ਸਾਬਕਾ ਫੌਜੀਆਂ ਵਲੋਂ ਖਹਿਰਾ ਨੂੰ ਵਿਧਾਨ ਸਭਾ 'ਚੋਂ ਬਰਖਾਸਤ ਦੀ ਮੰਗ
Monday, Feb 18, 2019 - 05:51 PM (IST)
ਬੇਗੋਵਾਲ (ਰਜਿੰਦਰ ਕੁਮਾਰ) : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਭਾਰਤੀ ਫੌਜ ਬਾਰੇ ਕੀਤੀ ਬਿਆਨਬਾਜ਼ੀ ਖਿਲਾਫ ਹਲਕਾ ਭੁਲੱਥ ਦੇ ਕਸਬਾ ਬੇਗੋਵਾਲ ਵਿਚ ਸਾਬਕਾ ਫੌਜੀ ਲਾਮਬੰਦ ਹੋ ਗਏ, ਜਿਸ ਨੂੰ ਮੁੱਖ ਰੱਖਦਿਆਂ ਸਾਬਕਾ ਫੌਜੀਆਂ ਨੇ ਬੇਗੋਵਾਲ ਵਿਚ ਮੀਟਿੰਗ ਕੀਤੀ। ਇਸ ਮੀਟਿੰਗ 'ਚ ਸਾਬਕਾ ਫੌਜੀਆਂ ਨੇ ਖਹਿਰਾ ਖਿਲਾਫ ਮਾਣਹਾਨੀ ਅਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਵਾਉਣ ਦਾ ਫੈਸਲਾ ਲਿਆ। ਇਸ ਮੌਕੇ ਕੈਪਟਨ ਬਲਕਾਰ ਸਿੰਘ ਨੇ ਕਿਹਾ ਕਿ ਸਾਡੀ ਸਾਰੀ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਅਸੀਂ 23 ਫਰਵਰੀ ਨੂੰ ਦੁਪਹਿਰ 1 ਵਜੇ ਵਿਸ਼ਾਲ ਇਕੱਠ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਦੀਵਾਨ ਹਾਲ ਵਿਚ ਕਰਾਂਗੇ ਅਤੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਦੋਵਾਂ ਨੂੰ ਵਿਧਾਨ ਸਭਾ ਵਿਚ ਬੈਠਣ ਦਿੱਤਾ ਤਾਂ ਅਸੀਂ ਹੰਗਾਮੇ ਨੂੰ ਹੋਰ ਵਧਾਵਾਂਗੇ। ਭਾਂਵੇ ਸਾਨੂੰ ਹਾਈਕੋਰਟ ਵਿਚ ਜਾਣਾ ਪਵੇ ਜਾਂ ਸੁਪਰੀਮ ਕੋਰਟ ਵਿਚ।
ਉਨ੍ਹਾਂ ਕਿਹਾ ਕਿ ਮੈਂ ਐੱਸ. ਐੱਸ. ਪੀ. ਕਪੂਰਥਲਾ ਨੂੰ ਬੇਨਤੀ ਕਰਦਾ ਹਾਂ ਕਿ ਸੁਖਪਾਲ ਸਿੰਘ ਖਹਿਰਾ ਖਿਲਾਫ ਦੇਸ਼ਧ੍ਰੋਹੀ ਦਾ ਕੇਸ ਦਰਜ ਕੀਤਾ ਜਾਵੇ ਕਿ ਇਸ ਨੇ ਫੌਜੀਆਂ ਨੂੰ ਬਦਨਾਮ ਕਿਉਂ ਕੀਤਾ ਹੈ। ਇਸ ਮੌਕੇ ਸਾਬਕਾ ਫੌਜੀ ਜਗਜੀਤ ਸਿੰਘ ਖਾਸਰੀਆ ਨੇ ਕਿਹਾ ਕਿ ਖਹਿਰਾ ਦੇ ਬਿਆਨ ਦੀ ਅਸੀਂ ਘੋਰ ਨਿੰਦਿਆ ਕਰਦੇ ਹਾਂ। ਜਗਜੀਤ ਖਾਸਰੀਆ ਨੇ ਕਿਹਾ ਕਿ ਅਸੀਂ 23 ਫਰਵਰੀ ਨੂੰ ਇਸ ਦੇ ਖਿਲਾਫ ਵੱਡਾ ਇਕੱਠ ਕਰਕੇ ਇਸ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਵਾਂਗੇ ਅਤੇ ਇਸ ਦੇ ਪੁਤਲੇ ਸਾੜ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਖਹਿਰਾ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਫੌਜੀਆਂ ਦਾ ਮਨੋਬਲ੍ਹ ਡੇਗਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕੈਪਟਨ ਹਨ, ਉਨ੍ਹਾਂ ਨੂੰ ਪਤਾ ਹੈ ਕਿ ਆਰਮੀ ਕਿਵੇਂ ਕੰਮ ਕਰਦੀ ਹੈ ਉਨ੍ਹਾਂ ਨੂੰ ਇਸ ਸੰਬੰਧ 'ਚ ਕਾਰਵਾਈ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਵਿਚੋਂ ਖਾਰਿਜ਼ ਕਰਨਾ ਚਾਹੀਦਾ ਹੈ ਅਤੇ ਸੁਖਪਾਲ ਖਹਿਰਾ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਫੌਜੀ ਬਲਵੀਰ ਸਿੰਘ ਬਾਲਾਪੀਰ, ਕੈਪਟਨ ਸੁਰਜੀਤ ਸਿੰਘ, ਸੂਬੇ. ਫਕੀਰ ਸਿੰਘ, ਕੈਪਟਨ ਜਗਤਾਰ ਸਿੰਘ, ਸੂਬੇ. ਬਲਵੰਤ ਸਿੰਘ ਅਤੇ ਵੱਡੀ ਗਿਣਤੀ ਵਿਚ ਸਾਬਕਾ ਫੌਜੀ ਹਾਜ਼ਰ ਸਨ।