ਖਹਿਰਾ ਵੱਲੋਂ ਕੋਟਕਪੂਰਾ-ਬਹਿਬਲ ਕਲਾਂ ਕਾਂਡ ‘ਚ ਬਾਦਲਾਂ ‘ਤੇ ਵੀ FIR ਦਰਜ ਕਰਨ ਦੀ ਮੰਗ

Wednesday, Sep 30, 2020 - 10:44 AM (IST)

ਖਹਿਰਾ ਵੱਲੋਂ ਕੋਟਕਪੂਰਾ-ਬਹਿਬਲ ਕਲਾਂ ਕਾਂਡ ‘ਚ ਬਾਦਲਾਂ ‘ਤੇ ਵੀ FIR ਦਰਜ ਕਰਨ ਦੀ ਮੰਗ

ਜਲੰਧਰ (ਜ. ਬ.)— ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ’ਚ ਐੱਸ. ਆਈ. ਟੀ. ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ’ਚ ਜਾਂਚ ਕਰਦੇ ਕਿਹਾ ਕਿ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅਤੇ ਆਈ. ਜੀ. ਉਮਰਾਨੰਗਲ ਦਾ ਨਾਂ ਕੇਸ ’ਚ ਸ਼ਾਮਲ ਕਰ ਲਿਆ ਗਿਆ ਹੈ।ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਕੇਸ ’ਚ ਜਾਂਚ ਸਹੀ ਦਿਸ਼ਾ ’ਚ ਚੱਲ ਰਹੀ ਹੈ। ਸੁਮੇਧ ਸੈਣੀ ਅਤੇ ਉਮਰਾਨੰਗਲ ‘ਤੇ ਕੇਸ ਦਰਜ ਕਰਨਾ ਜਾਂਚ ਦਾ ਪਹਿਲਾ ਪੜਾਅ ਹੈ, ਜਦੋਂ ਕਿ ਇਸ ਮਾਮਲੇ ’ਚ ਅਸਲ ਦੋਸ਼ੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਹਨ। ਇਸ ਲਈ ਇਸ ਮਾਮਲੇ ਵਿਚ ਅਸਲ ਨਿਆਂ ਤਾਂ ਉਦੋਂ ਹੀ ਮਿਲੇਗਾ, ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ‘ਤੇ ਮਾਮਲੇ ਦੀ ਜਾਂਚ ਕਰਨ ਵਾਲੀ ਐੱਸ. ਆਈ. ਟੀ. ਵੱਲੋਂ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕੈਨੇਡਾ 'ਚ ਖ਼ੁਦਕੁਸ਼ੀ ਕਰਨ ਵਾਲੇ ਜਲੰਧਰ ਦੇ ਨੌਜਵਾਨ ਦੇ ਪਿਤਾ ਨੇ ਕੀਤੇ ਹੈਰਾਨੀਜਨਕ ਖੁਲਾਸੇ

PunjabKesari

ਸੁਖਪਾਲ ਖਹਿਰਾ ਨੇ ਕਿਹਾ ਕਿ ਸੁਮੇਧ ਸੈਣੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਇਹ ਬਿਆਨ ਦਿੱਤਾ ਸੀ ਕਿ 14 ਅਕਤੂਬਰ ਵਾਲੇ ਦਿਨ ਜਦੋਂ ਗੋਲੀ ਕਾਂਡ ਹੋਇਆ, ਉਸ ਤੋਂ ਪਹਿਲੀ ਰਾਤ 2 ਵਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਉਨ੍ਹਾਂ ਨੂੰ ਫੋਨ ਆਇਆ ਸੀ। ਮੁੱਖ ਮੰਤਰੀ ਦੀ ਕੋਟਕਪੂਰਾ ਦੇ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਆਪਣੇ ਫੋਨ ਤੋਂ ਡੀ. ਜੀ. ਪੀ. ਨਾਲ ਗੱਲ ਕਰਵਾਈ। ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਵੀ ਬਰਾੜ ਦੇ ਫੋਨ ਤੋਂ ਮੁੱਖ ਮੰਤਰੀ ਨਾਲ ਗੱਲ ਕਰਵਾਈ ਗਈ। ਡਿਪਟੀ ਕਮਿਸ਼ਨਰ ਨੂੰ ਇਹ ਕਿਹਾ ਗਿਆ ਕਿ ਤੁਸੀਂ ਡਿਪਟੀ ਕਮਿਸ਼ਨਰ ਨਾਲ ਗੱਲ ਕਰੋ। ਡਿਪਟੀ ਕਮਿਸ਼ਨਰ ਫਰੀਦਕੋਟ ਨੇ ਡੀ. ਜੀ. ਪੀ. ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕੁਝ ਘੰਟਿਆਂ ’ਚ ਹੀ ਕੋਟਕਪੂਰਾ ਅਤੇ ਬਹਿਬਲ ਕਲਾਂ ਦਾ ਧਰਨਾ ਹਟਾ ਦਿੱਤਾ ਜਾਵੇਗਾ।
ਖਹਿਰਾ ਨੇ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਦਾ ਧਰਨਾ ਕੋਈ ਮਾਮੂਲੀ ਧਰਨਾ ਨਹੀਂ ਸੀ, ਉਸ ‘ਤੇ ਪੰਜਾਬ ਦੇ ਮੀਡੀਆ ਦੀ ਅੱਖ ਸੀ। ਸਿਰਫ ਪੁਲਸ ਆਪਣੇ ਪੱਧਰ ‘ਤੇ ਇਸ ਸ਼ਾਂਤਮਈ ਧਰਨੇ ਨੂੰ ਹਟਾਉਣ ਲਈ ਗੋਲੀ ਕਦੇ ਵੀ ਨਹੀਂ ਚਲਾ ਸਕਦੀ ਸੀ। 

ਇਹ ਵੀ ਪੜ੍ਹੋ: ਆਂਗਨਵਾੜੀ 'ਚ ਪੜ੍ਹਨ ਵਾਲੀ ਇਸ ਮਾਸੂਮ ਨੇ ਇੰਝ ਚਮਕਾਇਆ ਪੰਜਾਬ ਦਾ ਨਾਂ, ਪਰਿਵਾਰ ਹੋਇਆ ਬਾਗੋ-ਬਾਗ

ਡੀ. ਜੀ. ਪੀ. ਨੂੰ ਪੰਜਾਬ ਸਰਕਾਰ ਵੱਲੋਂ ਹੁਕਮ ਆਇਆ ਹੋਵੇਗਾ ਤਾਂ ਹੀ ਉਕਤ ਗੋਲੀ ਕਾਂਡ ਹੋਇਆ। ਉਨ੍ਹਾਂ ਕਿਹਾ ਕਿ ਗੋਲੀ ਕਾਂਡ ਲਈ ਸਿੱਧੇ ਤੌਰ ‘ਤੇ ਤਤਕਾਲੀਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਜ਼ਿੰਮੇਵਾਰ ਹਨ। ਜੇਕਰ ਮੌਜੂਦਾ ਪੰਜਾਬ ਸਰਕਾਰ ਬਾਦਲ ਪਿਉ-ਪੁੱਤਰ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਤਾਂ ਇਸ ਤੋਂ ਸਾਫ ਹੋ ਜਾਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਵਿਚਕਾਰ ਗੰਢ-ਸੰਢ ਹੈ, ਜਿਸ ਕਾਰਨ ਇਸ ਗੋਲੀ ਕਾਂਡ ਦਾ ਸਾਰਾ ਜ਼ਿੰਮਾ ਪੰਜਾਬ ਪੁਲਸ ਸਿਰ ਪਾਇਆ ਜਾ ਰਿਹਾ। ਕਿੰਨੀ ਹੈਰਾਨੀ ਦੀ ਗੱਲ ਹੈ ਕਿ 2 ਕਤਲ ਕੇਸਾਂ ’ਚ ਸਾਬਕਾ ਡੀ. ਜੀ. ਪੀ. ਦਾ ਨਾਂ ਆਉਣ ਦੇ ਬਾਵਜੂਦ ਅਜੇ ਤੱਕ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਸੁਮੇਧ ਸੈਣੀ ਖਿਲਾਫ ਮੂੰਹ ਨਹੀਂ ਖੋਲਿ੍ਹਆ, ਜਿਸ ਤੋਂ ਸਾਫ਼ ਹੈ ਕਿ ਬਾਦਲ ਸਰਕਾਰ ਸੁਮੇਧ ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਵਰਗੇ ਪੁਲਸ ਅਧਿਕਾਰੀਆਂ ਦੀ ਵਰਤੋਂ ਕਰਦੀ ਆਈ ਹੈ ਅਤੇ ਪਤਾ ਨਹੀਂ ਕਿੰਨੇ ਬੇਕਸੂਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾÇ ਗਆ ਹੈ। ਉਨ੍ਹਾਂ ਮੰਗ ਕੀਤੀ ਕਿ ਐੱਸ. ਆਈ. ਟੀ. ਤੁਰੰਤ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਵਿਚ ਬਾਦਲ ਪਿਉ-ਪੁੱਤਰ ਖ਼ਿਲਾਫ਼ ਕੇਸ ਦਰਜ ਕਰੇ।

ਇਹ ਵੀ ਪੜ੍ਹੋ: ਜਿਗਰੀ ਦੋਸਤ ਹੀ ਨਿਕਲੇ ਦੁਸ਼ਮਣ, ਨੌਜਵਾਨ ਦਾ ਕਤਲ ਕਰਕੇ ਸਕੂਟਰੀ ਸਣੇ ਵੇਈਂ 'ਚ ਸੁੱਟੀ ਲਾਸ਼


author

shivani attri

Content Editor

Related News