ਅਰੂਸਾ ਨੂੰ ਰੱਖਣ ਮੌਕੇ ਕੈਪਟਨ ਨੂੰ ਯਾਦ ਨਹੀਂ ਆਉਂਦੀ ਦੇਸ਼ ਦੀ ਸਕਿਓਰਿਟੀ : ਖਹਿਰਾ
Thursday, Dec 13, 2018 - 04:47 PM (IST)

ਸੰਗਰੂਰ(ਪ੍ਰਿੰਸ)— ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਤਲਵੰਡੀ ਸਾਬੋ ਤੋਂ ਸ਼ੁਰੂ ਹੋਇਆ ਇਨਸਾਫ ਮਾਰਚ ਵੱਖ-ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਅੱਜ ਸੰਗਰੂਰ ਪਹੁੰਚ ਗਿਆ ਹੈ, ਜਿਸ ਦੀ ਸਮਾਪਤੀ 16 ਤਰੀਕ ਨੂੰ ਪਟਿਆਲਾ ਵਿਚ ਹੋਵੇਗੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਵਾਲੇ ਜਨਰਲ ਜੇ.ਜੇ. ਸਿੰਘ ਦੇ ਅਸਤੀਫੇ 'ਤੇ ਕਿਹਾ ਕਿ ਅਕਾਲੀ ਦਲ ਹੁਣ ਸੁਖਬੀਰ ਬਾਦਲ ਦੀ ਪ੍ਰਾਈਵੇਟ ਕੰਪਨੀ ਬਣ ਕੇ ਰਹਿ ਗਿਆ ਹੈ। ਖਹਿਰਾ ਨੇ ਕਿਹਾ ਕਿ ਮੈਂ ਸਾਰੇ ਅਕਾਲੀਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਜੇ.ਜੇ. ਸਿੰਘ ਨੇ ਕੀਤਾ ਹੈ, ਇਨ੍ਹਾਂ ਸਾਰਿਆਂ ਨੂੰ ਕਰਨਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਵਲੋਂ ਕਰਤਾਰਪੁਰ ਲਾਂਘੇ 'ਤੇ ਦਿੱਤੇ ਬਿਆਨ 'ਤੇ ਖਹਿਰਾ ਨੇ ਕਿਹਾ ਕਿ ਕੈਪਟਨ ਸਾਬ੍ਹ ਅੱਜ ਭਾਜਪਾ ਦੀ ਬੋਲੀ ਬੋਲ ਰਹੇ ਹਨ। ਉਨ੍ਹਾਂ ਨੇ ਲਾਂਘੇ 'ਤੇ ਜੋ ਬਿਆਨ ਦਿੱਤਾ ਹੈ ਉਹ ਗਲਤ ਹੈ, ਕਿਉਂਕਿ ਲੰਬੇ ਸਮੇਂ ਤੋਂ ਸਿੱਖਾਂ ਵਲੋਂ ਕੀਤੀ ਜਾ ਰਹੀ ਅਰਦਾਸ ਪੂਰੀ ਹੋਣ ਜਾ ਰਹੀ ਹੈ। ਜੇਕਰ ਉਨ੍ਹਾਂ ਨੂੰ ਇੰਨਾ ਹੀ ਦੁੱਖ ਹੈ ਤਾਂ ਉਨ੍ਹਾਂ ਨੇ ਪਾਕਿਸਤਾਨੀ ਔਰਤ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਕਿਉਂ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਰੂਸਾ ਆਲਮ ਨੂੰ ਘਰ ਰੱਖਣ ਮੌਕੇ ਉਨ੍ਹਾਂ ਨੂੰ ਦੇਸ਼ ਦੀ ਸਕਿਓਰਿਟੀ ਦਾ ਚੇਤਾ ਕਿਉਂ ਨਹੀਂ ਆਉਂਦਾ।