ਮੈਨੀਫੈਸਟੋ ਇਕ ਸੰਕਲਪ ਪੱਤਰ, ਪੰਜਾਬ ਨੂੰ ਵੀ ਹੋਵੇਗਾ ਲਾਭ : ਜਾਖੜ

Wednesday, Apr 03, 2019 - 10:00 AM (IST)

ਮੈਨੀਫੈਸਟੋ ਇਕ ਸੰਕਲਪ ਪੱਤਰ, ਪੰਜਾਬ ਨੂੰ ਵੀ ਹੋਵੇਗਾ ਲਾਭ : ਜਾਖੜ

ਜਲੰਧਰ (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਵੱਲੋਂ ਪੇਸ਼ ਕੀਤੇ ਗਏ ਚੋਣ ਮੈਨੀਫੈਸਟੋ ਨੂੰ ਕਾਂਗਰਸ ਦਾ ਸੰਕਲਪ ਪੱਤਰ ਕਰਾਰ ਦਿੰਦੇ ਹੋਏ ਕਿਹਾ ਕਿ ਇਸ 'ਚ ਪਾਰਟੀ ਨੇ ਉਹੀ ਵਾਅਦੇ ਕੀਤੇ ਹਨ, ਜਿਨ੍ਹਾਂ ਨੂੰ ਉਹ ਸੱਤਾ 'ਚ ਆਉਣ ਪਿੱਛੋਂ ਪੂਰਾ ਕਰ ਸਕੇਗੀ। ਨਰਿੰਦਰ ਮੋਦੀ ਵਾਂਗ ਕੋਈ ਹਵਾਈ ਵਾਅਦੇ ਨਹੀਂ ਕੀਤੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸੰਕਲਪ ਪੱਤਰ ਦੇ ਲਾਗੂ ਹੋਣ ਨਾਲ ਦੇਸ਼ 'ਚ ਆਰਥਿਕ ਪ੍ਰਗਤੀ ਨੂੰ ਹੱਲਾਸ਼ੇਰੀ ਮਿਲੇਗੀ। ਪੰਜਾਬ ਨੂੰ ਵੀ ਲਾਭ ਹੋਵੇਗਾ। ਪੰਜਾਬ ਸਮੇਤ ਸਭ ਸੂਬਿਆਂ ਦਾ ਧਿਆਨ ਰੱਖਿਆ ਗਿਆ ਹੈ।
ਜਾਖੜ ਨੇ ਕਿਹਾ ਕਿ ਕਾਂਗਰਸ ਦੇ ਮੈਨੀਫੈਸਟੋ 'ਚ ਸਭ ਤੋਂ ਵੱਧ ਜ਼ੋਰ ਗਰੀਬੀ ਨੂੰ ਹਟਾਉਣ ਵੱਲ ਦਿੱਤਾ ਗਿਆ ਹੈ। ਦੇਸ਼ ਦੇ ਸਭ ਤੋਂ ਗਰੀਬ 20 ਫੀਸਦੀ ਪਰਿਵਾਰਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਜੋ ਵਾਅਦਾ ਕੀਤਾ ਗਿਆ ਹੈ, ਉਹ ਬੇਮਿਸਾਲ ਹੈ। ਸਾਬਕਾ ਯੂ. ਪੀ. ਏ. ਸਰਕਾਰ ਦੇ ਸਮੇਂ ਕਾਂਗਰਸ ਨੇ ਗਰੀਬੀ 'ਤੇ ਸਭ ਤੋਂ ਵੱਡਾ ਹਮਲਾ ਮਨਰੇਗਾ ਨੂੰ ਲੈ ਕੇ ਕੀਤਾ ਸੀ, ਜਿਸ ਤਰ੍ਹਾਂ ਪੰਜਾਬ ਸਮੇਤ ਹੋਰਨਾਂ ਕਾਂਗਰਸ ਸ਼ਾਸਿਤ ਸੂਬਿਆਂ 'ਚ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਗਏ ਹਨ, ਉਸੇ ਤਰ੍ਹਾਂ ਕੇਂਦਰ 'ਚ ਸੱਤਾ 'ਚ ਆਉਣ ਪਿੱਛੋਂ ਕਿਸਾਨਾਂ ਦੇ ਦੇਸ਼ ਪੱਧਰੀ ਕਰਜ਼ੇ ਮੁਆਫ ਕੀਤੇ ਜਾਣਗੇ। ਨਾਲ ਹੀ ਜੀ. ਐੱਸ. ਟੀ. ਦੀਆਂ ਤਰੁਟੀਆਂ ਨੂੰ ਦੂਰ ਕਰਕੇ ਵਪਾਰੀ ਵਰਗ ਨੂੰ ਰਾਹਤ ਦੇਣ ਦੀ ਗੱਲ ਕਹੀ ਗਈ ਹੈ। ਜੀ. ਐੱਸ. ਟੀ. ਵਿਚ ਕਾਂਗਰਸ ਵੱਲੋਂ ਪੰਚਾਇਤਾਂ ਅਤੇ ਸਥਾਨਕ ਸਰਕਾਰ ਅਦਾਰਿਆਂ ਨੂੰ ਵੀ ਹਿੱਸਾ ਦਿੱਤਾ ਜਾਵੇਗਾ।
ਜਾਖੜ ਨੇ ਕਿਹਾ ਕਿ ਕਾਂਗਰਸ ਵੱਲੋਂ ਆਪਣਾ ਮੈਨੀਫੈਸਟੋ ਸੱਤਾ 'ਚ ਆਉਂਦਿਆਂ ਹੀ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਮੋਦੀ ਵਾਂਗ ਸਭ ਲੋਕਾਂ ਦੇ ਬੈਂਕ ਖਾਤਿਆਂ 'ਚ 15-15 ਲੱਖ ਰੁਪਏ ਦੀ ਰਕਮ ਪਾਉਣ ਦੀ ਗੱਲ ਨਹੀਂ ਕੀਤੀ ਸਗੋਂ ਇਹ ਕਿਹਾ ਹੈ ਕਿ ਗਰੀਬੀ ਦਾ ਪੱਧਰ ਉੱਚਾ ਚੁੱਕ ਕੇ ਦੇਸ਼ 'ਚ ਆਰਥਿਕ ਵਿਕਾਸ ਦੀ ਦਰ ਨੂੰ ਵਧਾਇਆ ਜਾਏਗਾ। ਮੈਨੀਫੈਸਟੋ ਤਿਆਰ ਕਰਨ ਲਈ ਦੁਨੀਆ ਦੇ ਚੋਟੀ ਦੇ ਅਰਥਸ਼ਾਸਤਰੀਆਂ ਦੀ ਰਾਇ ਲਈ ਗਈ ਹੈ।


author

shivani attri

Content Editor

Related News