ਸਰਕਾਰਾਂ ਪੇਂਡੂ ਲੋਕਾਂ ਦੀਆਂ ਸਮੱਸਿਆਵਾਂ ਵੱਲ ਨਹੀਂ ਦੇ ਰਹੀਆਂ ਧਿਆਨ

Monday, Mar 12, 2018 - 07:40 AM (IST)

ਸਰਕਾਰਾਂ ਪੇਂਡੂ ਲੋਕਾਂ ਦੀਆਂ ਸਮੱਸਿਆਵਾਂ ਵੱਲ ਨਹੀਂ ਦੇ ਰਹੀਆਂ ਧਿਆਨ

ਮੰਡੀ ਲੱਖੇਵਾਲੀ, ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ) - ਭਾਵੇਂ ਦੇਸ਼ ਆਜ਼ਾਦ ਹੋਏ ਨੂੰ 7 ਦਹਾਕੇ ਬੀਤ ਗਏ ਹਨ ਪਰ ਆਜ਼ਾਦੀ ਮਿਲਣ ਤੋਂ ਬਾਅਦ ਵੀ ਇੰਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਪੇਂਡੂ ਖੇਤਰਾਂ ਦੇ ਲੋਕ ਸਿਹਤ ਸਹੂਲਤਾਂ ਤੋਂ ਸੱਖਣੇ ਪਏ ਹਨ, ਜਦਕਿ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਇਹ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਕਿ ਪੇਂਡੂ ਖੇਤਰ ਦੇ ਲੋਕਾਂ ਨੂੰ ਵਧੀਆ ਅਤੇ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਇਹ ਸੱਚ ਨਹੀਂ ਅਤੇ ਅਸਲੀ ਤਸਵੀਰ ਕੁਝ ਹੋਰ ਹੀ ਹੈ।
ਇਸ ਦੀ ਮਿਸਾਲ ਪੰਜਾਬ ਦੀ ਸਿਆਸਤ 'ਤੇ ਡੂੰਘਾ ਅਸਰ ਰੱਖਣ ਵਾਲੇ ਮਾਲਵੇ ਦੇ ਚਰਚਿਤ ਜ਼ਿਲੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੇਖਣ ਨੂੰ ਮਿਲਦੀ ਹੈ ਪਰ ਉਕਤ ਜ਼ਿਲੇ 'ਚ ਅਜੇ ਕਈ ਅਜਿਹੇ ਪਿੰਡ ਹਨ, ਜਿਨ੍ਹਾਂ ਪਿੰਡਾਂ ਵਿਚ ਸਰਕਾਰੀ ਹਸਪਤਾਲ ਜਾਂ ਸਿਹਤ ਡਿਸਪੈਂਸਰੀ ਨਹੀਂ ਹੈ ਤੇ ਸਿਹਤ ਵਿਭਾਗ ਵੱਲੋਂ ਡੰਗ ਸਾਰਨ ਲਈ ਅਜਿਹੇ ਅਣਗੌਲੇ ਪਿੰਡਾਂ ਨੂੰ ਹੋਰਨਾਂ ਪਿੰਡਾਂ ਦੀਆਂ ਸਿਹਤ ਡਿਸਪੈਂਸਰੀਆਂ ਨਾਲ ਕਾਗਜ਼ਾਤ ਰਾਹੀਂ ਜੋੜਿਆ ਗਿਆ ਹੈ। ਵੱਖ-ਵੱਖ ਟੈਸਟ ਕਰਨ ਵਾਲੀਆਂ ਮਸ਼ੀਨਾਂ ਨਹੀਂ ਹਨ ਜਾਂ ਘੱਟ ਹਨ ਤੇ ਉਨ੍ਹਾਂ ਨੂੰ ਚਲਾਉਣ ਵਾਲੇ ਵੀ ਮਾਹਿਰ ਵੀ ਚਾਹੀਦੇ ਹਨ।
ਹੁਣ ਮਸਲਾ ਇਸ ਗੱਲ ਦਾ ਇਹ ਹੈ ਕਿ ਪੰਜਾਬ ਸਰਕਾਰ ਸਿਹਤ ਸਹੂਲਤਾਂ ਤੋਂ ਸੱਖਣੇ ਪਏ ਸਾਰੇ ਪਿੰਡਾਂ ਦੀ ਸਾਰ ਲਵੇ ਅਤੇ ਉੱਥੇ ਆਧੁਨਿਕ ਸਹੂਲਤਾਂ ਵਾਲੇ ਹਸਪਤਾਲ ਤੇ ਡਿਸਪੈਂਸਰੀਆਂ ਬਣਾਈਆਂ ਜਾਣ ਕਿਉਂਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਕੈਂਸਰ, ਕਾਲਾ ਪੀਲੀਆ, ਹੱਡੀਆਂ ਅਤੇ ਦਿਲ ਦੇ ਰੋਗਾਂ ਦੀਆਂ ਬੀਮਾਰੀਆਂ ਬਹੁਤ ਜ਼ਿਆਦਾ ਹਨ। ਇਸੇ ਤਰ੍ਹਾਂ ਜ਼ਿਲੇ ਦੇ ਦਰਜਨਾਂ ਪਿੰਡ ਅਜਿਹੇ ਹਨ, ਜਿੱਥੇ ਪਸ਼ੂ ਹਸਪਤਾਲ ਨਹੀਂ ਹਨ। ਇਸ ਗੰਭੀਰ ਮਸਲੇ ਨੂੰ ਲੈ ਕੇ 'ਜਗ ਬਾਣੀ' ਵੱਲੋਂ ਇਸ ਹਫਤੇ ਦੀ ਇਹ ਵਿਸੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
ਜ਼ਿਲੇ ਦੇ 95 ਪਿੰਡਾਂ 'ਚ ਨਹੀਂ ਹਨ ਸਿਹਤ ਡਿਸਪੈਂਸਰੀਆਂ
ਪਤਾ ਲੱਗਾ ਹੈ ਕਿ ਜ਼ਿਲੇ ਦੇ ਕੁਲ 241 ਪਿੰਡ ਹਨ ਪਰ ਇਨ੍ਹਾਂ 'ਚੋਂ 95 ਪਿੰਡ ਸਿਹਤ ਡਿਸਪੈਂਸਰੀਆਂ ਤੋਂ ਸੱਖਣੇ ਪਏ ਹਨ। ਸਿਹਤ ਵਿਭਾਗ ਵੱਲੋਂ ਜ਼ਿਲੇ ਦੇ 102 ਪਿੰਡਾਂ ਵਿਚ ਸਬ-ਸੈਂਟਰ ਚਲਾਏ ਜਾ ਰਹੇ ਹਨ, ਜਦਕਿ ਜ਼ਿਲਾ ਪ੍ਰੀਸ਼ਦ ਵੱਲੋਂ 44 ਪਿੰਡਾਂ ਵਿਚ ਹੈਲਥ ਸੈਂਟਰ ਚਲਾਏ ਜਾ ਰਹੇ ਹਨ। ਇੱਥੇ ਮਸਲਾ ਇਹ ਵੀ ਹੈ ਕਿ ਜਿਨ੍ਹਾਂ ਪਿੰਡਾਂ ਵਿਚ ਹਸਪਤਾਲ ਜਾਂ ਡਿਸਪੈਂਸਰੀਆਂ ਹੈ ਹੀ ਨਹੀਂ, ਉਹ ਤਾਂ ਬੇਹੱਦ ਤੰਗ ਅਤੇ ਪ੍ਰੇਸ਼ਾਨ ਹਨ ਹੀ ਪਰ ਜ਼ਿਲੇ ਦੇ ਕਈ ਪਿੰਡਾਂ 'ਚ ਹਸਪਤਾਲ ਤਾਂ ਹਨ ਪਰ ਉੱਥੇ ਕੁਝ ਥਾਵਾਂ 'ਤੇ ਡਾਕਟਰਾਂ ਦੀ ਘਾਟ ਰੜਕ ਰਹੀ ਹੈ।
ਸਿਆਸਤ ਨਾਲ ਜ਼ਿਲੇ ਦਾ ਡੂੰਘਾ ਸਬੰਧ
ਭਾਵੇਂ ਇਸ ਜ਼ਿਲੇ ਨਾਲ ਸਬੰਧਤ ਪ੍ਰਕਾਸ਼ ਸਿੰਘ ਬਾਦਲ ਲੰਮਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਅਤੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਰਹੇ ਹਨ ਅਤੇ ਉਨ੍ਹਾਂ ਦੀ ਨੂੰਹ ਕੇਂਦਰ ਵਿਚ ਮੰਤਰੀ ਹੈ। ਇਸ ਤੋਂ ਇਲਾਵਾ ਸਵ. ਹਰਚਰਨ ਸਿੰਘ ਬਰਾੜ ਵੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਮੌਜੂਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਇਸ ਜ਼ਿਲੇ ਨਾਲ ਸਬੰਧਤ ਹਨ। ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਤੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਕਈ ਨੇਤਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦੇ ਜੰਮਪਲ ਹਨ ਪਰ ਸਿਹਤ ਸਹੂਲਤਾਂ ਤੋਂ ਲੋਕ ਅਜੇ ਸੱਖਣੇ ਹਨ।
138 ਪਿੰਡ ਹਨ ਪਸ਼ੂ ਹਸਪਤਾਲਾਂ ਤੋਂ ਸੱਖਣੇ        
ਭਾਵੇਂ ਸਮੇਂ ਦੀਆਂ ਸਰਕਾਰਾਂ ਪਸ਼ੂ ਪਾਲਕਾਂ ਅਤੇ ਹੋਰ ਲੋਕਾਂ ਨੂੰ ਡੇਅਰੀ ਦਾ ਧੰਦਾ ਉਤਸ਼ਾਹਿਤ ਕਰਨ ਲਈ ਹੱਲਾਸ਼ੇਰੀ ਦਿੰਦੀਆਂ ਰਹਿੰਦੀਆਂ ਹਨ ਪਰ ਜਿਹੜੇ ਲੋਕਾਂ ਨੇ ਪਸ਼ੂ ਰੱਖੇ ਹੋਏ ਹਨ, ਉਨ੍ਹਾਂ ਵੱਲ ਸਰਕਾਰਾਂ ਘੱਟ ਹੀ ਧਿਆਨ ਦੇ ਰਹੀਆਂ ਹਨ ਕਿਉਂਕਿ ਪਸ਼ੂ ਪਾਲਕਾਂ ਨੂੰ ਪੇਂਡੂ ਖੇਤਰਾਂ ਵਿਚ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਅਨੇਕਾਂ ਪਿੰਡ ਵਿਚ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਕਰ ਕੇ ਕਈ ਵਾਰ ਸਮੇਂ ਸਿਰ ਇਲਾਜ ਨਾ ਹੋਣ ਕਰ ਕੇ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ ਤੇ ਪਸ਼ੂ ਪਾਲਕਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਪਰ ਉਕਤ 241 ਪਿੰਡਾਂ 'ਚੋਂ ਸਿਰਫ਼ 103 ਪਿੰਡਾਂ ਵਿਚ ਹੀ ਸਰਕਾਰੀ ਪਸ਼ੂ ਹਸਪਤਾਲ ਤੇ ਪਸ਼ੂ ਡਿਸਪੈਂਸਰੀਆਂ ਹਨ। ਜਦਕਿ 138 ਅਜਿਹੇ ਪਿੰਡ ਹਨ, ਜਿੱਥੇ ਨਾ ਕੋਈ ਸਰਕਾਰੀ ਪਸ਼ੂ ਹਸਪਤਾਲ ਤੇ ਨਾ ਹੀ ਕੋਈ ਸਰਕਾਰੀ ਪਸ਼ੂ ਡਿਸਪੈਂਸਰੀ ਹੈ। ਅਜਿਹੇ ਪਿੰਡਾਂ ਦੇ ਲੋਕਾਂ ਜਿਨ੍ਹਾਂ ਨੇ ਆਪਣੇ ਘਰਾਂ ਵਿਚ ਪਸ਼ੂ ਰੱਖੇ ਹੋਏ ਹਨ, ਬੇਹੱਦ ਤੰਗ-ਪ੍ਰੇਸ਼ਾਨ ਅਤੇ ਔਖੇ ਹੁੰਦੇ ਹਨ ਕਿਉਂਕਿ ਜਦੋਂ ਵੀ ਉਨ੍ਹਾਂ ਦਾ ਕੋਈ ਪਸ਼ੂ ਬੀਮਾਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਬਾਹਰੋਂ ਡਾਕਟਰ ਬੁਲਾਉਣਾ ਪੈਂਦਾ ਹੈ ਤੇ ਕਈ ਵਾਰ ਸਮੇਂ ਸਿਰ ਡਾਕਟਰ ਨਹੀਂ ਮਿਲਦਾ।
ਜ਼ਿਲੇ 'ਚ 3 ਲੱਖ 20 ਹਜ਼ਾਰ 940 ਹਨ ਪਸ਼ੂ
ਪੂਰੇ ਜ਼ਿਲੇ 'ਚ ਇਸ ਵੇਲੇ 3 ਲੱਖ 20 ਹਜ਼ਾਰ 940 ਪਸ਼ੂ ਹਨ। ਇਨ੍ਹਾਂ 'ਚੋਂ 1 ਲੱਖ 57 ਹਜ਼ਾਰ 105 ਮੱਝਾਂ ਹਨ, ਜਦਕਿ 1 ਲੱਖ 12 ਹਜ਼ਾਰ 199 ਗਊਆਂ ਹਨ। ਇਸ ਤੋਂ ਇਲਾਵਾ ਘੋੜੇ, ਗਧੇ ਅਤੇ ਖੱਚਰਾਂ ਦੀ ਗਿਣਤੀ 3505 ਹੈ। ਭੇਡਾਂ, ਬੱਕਰੀਆਂ ਤੇ ਪਾਲਤੂ ਕੁੱਤਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਪਸ਼ੂ ਪਾਲਣ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲੇ ਦੇ 42 ਪਿੰਡਾਂ 'ਚ ਪਸ਼ੂ ਹਸਪਤਾਲ ਚਲਾਏ ਜਾ ਰਹੇ ਹਨ ਤੇ ਇਨ੍ਹਾਂ ਹਸਪਤਾਲਾਂ ਵਿਚ ਵੈਟਰਨਰੀ ਅਫ਼ਸਰ ਪਸ਼ੂਆਂ ਦਾ ਇਲਾਜ ਕਰਦੇ ਹਨ, ਜਦਕਿ ਜ਼ਿਲੇ ਦੇ 60 ਪਿੰਡਾਂ ਵਿਚ ਸਰਕਾਰੀ ਪਸ਼ੂ ਡਿਸਪੈਂਸਰੀਆਂ ਹਨ ਤੇ ਇਨ੍ਹਾਂ ਡਿਸਪੈਂਸਰੀਆਂ ਵਿਚ ਵੈਟਰਨਰੀ ਇੰਸਪੈਕਟਰ ਪਸ਼ੂਆਂ ਦਾ ਇਲਾਜ ਕਰਦੇ ਹਨ।
ਵੈਟਰਨਰੀ ਅਫ਼ਸਰਾਂ ਦੀਆਂ ਅਸਾਮੀਆਂ ਖਾਲੀ
ਸਿਵਲ ਪਸ਼ੂ ਹਸਪਤਾਲਾਂ ਵਿਚ 16 ਵੈਟਰਨਰੀ ਅਫ਼ਸਰਾਂ ਦੀਆਂ ਅਸਾਮੀਆਂ ਖਾਲੀ ਹਨ। ਕੁਲ 44 ਅਸਾਮੀਆਂ ਹਨ ਤੇ ਇਨ੍ਹਾਂ 'ਚੋਂ 18 ਹੀ ਭਰੀਆਂ ਹਨ, ਜਦਕਿ ਪਸ਼ੂ ਡਿਸਪੈਂਸਰੀਆਂ ਵਿਚ 6 ਵੈਟਰਨਰੀ ਇੰਸਪੈਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਵੈਟਰਨਰੀ ਇੰਸਪੈਕਟਰਾਂ ਦੀਆਂ 66 ਅਸਾਮੀਆਂ ਹਨ, ਜਿਨ੍ਹਾਂ 'ਚੋਂ 60 ਭਰੀਆਂ ਹਨ। ਕਲਾਸ ਫੋਰ ਮੁਲਾਜ਼ਮਾਂ ਦੀਆਂ 71 ਅਸਾਮੀਆਂ 'ਚੋਂ 54 ਭਰੀਆਂ ਹਨ ਅਤੇ 17 ਖਾਲੀ ਹਨ। ਪਸ਼ੂ ਪਾਲਣ ਵਿਭਾਗ ਦਾ ਕਹਿਣਾ ਹੈ ਕਿ ਜਿਨ੍ਹਾਂ ਪਿੰਡਾਂ 'ਚ ਪਸ਼ੂ ਹਸਪਤਾਲ ਜਾਂ ਪਸ਼ੂ ਡਿਸਪੈਂਸਰੀਆਂ ਨਹੀਂ ਹੈ, ਉਨ੍ਹਾਂ ਪਿੰਡਾਂ ਨੂੰ ਨੇੜਲੇ ਪਸ਼ੂ ਹਸਪਤਾਲਾਂ ਨਾਲ ਜੋੜਿਆ ਗਿਆ ਤੇ ਹਰ ਪਿੰਡ ਵਿਚ ਸਮੇਂ ਸਿਰ ਪਸ਼ੂਆਂ ਨੂੰ ਮੂੰਹ-ਖੁਰ ਅਤੇ ਗਲਘੋਟੂ ਦੀ ਬੀਮਾਰੀ ਤੋਂ ਬਚਾਉਣ ਲਈ ਵੈਕਸੀਨ ਮੁਹੱਈਆ ਕਰਵਾਈ ਜਾ ਰਹੀ ਹੈ।
44 ਏ. ਆਈ. ਮੁਲਾਜ਼ਮ ਕਰ ਰਹੇ ਨੇ ਕੰਮ
ਪਸ਼ੂ ਪਾਲਣ ਵਿਭਾਗ ਨੇ ਕਰੀਬ 8-9 ਸਾਲ ਪਹਿਲਾਂ ਉਨ੍ਹਾਂ ਪਿੰਡਾਂ ਵਿਚ ਏ. ਆਈ. ਮੁਲਾਜ਼ਮ ਰੱਖੇ ਸਨ, ਜਿੱਥੇ ਪਸ਼ੂ ਹਸਪਤਾਲ ਜਾਂ ਪਸ਼ੂ ਡਿਸਪੈਂਸਰੀਆਂ ਨਹੀਂ ਸਨ। ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿਚ 44 ਏ. ਆਈ. ਮੁਲਾਜ਼ਮ ਰੱਖੇ ਹੋਏ ਹਨ। ਇਹ ਵਰਕਰ ਸਿਰਫ਼ ਬਨਾਉਟੀ ਗਰਭ ਵਾਲਾ ਟੀਕਾ ਹੀ ਮੱਝਾਂ ਅਤੇ ਗਊਆਂ ਦੇ ਰੱਖ ਸਕਦੇ ਹਨ ਤੇ ਪਸ਼ੂਆਂ ਦਾ ਇਲਾਜ ਨਹੀਂ ਕਰ ਸਕਦੇ ਪਰ ਇਹ ਵਰਕਰ ਬਿਨਾਂ ਤਨਖਾਹ ਤੋਂ ਹੀ ਕੰਮ ਕਰ ਰਹੇ ਹਨ।


Related News