ਪੰਜਾਬ ਕਾਂਗਰਸ ਦਿੱਲੀ ''ਚ ਮੋਦੀ ਸਰਕਾਰ ਵਿਰੁੱਧ ਹੋਣ ਵਾਲੀ ਰੈਲੀ ''ਚ ਸ਼ਮੂਲੀਅਤ ਕਰੇਗੀ

Saturday, Dec 14, 2019 - 01:42 PM (IST)

ਪੰਜਾਬ ਕਾਂਗਰਸ ਦਿੱਲੀ ''ਚ ਮੋਦੀ ਸਰਕਾਰ ਵਿਰੁੱਧ ਹੋਣ ਵਾਲੀ ਰੈਲੀ ''ਚ ਸ਼ਮੂਲੀਅਤ ਕਰੇਗੀ

ਜਲੰਧਰ (ਧਵਨ) : ਪੰਜਾਬ ਕਾਂਗਰਸ ਦਿੱਲੀ 'ਚ ਕੱਲ ਸਰਬ ਭਾਰਤ ਕਾਂਗਰਸ ਕਮੇਟੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਕੀਤੀ ਜਾ ਰਹੀ ਕੌਮੀ ਰੈਲੀ 'ਚ ਸ਼ਮੂਲੀਅਤ ਕਰੇਗੀ, ਜਿਸ ਬਾਰੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਦੀਆਂ ਪਹਿਲਾਂ ਹੀ ਡਿਊਟੀਆਂ ਲਾ ਦਿੱਤੀਆਂ ਸਨ। ਜਾਖੜ ਨੇ ਦੱਸਿਆ ਕਿ ਦਿੱਲੀ ਰੈਲੀ ਅਸਲ 'ਚ ਕੇਂਦਰ ਦੀ ਮੋਦੀ ਸਰਕਾਰ ਨੂੰ ਚਿਤਾਵਨੀ ਦੇਣ ਦੇ ਮੰਤਵ ਨਾਲ ਕਾਂਗਰਸ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਜੀ. ਡੀ. ਪੀ. ਦਰ 'ਚ ਲਗਾਤਾਰ ਗਿਰਾਵਟ ਆ ਰਹੀ ਹੈ, ਉਸ ਨਾਲ ਦੇਸ਼ 'ਚ ਬੇਰੋਜ਼ਗਾਰੀ ਆਪਣੀ ਸਭ ਤੋਂ ਉੱਚੀ ਪੱਧਰ 'ਤੇ ਪੁੱਜ ਚੁੱਕੀ ਹੈ, ਜਿਹੜੀ ਦੇਸ਼ ਦੇ ਨੌਜਵਾਨਾਂ 'ਚ ਵਧ ਰਹੇ ਗ਼ੁੱਸੇ ਦਾ ਸੰਦੇਸ਼ ਹੈ।

ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਦੇਸ਼ ਨੂੰ ਆਰਥਿਕ ਤੌਰ 'ਤੇ ਸੰਭਾਲਣ ਦੀਆਂ ਕੋਸ਼ਿਸ਼ਾਂ ਨਾ ਕੀਤੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਵਪਾਰ ਅਤੇ ਸਨਅਤ ਬੁਰੀ ਤਰ੍ਹਾਂ ਦਰਹਮ-ਬਰਹਮ ਹੋ ਕੇ ਰਹਿ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਰੈਲੀ 'ਚ ਕਾਂਗਰਸ ਦੇ ਕੌਮੀ ਆਗੂਆਂ ਵੱਲੋਂ ਸੰਸਦ 'ਚ ਪਾਸ ਕੀਤੇ ਗਏ ਨਾਗਰਿਕਤਾ (ਸੋਧ) ਬਿੱਲ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਜਾਵੇਗੀ ਕਿਉਂਕਿ ਕੇਂਦਰ ਸਰਕਾਰ ਨੇ ਦੇਸ਼ ਦੇ ਧਰਮ-ਨਿਰਪੱਖ ਅਤੇ ਜਮਹੂਰੀ ਢਾਂਚੇ ਨੂੰ ਖ਼ਤਰੇ 'ਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਾਗਰਿਕਤਾ (ਸੋਧ) ਬਿੱਲ ਬਾਰੇ ਪਹਿਲਾਂ ਹੀ ਮੋਦੀ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਹੈ।
 


author

Anuradha

Content Editor

Related News