ਗਰਮੀ ਦਾ ਪਾਰਾ ਵਧਣ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੀ ਵਧੀਆਂ

Tuesday, May 26, 2020 - 04:35 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪਿਛਲੇ ਕਈ ਦਿਨਾਂ ਤੋਂ ਗਰਮੀ ਦੇ ਵਧੇ ਪ੍ਰਕੋਪ ਦੇ ਚੱਲਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਕਰੀਬ ਦੋ-ਤਿੰਨ ਦਿਨਾਂ ਤੋਂ ਗਰਮੀ ਦਾ ਪ੍ਰਭਾਵ ਜ਼ਿਆਦਾ ਪਾਇਆ ਜਾ ਰਿਹਾ ਹੈ, ਜਿਸਦੇ ਚੱਲਦਿਆਂ ਤਾਪਮਾਨ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਥੇ ਹੀ ਗਰਮੀ ਦੇ ਚੱਲਦਿਆਂ ਲੋਕਾਂ ਨੇ ਆਪਣੇ ਬਚਾਅ ਲਈ ਠੰਡੇ ਤਰਲ ਪਦਾਰਥਾਂ ਦਾ ਸੇਵਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਗਰਮੀ ਦੇ ਚੱਲਦਿਆਂ ਸ਼ਹਿਰ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਅੱਜ ਸ਼ਹਿਰ ਦਾ ਤਾਪਮਾਨ 42 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦੋਂਕਿ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦਿਨ ਭਰ ਗਰਮ ਹਵਾਵਾਂ ਚੱਲਦੀਆਂ ਰਹੀਆਂ। 

ਹਵਾ 'ਚ ਨਮੀ ਦੀ ਮਾਤਰਾ 17 ਫ਼ੀਸਦੀ ਦਰਜ ਕੀਤੀ ਗਈ ਹੈ, ਜਿਸ ਵਿਚ ਵਧਦੇ ਦਿਨ ਦੇ ਚਲਦਿਆਂ ਵਾਧਾ ਹੋ ਰਿਹਾ ਹੈ। ਵੱਧਦੇ ਤਾਪਮਾਨ ਤੋਂ ਅੱਜ ਜਨਜੀਵਨ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ, ਉਥੇ ਹੀ ਗਰਮੀ ਤੋਂ ਬਚਾਅ ਦੇ ਚੱਲਦਿਆਂ ਲੋਕਾਂ ਨੇ ਆਪਣੇ ਪੱਧਰ 'ਤੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਏ. ਸੀ. ਸ਼ੁਰੂ ਹੋ ਗਏ ਹਨ, ਸੜਕਾਂ 'ਤੇ ਨਿਕਲਣ ਵਾਲੇ ਲੋਕ ਛੱਤਰੀਆਂ ਦਾ ਸਹਾਰਾ ਲੈਣ ਲੱਗੇ ਹਨ, ਨਾਲ ਹੀ ਲੋਕ ਗਰਮੀ ਤੋਂ ਖ਼ੁਦ ਨੂੰ ਬਚਾਉਣ ਲਈ ਪੂਰੇ ਮੂੰਹ 'ਤੇ ਮਾਸਕ ਸਮੇਤ ਸਿਰ 'ਤੇ ਕੱਪੜਾ ਬੰਨ੍ਹਣ ਲੱਗੇ ਹਨ। ਦੂਜੇ ਪਾਸੇ ਪੇਂਡੂ ਖੇਤਰਾਂ 'ਚ ਸਕੂਲ ਦੀਆਂ ਛੁੱਟੀਆਂ ਦੇ ਚੱਲਦਿਆਂ ਬੱਚੇ ਕੱਸੀਆਂ 'ਚ ਨਹਾ ਕੇ ਖੁਦ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


Gurminder Singh

Content Editor

Related News