਵਰਗ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਮਨਰੇਗਾ ਦੇ ਫੰਡਾਂ ਵਿਚ ਕਟੌਤੀ ਕੀਤੀ ਗਈ, ਮਹਿੰਗਾਈ ਸਿਖਰ ’ਤੇ ਹੈ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ।
ਸੰਸਦ ਮੈਂਬਰ ਰਵਨੀਤ ਬਿੱਟੂ ’ਤੇ ਕਿਸਾਨਾਂ ਦੇ ਹਮਲੇ ਬਾਰੇ ਜਾਖੜ ਨੇ ਕਿਹਾ ਕਿ ਬਿੱਟੂ ’ਤੇ ਹਮਲਾ ਕਿਸਾਨਾਂ ਨੇ ਨਹੀਂ, ਸਗੋਂ ਗੈਰ-ਸਮਾਜੀ ਅਨਸਰਾਂ ਨੇ ਕੀਤਾ ਸੀ। ਜੇਕਰ ਭਾਜਪਾ ਨੇ ਉਸ ਹਮਲੇ ਨੂੰ ਲੈ ਕੇ ਤਾੜੀਆਂ ਵਜਾਉਣ ਦੀ ਥਾਂ ਕੁੱਟਮਾਰ ਕਰਨ ਵਾਲਿਆਂ ਦੀ ਪਛਾਣ ਕਰ ਕੇ ਕਾਰਵਾਈ ਕੀਤੀ ਹੁੰਦੀ ਤਾਂ 26 ਜਨਵਰੀ ਨੂੰ ਲਾਲ ਕਿਲੇ ਵਿਚ ਜੋ ਕੁਝ ਹੋਇਆ, ਉਸ ਨੂੰ ਰੋਕਿਆ ਜਾ ਸਕਦਾ ਸੀ। ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਆਪਣਾ ਅੜੀਅਲ ਰਵੱਈਆ ਛੱਡ ਕੇ ਤੁਰੰਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ।
ਇਸ ਮੌਕੇ ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਰਾਜਿੰਦਰ ਬੇਰੀ, ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ, ਸ਼ਹਿਰੀ ਪ੍ਰਧਾਨ ਬਲਦੇਵ ਸਿੰਘ ਦੇਵ, ਮੇਅਰ ਜਗਦੀਸ਼ ਰਾਜਾ, ਅੰਮ੍ਰਿਤ ਖੋਸਲਾ, ਸਤਨਾਮ ਬਿੱਟਾ, ਰਾਣਾ ਰੰਧਾਵਾ, ਗੁਰਨਾਮ ਮੁਲਤਾਨੀ, ਸੰਨੀ ਸਿੰਘ, ਮਨੂ ਬੜਿੰਗ, ਬੰਟੀ ਨੀਲਕੰਠ, ਕਮਲ ਸਹਿਗਲ, ਮੇਜਰ ਸਿੰਘ, ਚਰਨਜੀਤ ਚੰਨੀ ਆਦਿ ਵੀ ਮੌਜੂਦ ਸਨ।