ਅਰਮਾਨ ਦੇ ਹੱਤਿਆਰਿਆਂ ਦਾ ਮਾਮਲਾ ਫਾਸਟ ਟਰੈਕ ਕੋਰਟ ਨੂੰ ਸੌਂਪਿਆ ਜਾਵੇ : ਜਾਖੜ
Saturday, Nov 23, 2019 - 08:26 PM (IST)
![ਅਰਮਾਨ ਦੇ ਹੱਤਿਆਰਿਆਂ ਦਾ ਮਾਮਲਾ ਫਾਸਟ ਟਰੈਕ ਕੋਰਟ ਨੂੰ ਸੌਂਪਿਆ ਜਾਵੇ : ਜਾਖੜ](https://static.jagbani.com/multimedia/2019_11image_20_26_056897467jakhar.jpg)
ਅਬੋਹਰ,(ਸੁਨੀਲ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਇਕ ਨਿੱਜੀ ਸਕੂਲ ਦੇ ਵਿਦਿਆਰਥੀ ਅਤੇ ਨਵੀਂ ਆਬਾਦੀ ਵਾਸੀ ਬਲਜਿੰਦਰ ਸਿੰਘ ਸੰਧੂ ਦੇ 12 ਸਾਲਾ ਪੁੱਤਰ ਅਰਮਾਨ ਦੀ ਅਗਵਾਕਾਰਾਂ ਵੱਲੋਂ ਕੀਤੀ ਗਈ ਹੱਤਿਆ 'ਤੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ਨੂੰ ਸੌਂਪਣ ਦੀ ਮੰਗ ਕੀਤੀ ਹੈ।
ਜਾਖੜ ਨੇ ਕਿਹਾ ਕਿ ਇਹ ਬੱਚਿਆਂ ਵਿਰੁੱਧ ਗੰਭੀਰ ਅਪਰਾਧ ਹੈ ਅਤੇ ਫਾਸਟ ਟਰੈਕ ਕੋਰਟ ਵੱਲੋਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਸਜ਼ਾ ਦੇਣਾ ਸੰਭਵ ਹੋਵੇਗਾ ਤਾਂ ਕਿ ਭਵਿੱਖ 'ਚ ਅਜਿਹੀ ਘਟਨਾ ਨਾ ਦੋਹਰਾਈ ਜਾ ਸਕੇ। ਸ਼੍ਰੀ ਜਾਖੜ ਨੇ ਕਿਹਾ ਕਿ ਅਰਮਾਨ ਦੀ ਹੱਤਿਆ ਨੇ ਨਾ ਸਿਰਫ ਅਬੋਹਰ ਵਾਸੀਆਂ ਬਲਕਿ ਪੂਰੇ ਪ੍ਰਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਪੀੜਤ ਪਰਿਵਾਰ ਦੇ ਨਾਲ ਹੈ ਅਤੇ ਮੁਲਜ਼ਮਾਂ ਨੂੰ ਸਖਤ ਸਜ਼ਾ ਦਿਵਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੋਂ ਇਹ ਵੀ ਬੇਨਤੀ ਕੀਤੀ ਜਾਵੇਗੀ ਕਿ ਬੱਚਿਆਂ ਵਿਰੁੱਧ ਅਜਿਹੇ ਗੰਭੀਰ ਅਤੇ ਸੰਗਰੂਰ ਵਾਸੀ ਦਲਿਤ ਨੌਜਵਾਨ ਨਾਲ ਵਾਪਰੀ ਵਾਰਦਾਤ ਤੋਂ ਬਾਅਦ ਅਜਿਹੀ ਨੀਤੀ ਬਣਾਉਣਾ ਜ਼ਰੂਰੀ ਹੋਵੇਗਾ। ਸਾਡੀ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਤਰ੍ਹਾਂ ਦੇ ਮਾਮਲੇ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਅਜਿਹੇ ਮਾਮਲਿਆਂ ਦੀ ਜਾਂਚ ਫਾਸਟ ਕੋਰਟ ਨੂੰ ਸੌਂਪੀ ਜਾਵੇ ਤਾਂ ਕਿ ਮੁਲਜ਼ਮਾਂ ਨੂੰ ਸਜ਼ਾ ਮਿਲਣ 'ਚ ਦੇਰੀ ਨਾ ਹੋਵੇ।