ਜਾਖ਼ੜ ਨੂੰ ਮਨਾਉਣ ਘਰ ਪਹੁੰਚੇ ਹਰੀਸ਼ ਚੌਧਰੀ, ਨਹੀਂ ਬਣੀ ਗੱਲ
Thursday, Nov 25, 2021 - 01:46 PM (IST)
ਚੰਡੀਗੜ੍ਹ (ਬਿਊਰੋ) - ਹਿੰਦੂਆਂ ਨੂੰ ਦੂਰ ਹੁੰਦਾ ਦੇਖ ਕੇ ਕਾਂਗਰਸ ਹੁਣ ਹਿੰਦੂ ਕਾਰਡ ਖੇਡਣ ਦੀ ਤਿਆਰੀ ’ਚ ਹੈ। ਕਾਂਗਰਸ ਵਿਧਾਨਸਭਾ ਦੇ ਸਪੀਕਰ ਰਾਣਾ ਕੇ.ਪੀ. ਨੂੰ ਪ੍ਰਚਾਰ ਕਮੇਟੀ ਅਤੇ ਅੰਬਿਕਾ ਸੋਨੀ ਨੂੰ ਕੋ-ਆਰਡੀਨੇਸ਼ਨ ਕਮੇਟੀ ਦਾ ਪ੍ਰਧਾਨ ਬਣਾਉਣ ਦੀ ਤਿਆਰੀ ’ਚ ਹੈ। ਉੱਥੇ ਕਾਂਗਰਸ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੁਣ ਜਾਖ਼ੜ ਬਣੇ ਹੋਏ ਹਨ, ਕਿਉਂਕਿ ਸੁਨੀਲ ਜਾਖ਼ੜ ਪਾਰਟੀ ਦੇ ਕਿਸੇ ਵੀ ਕੰਮ ਕਾਜ ’ਚ ਹਿੱਸਾ ਨਹੀਂ ਲੈ ਰਹੇ ਹਨ। ਜਾਖ਼ੜ ਨੂੰ ਮਨਾਉਣ ਲਈ ਬੁੱਧਵਾਰ ਨੂੰ ਪ੍ਰਦੇਸ਼ ਪ੍ਰਧਾਨ ਹਰੀਸ਼ ਚੌਧਰੀ ਉਨ੍ਹਾਂ ਦੇ ਘਰ ਪੁੱਜੇ। ਡੇਢ ਘੰਟੇ ਦੀ ਵਾਰਤਾਲਾਪ ਮਗਰੋਂ ਵੀ ਚੌਧਰੀ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ।
ਸੂਤਰਾਂ ਮੁਤਾਬਕ ਸੁਨੀਲ ਜਾਖ਼ੜ ਪਾਰਟੀ ਨੂੰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹੇਠਾਂ ਕੰਮ ਨਹੀਂ ਕਰਨਗੇ। ਇਹ ਕਾਰਨ ਹੈ ਕਿ ਉਨ੍ਹਾਂ ਉਪ ਮੁਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ, ਜਦਕਿ ਇਹ ਪੇਸ਼ਕਸ਼ ਖੁਦ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ਕੀਤੀ ਗਈ ਸੀ। ਉਦੋਂ ਤੋਂ ਹੀ ਜਾਖ਼ੜ ਕਾਂਗਰਸ ਦੇ ਕਿਸੇ ਵੀ ਪ੍ਰੋਗਰਾਮ ’ਚ ਹਿੱਸਾ ਨਹੀਂ ਲੈ ਰਹੇ ਹਨ। ਜਾਖ਼ੜ ਨੇ ਪਾਰਟੀ ਨੂੰ ਸਾਫ ਕਹਿ ਦਿੱਤਾ ਹੈ ਕਿ ਉਹ ਕਾਂਗਰਸ ਪਾਰਟੀ ’ਚ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਬਣੇ ਰਹਿਣਗੇ ਪਰ ਉਹ ਚੰਨੀ ਨਾਲ ਕੰਮ ਨਹੀਂ ਕਰਨਗੇ। ਉੱਥੇ ਹੀ ਕਾਂਗਰਸ ਹਿੰਦੂਆਂ ਨੂੰ ਪਹਿਲ ਦੇਣ ’ਚ ਜੁੱਟੀ ਹੋਈ ਹੈ ਇਹ ਕੰਮ ਜਾਖੜ ਵਲੋਂ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
ਡੇਢ ਘੰਟੇ ਦੀ ਬੈਠਕ ’ਚ ਚੌਧਰੀ ਨੇ ਜਾਖੜ ਨੂੰ ਪਾਰਟੀ ’ਚ ਮੁੜ ਤੋਂ ਕੰਮਕਾਜ ਸ਼ੁਰੂ ਕਰਨ ਦੀ ਗੱਲ ਕਹੀ। ਇਸ ਲੜੀ ’ਚ ਰਾਣਾ ਕੇ.ਪੀ. ਨੂੰ ਚੋਣ ਪ੍ਰਚਾਰ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਨਿਯੁਕਤ ਕੀਤਾ ਗਿਆ ਹੈ। ਰਾਣਾ ਕੇ.ਪੀ. ਸਿੰਘ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੇ ਸੀ। ਦੂਜੇ ਪਾਸੇ ਪਾਰਟੀ ਸੰਗਠਨ ਅਤੇ ਸਰਕਾਰ ਵਿਚਾਲੇ ਕੋਈ ਨਵਾਂ ਵਿਵਾਦ ਸ਼ੁਰੂ ਨਾ ਹੋਵੇ, ਇਸ ਲਈ ਕਾਂਗਰਸ ਨੇ ਅੰਬਿਕਾ ਸੋਨੀ ਨੂੰ ਕੋ-ਆਰਡੀਨੇਸ਼ਨ ਕਮੇਟੀ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ। ਇਹ ਬਸ ਸੀਨੀਅਰ ਨੇਤਾ ਨੂੰ ਅਡਜਸਟ ਕਰਨ ਲਈ ਨਹੀਂ, ਸਗੋਂ ਹਿੰਦੂਆਂ ਨੂੰ ਮੁੜ ਆਪਣੀ ਪਾਰਟੀ ’ਚ ਆਉਣ ’ਚ ਮਦਦ ਮਿਲੇਗੀ।