ਖਹਿਰਾ ਲਈ ਮੁਸੀਬਤ ਖੜ੍ਹੀ ਕਰ ਸਕਦੈ ਸ਼ਬਦ ''ਭਾਬੀ''!

Sunday, Aug 05, 2018 - 05:15 AM (IST)

ਖਹਿਰਾ ਲਈ ਮੁਸੀਬਤ ਖੜ੍ਹੀ ਕਰ ਸਕਦੈ ਸ਼ਬਦ ''ਭਾਬੀ''!

ਲੁਧਿਆਣਾ(ਜ. ਬ.)-ਆਮ ਆਦਮੀ ਪਾਰਟੀ ਦੇ ਤੇਜ਼-ਤਰਾਰ ਭੁਲੱਥ ਤੋਂ ਵਿਧਾਇਕ ਤੇ ਵਿਰੋਧੀ ਧਿਰ ਦੀ ਕੁਰਸੀ ਤੋਂ ਲਾਂਭੇ ਕੀਤੇ ਸੁਖਪਾਲ ਸਿੰਘ ਖਹਿਰਾ ਵਲੋਂ ਬਠਿੰਡੇ ਦੀ ਧਰਤੀ 'ਤੇ ਕੀਤੀ ਰੈਲੀ 'ਚ ਜੋ ਸ਼ਬਦ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੱਲ ਇਸ਼ਾਰਾ ਕਰ ਕੇ ਸਟੇਜ 'ਤੇ ਬੋਲੇ ਹਨ ਕਿ ਦਿੱਲੀ ਵਾਲਿਆਂ ਨੇ ਜੋ ਵਿਰੋਧੀ ਧਿਰ ਦਾ ਨੇਤਾ ਬਣਾਇਆ ਹੈ, ਉਸ ਨੂੰ ਲੋਕ ਹੁਣ ਤੋਂ 'ਭਾਬੀ' ਆਖਣ ਲੱਗ ਪਏ ਹਨ। 'ਭਾਬੀ' ਸ਼ਬਦ ਸੁਣ ਕੇ ਨੌਜਵਾਨ ਪੀੜ੍ਹੀ ਸੋਚਣ ਲੱਗ ਪਈ ਕਿ ਖਹਿਰਾ ਨੇ 'ਭਾਬੀ' ਸ਼ਬਦ ਕਿਉਂ ਕਿਹਾ ਹੈ, ਜਦੋਂ ਕਿ ਸਿਆਣੇ ਲੋਕ ਤਾਂ ਉਸ ਵੇਲੇ ਸਮਝ ਗਏ ਸੀ ਕਿ ਖਹਿਰਾ ਕਿਹੜੇ ਸਟੇਸ਼ਨ ਤੋਂ ਬੋਲ ਰਹੇ ਹਨ, ਕਿਉਂਕਿ ਪੰਜਾਬ ਦੇ ਪਿੰਡਾਂ 'ਚ ਗਰੀਬ ਤੇ ਦਲਿਤ ਵੀਰ ਦੀ ਘਰ ਵਾਲੀ ਨੂੰ ਹਰ ਪਿੰਡ ਦਾ ਵਿਅਕਤੀ ਮਜ਼ਾਕ ਨਾਲ 'ਭਾਬੀ' ਆਖਦਾ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਹੈ। ਖਹਿਰਾ ਵੱਲੋਂ ਬੋਲੇ ਗਏ ਸਟੇਜ ਤੋਂ ਭਾਬੀ ਸ਼ਬਦ ਨਾਲ ਪੰਜਾਬ 'ਚ ਬੈਠੇ ਲੱਖਾਂ ਦਲਿਤ ਪਰਿਵਾਰਾਂ ਨੂੰ ਸਿੱਧੀ ਚੋਟ ਵੱਜਣਾ ਸੁਭਾਵਿਕ ਹੈ। ਭਾਵੇਂ ਦਲਿਤ ਭਾਈਚਾਰਾ ਇਸ ਸਮੇਂ ਚੁੱਪ ਧਾਰੀ ਬੈਠਾ ਹੈ ਪਰ ਰਾਜਸੀ ਮਾਹਿਰਾਂ ਨੇ ਕਿਹਾ ਕਿ ਖਹਿਰੇ ਵੱਲੋਂ 'ਭਾਬੀ' ਸ਼ਬਦ ਬੋਲ ਕੇ ਆਪਣੇ ਆਪ ਨੂੰ ਧਨਾਢ ਤੇ ਵੱਡੇ ਘਰਾਣੇ ਦਾ ਹੋਣ ਦਾ ਜੋ ਇਕ ਤਰ੍ਹਾਂ ਨਾਲ ਪ੍ਰਗਟਾਵਾ ਕੀਤਾ ਹੈ ਇਸ ਦਾ ਵੱਡਾ ਰਾਜਸੀ ਨੁਕਸਾਨ ਵੀ ਸਬੱਬ ਬਣ ਸਕਦਾ ਹੈ। ਕਿਉਂਕਿ ਦਲਿਤ ਦੇ ਵੋਟ ਦੀ ਤਾਕਤ ਖਾਸ ਕਰ ਕੇ ਦੋਆਬੇ ਵਿਚ ਵੱਡਾ ਸਥਾਨ ਰੱਖਦੀ ਹੈ।


Related News