ਖਹਿਰਾ ਵਲੋਂ ਛੋਟੇਪੁਰ ਨੂੰ ਆਪਣਾ ਬਣਾਉਣ ਦੀ ਤਿਆਰੀ

02/05/2019 10:20:34 PM

ਮੋਹਾਲੀ,(ਨਿਆਮੀਆਂ) : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਆਮ ਆਦਮੀ ਪਾਰਟੀ ਦੇ ਪੀੜਤ ਅਤੇ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਡੈਮੋਕ੍ਰੇਟਿਵ ਅਲਾਂਇਸ ਵਿਚ ਸ਼ਾਮਲ ਕਰਨ ਲਈ ਅੱਜ ਉਨ੍ਹਾ ਦੇ ਮੋਹਾਲੀ ਫੇਜ਼-11 ਵਿਚ ਸਥਿਤ ਰਿਹਾਇਸ਼ 'ਤੇ ਲਗਭਗ ਇਕ ਘੰਟਾ ਮੀਟਿੰਗ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਇਕ ਇਮਾਨਦਾਰ ਅਤੇ ਸਾਫ ਸੁਥਰੀ ਸਖ਼ਸ਼ੀਅਤ ਦੇ ਮਾਲਕ ਹਨ। ਉਨ੍ਹਾਂ ਦੀ ਸੋਚ ਪੰਜਾਬ ਡੈਮੋਕ੍ਰੇਟਿਵ ਅਲਾਂਇਸ ਨਾਲ ਮੇਲ ਖਾਂਦੀ ਹੈ, ਇਸ ਲਈ ਉਹ ਅੱਜ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਆਏ ਹਨ। ਛੋਟੇਪੁਰ ਨਾਲ ਹੋਈ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਮੀਟਿੰਗ ਹੈ, ਉਨ੍ਹਾਂ ਨਾਲ ਇਸ ਬਾਰੇ ਵਿਸਥਾਰ ਸਹਿਤ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਡੈਮੋਕਰੇਟਿਵ ਅਲਾਂਇਸ ਦੀ ਵਿਚਾਰਧਾਰਾਂ ਨਾਲ ਸਹਿਮਤੀ ਪ੍ਰਗਟਾਈ ਹੈ। ਉਹ ਦੋ ਚਾਰ ਦਿਨਾਂ ਵਿੱਚ ਆਪਣੀ ਪਾਰਟੀ ਦੀ ਮੀਟਿੰਗ ਬੁਲਾਉਣਗੇ ਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਕੇ ਹੀ ਇਸ 'ਤੇ ਕੋਈ ਫੈਸਲਾ ਲੈ ਸਕਦੇ ਹਨ। ਇਸ ਦੀ ਸੁੱਚਾ ਸਿੰਘ ਛੋਟੇਪੁਰ ਨੇ ਵੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਲਾਂਇਸ ਉਨ੍ਹਾਂ ਸਾਰੇ ਉਮੀਦਵਾਰਾਂ ਦਾ ਸਵਾਗਤ ਕਰੇਗਾ, ਜੋ ਪੰਜਾਬ ਹਿਤਾਇਸੀ ਅਤੇ ਕਾਂਗਰਸ, ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇ 
ਵਿਰੁਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਡੈਮੋਕ੍ਰੇਟਿਵ ਅਲਾਂਇਸ ਦੀ ਮੀਟਿੰਗ ਵਿੱਚ ਲੋਕ ਸਭਾ ਦੀਆਂ 5 ਸੀਟਾਂ ਤੇ ਚੋਣ ਲਈ ਨਾਵਾਂ 'ਤੇ ਸਹਿਮਤੀ ਬਣੀ ਹੈ, ਜਿਊਂ ਹੀ ਚੋਣਾ ਨੇੜੇ ਆਉਣਗੀਆਂ ਬਾਕੀ ਸੀਟਾਂ 'ਤੇ ਵੀ ਸਹਿਮਤੀ ਬਣ ਜਾਵੇਗੀ। ਬੀ. ਐੱਸ. ਪੀ. ਦੇ ਸ਼ਾਮਲ ਹੋਣ 'ਤੇ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨਣ ਬਾਰੇ ਪੁਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਬਾਰੇ ਡੈਮੋਕ੍ਰੇਟਿਵ ਅਲਾਂਇਸ ਦੀ ਮੀਟਿੰਗ ਵਿੱਚ ਫੈਸਲਾ ਹੋਵੇਗਾ। ਉਨ੍ਹਾਂ ਦੇ ਆਗੂਆਂ ਦੀ ਜਦੋਂ ਭੈਣ ਮਾਇਆਵਤੀ ਨਾਲ ਮੁਲਾਕਾਤ ਹੋਵੇਗੀ ਤਾਂ ਉਨ੍ਹਾਂ ਨੂੰ ਡੈਮੋਕਰੇਟਿਵ ਅਲਾਂਇਸ ਦੇ ਟੀਚਿਆਂ ਬਾਰੇ ਦੱਸਿਆ ਜਾਵੇਗਾ, ਜੇਕਰ ਉਹ ਡੈਮੋਕ੍ਰੇਟਿਵ ਅਲਾਂਇਸ ਦੀਆਂ ਭਾਵਨਾਵਾਂ ਨਾਲ ਸਹਿਮਤ ਹੋਣਗੇ ਤਾਂ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ ਕਿ ਔਰਤ ਅਤੇ ਦਲਿਤਾਂ ਭਰਾਵਾਂ ਦੀ ਵੱਡੀ ਆਗੂ ਦੇਸ਼ ਦੀ ਪ੍ਰਧਾਨ ਮੰਤਰੀ ਬਣੇ। ਇਕ ਪਾਰਟੀ ਦਾ ਬਣਾਉਣ ਲਈ ਦਰਬਾਰ ਸਾਹਿਬ ਜਾਕੇ ਪਰਚੀ ਪਾਕੇ ਪ੍ਰਧਾਨ ਬਣਾਉਣ ਦੇ ਛੋਟੇਪੁਰ ਦੇ ਸਝਾਓ ਸਬੰਧੀ ਪੁਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਕ ਝੰਡਾ, ਇਕ ਸੰਵਿਧਾਨ ਅਤੇ ਇਕ ਪ੍ਰਧਾਨ ਬਣਾਉਣੇ ਹਾਲੇ ਸੰਭਵ ਨਹੀਂ ਕਿਉਂਕਿ ਲੋਕ ਸਭਾ ਚੋਣਾਂ ਸਿਰ 'ਤੇ ਹਨ ਹਾਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਇਹ ਸਭੰਵ ਹੋ ਸਕਦਾ ਹੈ।


Related News