ਕੈਪਟਨ ਦੀ ਬੇਨਤੀ ਪ੍ਰਵਾਨ, ਸੁਲਤਾਨਪੁਰ ਲੋਧੀ ਤੱਕ ਐਕਸਪ੍ਰੈੱਸ ਰੇਲ ਗੱਡੀ ਚਲਾਉਣ ਦੀ ਸਹਿਮਤੀ

Thursday, Sep 12, 2019 - 12:14 AM (IST)

ਕੈਪਟਨ ਦੀ ਬੇਨਤੀ ਪ੍ਰਵਾਨ, ਸੁਲਤਾਨਪੁਰ ਲੋਧੀ ਤੱਕ ਐਕਸਪ੍ਰੈੱਸ ਰੇਲ ਗੱਡੀ ਚਲਾਉਣ ਦੀ ਸਹਿਮਤੀ

ਚੰਡੀਗੜ੍ਹ,(ਅਸ਼ਵਨੀ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਵੱਡੀ ਗਿਣਤੀ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਇਸ ਇਤਿਹਾਸਕ ਸ਼ਹਿਰ ਨੂੰ ਰੇਲ ਰਾਹੀਂ ਨਵੀਂ ਦਿੱਲੀ ਨਾਲ ਜੋੜਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਬੇਨਤੀ ਨੂੰ ਮੰਨਦਿਆਂ ਕੇਂਦਰ ਸਰਕਾਰ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ। ਰੇਲਵੇ ਮੰਤਰਾਲਾ ਨੇ 4 ਅਕਤੂਬਰ ਤੋਂ ਨਵੀਂ ਦਿੱਲੀ-ਲੁਧਿਆਣਾ ਸ਼ਤਾਬਦੀ ਨੂੰ ਇੰਟਰਸਿਟੀ ਐਕਸਪ੍ਰੈੱਸ ਵਜੋਂ ਹਫਤੇ 'ਚ 5 ਦਿਨ ਲੋਹੀਆਂ ਖਾਸ ਤੱਕ ਚਲਾਉਣ ਦਾ ਫੈਸਲਾ ਕੀਤਾ ਹੈ, ਜਿਹੜੀ ਸੁਲਤਾਨਪੁਰ ਲੋਧੀ ਵਿਖੇ ਉਚੇਚੇ ਤੌਰ 'ਤੇ ਰੁਕੇਗੀ। ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲੇ ਸਿੱਖ ਗੁਰੂ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੀਂ ਐਕਸਪ੍ਰੈੱਸ ਰੇਲ ਗੱਡੀ ਚਲਾਉਣ ਲਈ ਰੇਲਵੇ ਮੰਤਰਾਲਾ ਨੂੰ ਲਿਖੇ ਪੱਤਰ ਦੇ ਜਵਾਬ 'ਚ ਕੀਤਾ ਗਿਆ ਹੈ।ਇੰਟਰਸਿਟੀ ਐਕਸਪ੍ਰੈੱਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਵੇਰੇ 7 ਵਜੇ ਰਵਾਨਾ ਹੋਵੇਗੀ, ਜਿਹੜੀ ਲੁਧਿਆਣਾ ਤੇ ਜਲੰਧਰ ਹੁੰਦੀ ਹੋਈ ਦੁਪਹਿਰ ਬਾਅਦ 2.40 ਵਜੇ ਸੁਲਤਾਨਪੁਰ ਲੋਧੀ ਪੁੱਜੇਗੀ। ਇਹ ਰੇਲ ਗੱਡੀ ਵਾਪਸੀ ਦਾ ਸਫਰ ਲੋਹੀਆਂ ਖਾਸ ਤੋਂ ਦੁਪਹਿਰ ਬਾਅਦ 3.35 ਵਜੇ ਸ਼ੁਰੂ ਕਰਕੇ ਨਵੀਂ ਦਿੱਲੀ ਵਿਖੇ ਰਾਤ 11 ਵਜੇ ਪਹੁੰਚੇਗੀ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਰੇਲਵੇ ਮੰਤਰਾਲਾ ਨੂੰ ਸੁਲਤਾਨਪੁਰ ਲੋਧੀ ਲਈ ਹੋਰ ਵੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਲੱਖਾਂ ਦੀ ਗਿਣਤੀ 'ਚ ਸ਼ਰਧਾਲੂਆਂ ਨੂੰ ਇਥੇ ਪੁੱਜਣ 'ਚ ਕੋਈ ਦਿੱਕਤ ਨਾ ਆਵੇ। ਸੁਲਤਾਨਪੁਰ ਲੋਧੀ ਉਹ ਇਤਿਹਾਸਕ ਸ਼ਹਿਰ ਹੈ, ਜਿਥੋਂ ਪਹਿਲੇ ਸਿੱਖ ਗੁਰੂ ਜੀ ਦਾ ਰੂਹਾਨੀਅਤ ਦਾ ਸਫ਼ਰ ਸ਼ੁਰੂ ਹੋਇਆ ਅਤੇ ਉਨ੍ਹਾਂ ਇਥੇ ਆਪਣੀ ਜ਼ਿੰਦਗੀ ਦੇ 17 ਵਰ੍ਹੇ ਬਤੀਤ ਕੀਤੇ।


Related News