ਵੱਡੀ ਰਾਹਤ : ਚੰਡੀਗੜ੍ਹ ''ਚ ''ਐਤਵਾਰ'' ਦਾ ਕਰਫ਼ਿਊ ਖ਼ਤਮ, ਸੁਖਨਾ ਝੀਲ ਦੇ ਖੁੱਲ੍ਹਣ ਦਾ ਸਮਾਂ ਵੀ ਬਦਲਿਆ

Saturday, Jun 19, 2021 - 01:12 PM (IST)

ਚੰਡੀਗੜ੍ਹ (ਰਾਜਿੰਦਰ) : ਕੋਰੋਨਾ ਦੇ ਖ਼ਤਰੇ ਨੂੰ ਵੇਖਦਿਆਂ ਪਿਛਲੇ ਕਈ ਹਫ਼ਤਿਆਂ ਤੋਂ ਐਤਵਾਰ ਲਾਏ ਜਾ ਰਹੇ ਕਰਫ਼ਿਊ ਨੂੰ ਹੁਣ ਹਟਾ ਦਿੱਤਾ ਗਿਆ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸ਼ੁੱਕਰਵਾਰ ਕਰਫ਼ਿਊ ਹਟਾਉਣ ਦਾ ਫ਼ੈਸਲਾ ਲਿਆ। ਇਸ ਦੇ ਨਾਲ ਹੀ ਹੁਣ ਸ਼ਹਿਰ ਵਿਚ ਸਿਰਫ ਰਾਤ ਦੇ ਕਰਫ਼ਿਊ ਦੀਆਂ ਸਖ਼ਤੀਆਂ ਲਾਗੂ ਰਹਿਣਗੀਆਂ। ਪ੍ਰਸ਼ਾਸਕ ਦੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਦੇ ਸਲਾਹਕਾਰ ਮਨੋਜ ਪਰਿਦਾ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਹੁਕਮਾਂ ਵਿਚ ਐਤਵਾਰ ਸੁਖਨਾ ਝੀਲ ਦੇ ਖੁੱਲ੍ਹਣ ਦੇ ਸਮੇਂ ਵਿਚ ਵੀ ਬਦਲਾਅ ਕੀਤਾ ਗਿਆ ਹੈ। ਐਤਵਾਰ ਸੁਖਨਾ ਝੀਲ ਸਵੇਰੇ ਸਵੇਰ 5 ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 6 ਤੋਂ 8 ਵਜੇ ਤੱਕ ਹੀ ਖੁੱਲ੍ਹੀ ਰਹੇਗੀ। ਬਾਕੀ ਸਮਾਂ ਸੁਖਨਾ ਝੀਲ ’ਤੇ ਕਿਸੇ ਦੇ ਵੀ ਜਾਣ ’ਤੇ ਰੋਕ ਰਹੇਗੀ।

ਇਹ ਵੀ ਪੜ੍ਹੋ : ਮਹਿੰਗੀਆਂ ਗੱਡੀਆਂ ਤੇ ਇੰਗਲਿਸ਼ ਫ਼ਿਲਮਾਂ ਦਾ ਸ਼ੌਕੀਨ ਸੀ 'ਜੈਪਾਲ ਭੁੱਲਰ', ਅਖ਼ੀਰ 'ਚ ਕੋਲਕਾਤਾ ਖਿੱਚ ਲੈ ਗਈ ਮੌਤ
10.30 ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫ਼ਿਊ
ਸ਼ਹਿਰ ਵਿਚ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਲਾਈਆਂ ਗਈਆਂ ਹੁਣ ਲਗਭਗ ਸਾਰੀਆਂ ਪਾਬੰਦੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਸਿਨੇਮਾ ਹਾਲ, ਰਾਕ ਗਾਰਡਨ ਅਤੇ ਥੀਏਟਰ ਬੰਦ ਰਹਿਣਗੇ। ਪ੍ਰਸ਼ਾਸਨ ਨੇ ਵਿਆਹ ਸਮਾਰੋਹ, ਅੰਤਿਮ ਸੰਸਕਾਰ ਅਤੇ ਹੋਰ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਲੋਕਾਂ ਦੀ ਗਿਣਤੀ ਨੂੰ ਵੀ ਅਜੇ ਵਧਾਉਣ ਤੋਂ ਇਨਕਾਰ ਕੀਤਾ ਹੈ। ਵਰਤਮਾਨ ਵਿਚ ਇਹ ਗਿਣਤੀ 30 ਹੈ। ਪ੍ਰਸ਼ਾਸਨ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਸ਼ਹਿਰ ਵਿਚ ਰੋਜ਼ਾਨਾ 10.30 ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫ਼ਿਊ ਰਹੇਗਾ। ਇਸ ਦੌਰਾਨ ਕਿਸੇ ਵੀ ਵਿਅਕਤੀ ਦੇ ਬਾਹਰ ਨਿਕਲਣ ’ਤੇ ਰੋਕ ਰਹੇਗੀ। ਕਰਫ਼ਿਊ ਦੇ ਹੁਕਮ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸਦਰ ਬਜ਼ਾਰ ਮਾਰਕਿਟ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਪ੍ਰਸ਼ਾਸਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਐਤਵਾਰ ਦੇ ਦਿਨ ਦੁਕਾਨਾਂ ਬੰਦ ਹੋਣ ਕਾਰਨ ਦੁਕਾਨਦਾਰਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਸੀ, ਜਿਸ ਕਾਰਨ ਉਨ੍ਹਾਂ ਲਈ ਰਾਹਤ ਦੀ ਖ਼ਬਰ ਆਈ ਹੈ।

ਇਹ ਵੀ ਪੜ੍ਹੋ : ਗਰਭਵਤੀ ਬੀਬੀਆਂ ਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਲਈ ਚੰਗੀ ਖ਼ਬਰ, ਅਰੁਣਾ ਚੌਧਰੀ ਨੇ ਕੀਤਾ ਇਹ ਐਲਾਨ
ਆਰ. ਐੱਲ. ਏ. ਦਫ਼ਤਰ ’ਚ ਕਈ ਸੇਵਾਵਾਂ ਸ਼ੁਰੂ
 ਯੂ. ਟੀ. ਪ੍ਰਸ਼ਾਸਨ ਦੇ ਰਜਿਸਟ੍ਰੇਸ਼ਨ ਐਂਡ ਲਾਈਸੈਂਸਿੰਗ ਅਥਾਰਟੀ (ਆਰ. ਐੱਲ. ਏ.) ਵਿਭਾਗ ਨੇ ਕੋਰੋਨਾ ਦੇ ਕੇਸ ਘੱਟ ਹੋਣ ਦੇ ਨਾਲ ਹੀ ਲੋਕਾਂ ਦੀ ਸਹੂਲਤ ਲਈ ਹੋਰ ਸਹੂਲਤਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਹੁਣ ਲੋਕ ਵਾਹਨਾਂ ਦੀ ਰਜਿਸਟ੍ਰੇਸ਼ਨ, ਡਰਾਈਵਿੰਗ ਲਾਈਸੈਂਸ ਅਤੇ ਰੈਗੂਲਰ ਡਰਾਈਵਿੰਗ ਟੈਸਟ ਦੇ ਕੰਮ ਵੀ ਆਰ. ਐੱਲ. ਏ. ਦਫ਼ਤਰ ਵਿਚ ਆ ਕੇ ਕਰਵਾ ਸਕਣਗੇ, ਜਿਸ ਲਈ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਅਪੁਆਇੰਟਮੈਂਟ ਲੈਣੀ ਪਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਜੈਪਾਲ ਐਨਕਾਊਂਟਰ' ਮਾਮਲੇ 'ਚ ਹੁਣ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ (ਵੀਡੀਓ)

ਪ੍ਰਸ਼ਾਸਨ ਨੇ ਸੀਮਤ ਸਹੂਲਤਾਂ ਦੇ ਨਾਲ ਹੀ 1 ਜੂਨ ਤੋਂ ਆਰ. ਐੱਲ. ਏ. ਦਫ਼ਤਰ ਖੋਲ੍ਹ ਦਿੱਤਾ ਸੀ। ਦਫ਼ਤਰ ਵਿਚ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਈਸੈਂਸ ਸਬੰਧੀ ਸੇਵਾਵਾਂ 21 ਜੂਨ ਤੋਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਇਲਾਵਾ ਨਵੇਂ ਲਰਨਰ ਲਾਈਸੈਂਸ ਅਤੇ ਲਰਨਰ ਲਾਈਸੈਂਸ ਨੂੰ ਰੀਨਿਊ ਕਰਵਾਉਣ ਦੀ ਸੇਵਾ 28 ਜੂਨ ਤੋਂ ਸ਼ੁਰੂ ਹੋਵੇਗੀ, ਜਿਸ ਲਈ 27 ਜੂਨ ਤੋਂ ਆਨਲਾਈਨ ਅਪੁਆਇੰਟਮੈਂਟ ਲਈਆਂ ਜਾ ਸਕਣਗੀਆਂ। ਨਾਲ ਹੀ ਰੈਗੂਲਰ ਡਰਾਈਵਿੰਗ ਟੈਸਟ ਲਈ 28 ਜੂਨ ਤੋਂ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿਸ ਲਈ 27 ਜੂਨ ਤੋਂ ਆਨਲਾਈਨ ਅਪੁਆਇੰਟਮੈਂਟ ਲਈਆਂ ਜਾ ਸਕਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News